ਕਾਂਗਰਸ ਲੀਡਰਸ਼ਿਪ ਨੇ ਪੰਜਾਬ ’ਚ ਹੁਣ ਅਨੁਸ਼ਾਸਨ ਸਖ਼ਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼
Thursday, Sep 02, 2021 - 02:49 AM (IST)
 
            
            ਜਲੰਧਰ(ਧਵਨ)– ਕਾਂਗਰਸ ਦੀ ਲੀਡਰਸ਼ਿਪ ਨੇ ਪੰਜਾਬ ਵਿਚ ਹੁਣ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਸੰਕੇਤ ਦਿੱਤੇ ਹਨ। ਕਾਂਗਰਸ ਦੇ ਸੂਤਰਾਂ ਨੇ ਬੁੱਧਵਾਰ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਿਉਂਕਿ ਨੇੜੇ ਆ ਰਹੀਆਂ ਹਨ, ਇਸ ਲਈ ਕਾਂਗਰਸ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਪਾਰਟੀ ਆਗੂਆਂ ਜਾਂ ਮੰਤਰੀਆਂ ਵੱਲੋਂ ਅਨੁਸ਼ਾਸਨਹੀਣਤਾ ਸਾਹਮਣੇ ਆਏ। ਇਹੀ ਕਾਰਨ ਹੈ ਕਿ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਰੀਸ਼ ਰਾਵਤ ਨੂੰ ਪੰਜਾਬ ਦੇ ਦੌਰੇ ’ਤੇ ਭੇਜਿਆ ਹੈ।
ਇਹ ਵੀ ਪੜ੍ਹੋ- 'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਸੁਖਬੀਰ ਬਾਦਲ ਕਰਨਗੇ ਧਰਮਕੋਟ ਤੇ ਮੋਗਾ ਦਾ ਦੌਰਾ
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਸੋਨੀਆ ਅਤੇ ਰਾਹੁਲ ਨੇ ਹਰੀਸ਼ ਰਾਵਤ ਨੂੰ ਇਹ ਸੰਦੇਸ਼ ਦੇ ਕੇ ਭੇਜਿਆ ਹੈ ਕਿ ਅਨੁਸ਼ਾਸਨਹੀਣਤਾ ਵਰਗੇ ਮਾਮਲਿਆਂ ਨਾਲ ਸਖ਼ਤੀ ਨਾਲ ਕਾਂਗਰਸ ਨਜਿੱਠੇਗੀ। ਜਿਹੜਾ ਵੀ ਅਨੁਸ਼ਾਸਨਹੀਣਤਾ ਦਿਖਾਏਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ, ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਰਾਵਤ ਨੂੰ ਵੀ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦਿਖਾਉਣ ਵਾਲੇ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਪਏ ਤਾਂ ਉਹ ਆਜ਼ਾਦ ਹਨ। ਰਾਵਤ ਨੇ ਬੁੱਧਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਨਾਲ ਮੁਲਾਕਾਤ ਕੀਤੀ।
ਸੂਤਰਾਂ ਨੇ ਕਿਹਾ ਕਿ ਰਾਵਤ ਨੇ ਅੰਦਰਖਾਤੇ ਆਪਣੇ ਵਿਚਾਰਾਂ ਤੋਂ ਨਵਜੋਤ ਿਸੰਘ ਸਿੱਧੂ ਦੀ ਟੀਮ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਕੀ ਚਾਹੁੰਦੀ ਹੈ ਅਤੇ ਉਨ੍ਹਾਂ ਦੀਆਂ ਕੀ ਇੱਛਾਵਾਂ ਹਨ। ਰਾਵਤ ਨੇ ਇਹ ਵੀ ਸੰਦੇਸ਼ ਦੇ ਦਿੱਤਾ ਹੈ ਕਿ ਵਾਦ-ਵਿਵਾਦ ਵਾਲੇ ਮਸਲਿਆਂ ਤੋਂ ਨਵਜੋਤ ਸਿੱਧੂ ਦੀ ਟੀਮ ਖੁਦ ਨੂੰ ਦੂਰ ਰੱਖੇ। ਕਾਂਗਰਸ ਦਾ ਮੰਨਣਾ ਹੈ ਕਿ ਇਸ ਸਮੇਂ ਪੰਜਾਬ ਵਿਚ ਪਾਰਟੀ ਅਤੇ ਸਰਕਾਰ ਅੰਦਰ ਤਾਲਮੇਲ ਵਧਾਇਆ ਜਾਏ ਅਤੇ ਵਿਧਾਨ ਸਭਾ ਚੋਣਾਂ ਵੱਲ ਦੋਵਾਂ ਧਿਰਾਂ ਨੂੰ ਚਲਾਇਆ ਜਾਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਿਧਾਨ ਸਭਾ ਚੋਣਾਂ ਲੜਨ ਦੀ ਜਿਹੜੀ ਗੱਲ ਕਹੀ ਹੈ, ਉਸ ’ਤੇ ਉਹ ਅਜੇ ਵੀ ਕਾਇਮ ਹਨ। ਰਾਵਤ ਇਕ ਹੰਢੇ ਹੋਏ ਸਿਆਸਤਦਾਨ ਹਨ ਅਤੇ ਉਨ੍ਹਾਂ ਦੇ ਇਕ-ਇਕ ਬਿਆਨ ਦਾ ਗੂੜ੍ਹਾ ਅਰਥ ਹੁੰਦਾ ਹੈ।
ਇਹ ਵੀ ਪੜ੍ਹੋ- ਵਾਧੂ ਪਟਵਾਰ ਸਰਕਲਾਂ ’ਚ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ ਪਟਵਾਰੀ
ਕੁੱਲ ਮਿਲਾ ਕੇ ਆਉਣ ਵਾਲੇ ਕੁਝ ਦਿਨਾਂ ਵਿਚ ਇਹ ਪਤਾ ਲੱਗੇਗਾ ਕਿ ਰਾਵਤ ਦੇ ਦੌਰੇ ਦਾ ਕਿੰਨਾ ਅਸਰ ਕਾਂਗਰਸੀਆਂ ’ਤੇ ਰਹਿੰਦਾ ਹੈ। ਜੇ ਭਵਿੱਖ ਵਿਚ ਅਨੁਸ਼ਾਸਨਹੀਣਤਾ ਦੀਆਂ ਸ਼ਿਕਾਇਤਾਂ ਦਿੱਲੀ ਦਰਬਾਰ ਤੱਕ ਪੁੱਜੀਆਂ ਤਾਂ ਸਖ਼ਤ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            