ਕਾਂਗਰਸੀ ਆਗੂ ਨੇ ਜਾਣਾ ਸੀ ਮਾਂ ਵੈਸ਼ਣੋ ਦੇਵੀ ਦਰਬਾਰ, ਟਿਕਟਾਂ ਬੁੱਕ ਕਰਨ ਵੇਲੇ ਜੋ ਹੋਇਆ, ਤੁਸੀਂ ਵੀ ਰਹਿ ਜਾਵੋਗੇ ਹੈਰਾਨ

03/11/2023 10:01:50 AM

ਲੁਧਿਆਣਾ (ਰਿੰਕੂ) : ਇੰਟਰਨੈੱਟ ਦੇ ਇਸ ਯੁਗ ’ਚ ਜਿੱਥੇ ਨਵੇਂ ਰਿਕਾਰਡ ਸਥਾਪਿਤ ਹੋ ਰਹੇ ਹਨ, ਉੱਥੇ ਸਾਈਬਰ ਠੱਗ ਵੀ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਠੱਗੀ ਮਾਰਨ ’ਚ ਪੂਰੀ ਤਰ੍ਹਾਂ ਸਫ਼ਲ ਦਿਖਾਈ ਦੇ ਰਹੇ ਹਨ। ਹਾਲਾਂਕਿ ਇਨ੍ਹਾਂ ਸਾਈਬਰ ਠੱਗਾਂ ਨੂੰ ਫੜ੍ਹਨ ਲਈ ਦੇਸ਼ ਅਤੇ ਸੂਬੇ, ਜ਼ਿਲ੍ਹਾ ਪੱਧਰ ’ਤੇ ਸਾਈਬਰ ਵਿੰਗ ਵੀ ਸਥਾਪਿਤ ਕੀਤੇ ਹੋਏ ਹਨ। ਇਸ ਦੇ ਬਾਵਜੂਦ ਆਨਲਾਈਨ ਠੱਗੀ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਸਾਈਬਰ ਵਿੰਗ ਸਫ਼ੈਦ ਹਾਥੀ ਸਾਬਿਤ ਹੁੰਦਾ ਦਿੱਸਦਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ’ਚ ਹੋਇਆ, ਜਿੱਥੇ ਠੱਗਾਂ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪਰਮਿੰਦਰ ਮਹਿਤਾ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਨਾਲ ਆਨਲਾਈਨ ਠੱਗੀ ਕੀਤੀ। ਪਰਮਿੰਦਰ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਂ ਵੈਸ਼ਣੋ ਦੇਵੀ ਜੀ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਦੀ ਟਿਕਟ ਬੁੱਕ ਕਰਨ ਲਈ 3 ਮਾਰਚ ਨੂੰ ਇੰਟਰਨੈੱਟ ਜ਼ਰੀਏ ਸ਼੍ਰਾਈਨ ਬੋਰਡ ਦੇ ਨਾਂ ਵਾਲੀ ਇਕ ਵੈੱਬਸਾਈਟ ’ਤੇ ਕਲਿੱਕ ਕੀਤਾ। ਇਸ ਤੋਂ ਬਾਅਦ ਸਾਹਮਣੇ ਦਿਸੇ ਮੋਬਾਇਲ ਨੰਬਰ 89611-63537 ’ਤੇ ਜਦੋਂ ਕਾਲ ਕੀਤੀ ਤਾਂ ਉੱਥੋਂ ਉਨ੍ਹਾਂ ਦੇ ਨੰਬਰ ’ਤੇ ਅਗਲੇ ਦਿਨ ਬੈਕ ਕਾਲ ਆਈ ਅਤੇ ਉਨ੍ਹਾਂ ਨੇ ਹੈਲੀਕਾਪਟਰ ਬੁਕਿੰਗ ਸਬੰਧੀ ਪੂਰੇ ਦਸਤਾਵੇਜ਼ ਲੈ ਕੇ 2 ਟਿਕਟਾਂ ਦੇ ਗੂਗਲ ਜ਼ਰੀਏ 6920 ਰੁਪਏ ਹਾਸਲ ਕਰ ਲਏ ਗਏ। ਇਸ ਤੋਂ ਬਾਅਦ ਹੈਲੀਕਾਪਟਰ ਬੁਕਿੰਗ ਦੀਆਂ 2 ਟਿਕਟਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ ਬਣਾ ਕੇ ਭੇਜੀਆਂ ਦਿੱਤੀਆਂ ਗਈਆਂ, ਜਿਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਫਿਰ ਉੱਥੋਂ ਹੀ ਕਾਲ ਆਈ ਅਤੇ ਇੰਸ਼ੋਰੈਂਸ ਲਈ 8 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਹਿੰਦੇ ਹੋਏ ਦੱਸਿਆ ਕਿ ਇਸ ਵਿਚ ਕੁੱਝ ਰਕਮ ਕੱਟਣ ਤੋਂ ਬਾਅਦ ਬਾਕੀ ਦੀ ਪੇਮੈਂਟ ਰਿਫੰਡ ਹੋ ਜਾਵੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗੀ G-20 ਮੀਟਿੰਗ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਅਹਿਮ ਫ਼ੈਸਲਾ

ਮਹਿਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ’ਤੇ ਸ਼ੱਕ ਪਿਆ ਤਾਂ ਉਨ੍ਹਾਂ ਨੇ ਕੰਮ ਕਰਨ ਵਾਲੇ ਸ਼ਖਸ ਨੂੰ ਸਵਾਲ ਕੀਤਾ ਕਿ ਅਜਿਹਾ ਤਾਂ ਉਨ੍ਹਾਂ ਨੇ ਕਿਤੇ ਨਹੀਂ ਸੁਣਿਆ, ਜਿਸ ’ਤੇ ਉਹ ਗੋਲ-ਮੋਲ ਜਵਾਬ ਦਿੰਦੇ ਹੋਏ ਉਨ੍ਹਾਂ ’ਤੇ ਪੇਮੈਂਟ ਜਮ੍ਹਾਂ ਕਰਵਾਉਣ ਦਾ ਦਬਾਅ ਪਾਉਣ ਲੱਗਾ। ਮਨ੍ਹਾਂ ਕਰਨ ’ਤੇ ਸ਼ਖ਼ਸ ਨੇ ਫੋਨ ਕੱਟ ਦਿੱਤਾ। ਮਹਿਤਾ ਨੇ ਕਿਹਾ ਕਿ ਠੱਗੀ ਦਾ ਸ਼ੱਕ ਹੋਣ ’ਤੇ ਉਨ੍ਹਾਂ ਵਲੋਂ ਫਿਰ ਸ਼੍ਰਾਈਨ ਬੋਰਡ ਦਾ ਨਾਂ ਪਤਾ ਕਰ ਕੇ ਉੱਥੇ ਹੈਲਪਲਾਈਨ ਨੰਬਰ ’ਤੇ ਗੱਲ ਕਰ ਕੇ ਉਨ੍ਹਾਂ ਨੂੰ ਟਿਕਟਾਂ ਦਾ ਵੇਰਵਾ ਦੱਸਦੇ ਹੋਏ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਟਿਕਟਾਂ ਫਰਜ਼ੀ ਹਨ ਅਤੇ ਜਿਸ ਵੈੱਬਸਾਈਟ ਜ਼ਰੀਏ ਤੁਹਾਨੂੰ ਕਾਲ ਆਈ ਹੈ, ਉਹ ਵੈੱਬਸਾਈਟ ਅਤੇ ਕਾਲ ਕਰਨ ਵਾਲਾ ਸ਼ਖਸ ਫਰਾਡ ਹੈ। ਅਜਿਹੇ ਕਈ ਠੱਗੀ ਹੋਣ ਦੇ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਆ ਰਹੇ ਹਨ ਅਤੇ ਸ਼੍ਰਾਈਨ ਬੋਰਡ ਵਲੋਂ ਇਸ ਦੀ ਸ਼ਿਕਾਇਤ ਕਰ ਕੇ ਵੈੱਬਸਾਈਟਾਂ ਬਲਾਕ ਵੀ ਕਰਵਾਈਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਠੱਗ ਨਵੀਂ ਵੈੱਬਸਾਈਟ ਅਤੇ ਤਰੀਕੇ ਲੱਭ ਕੇ ਲੋਕਾਂ ਨੂੰ ਠੱਗ ਰਹੇ ਹਨ।

ਇਹ ਵੀ ਪੜ੍ਹੋ : ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ, ਨਵਜਾਤ ਬੱਚੇ ਨੂੰ ਕੂੜੇ ਦੇ ਢੇਰ 'ਤੇ ਸੁੱਟਿਆ

ਮਹਿਤਾ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਉਨ੍ਹਾਂ ਵਲੋਂ ਠੱਗੀ ਦੀ ਸ਼ਿਕਾਇਤ ਤਾਂ ਦਰਜ ਕਰਵਾ ਦਿੱਤੀ ਗਈ ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਕੋਈ ਅਪਡੇਟ ਜਾਂ ਜਾਣਕਾਰੀ ਨਾ ਮਿਲਣ ’ਤੇ ਉਨ੍ਹਾਂ ਵਲੋਂ ਲੁਧਿਆਣਾ ਸਾਈਬਰ ਕ੍ਰਾਈਮ ਵਿੰਗ ਦੇ ਇੰਚਾਰਜ ਇੰਸਪੈਕਟਰ ਨੂੰ ਕਾਲ ਕਰ ਕੇ ਪੂਰੀ ਜਾਣਕਾਰੀ ਅਤੇ 1930 ’ਤੇ ਦਰਜ ਕਰਵਾਈ ਸ਼ਿਕਾਇਤ ’ਤੇ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਸਬੰਧੀ ਦੱਸਿਆ ਗਿਆ। 7 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਅਪਡੇਟ ਨਾ ਮਿਲਣ ’ਤੇ ਮੁੜ ਸਾਈਬਰ ਕ੍ਰਾਈਮ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅੱਗੋਂ ਜਵਾਬ ਦਿੱਤਾ ਕਿ ਸਬੰਧਿਤ ਠੱਗ ਨੇ ਜਿਸ ਅਕਾਊਂਟ ’ਚ ਪੈਸੇ ਪਵਾਏ ਹਨ, ਉਸ ਅਕਾਊਂਟ ਨੂੰ ਫਰੀਜ਼ ਕਰ ਕੇ ਅਗਲੀ ਕਾਰਵਾਈ ਜਾਰੀ ਹੈ ਪਰ ਜਦੋਂ ਉਨ੍ਹਾਂ ਤੋਂ ਐੱਫ. ਆਈ. ਆਰ. ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਕੁੱਝ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਮਹਿਤਾ ਨੇ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸਾਇਬਰ ਵਿੰਗ ਨੂੰ ਨਿਰਦੇਸ਼ ਦੇਣ ਕਿ ਆਨਲਾਈਨ ਠੱਗੀ ਦੇ ਸ਼ਿਕਾਰ ਪੀੜਤਾਂ ਨੂੰ ਲੰਬੀਆਂ ਕਾਗਜ਼ੀ ਕਾਰਵਾਈਆਂ ਦੇ ਚੱਕਰਾਂ ’ਚ ਪਾਉਣ ਦੀ ਬਜਾਏ ਠੱਗਾਂ ਨੂੰ ਫੜ੍ਹਨ ਵੱਲ ਸਰਗਰਮੀ ਵਧਾਉਣ ’ਤੇ ਧਿਆਨ ਦਿੱਤਾ ਜਾਵੇ ਤਾਂ ਕਿ ਸਾਇਬਰ ਠੱਗਾਂ ਦੇ ਵੱਧ ਰਹੇ ਮੱਕੜ ਜਾਲ ਨੂੰ ਖ਼ਤਮ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News