ਮਾਈਨਿੰਗ ਮਾਫੀਆ ਵਿਰੁੱਧ ਸਰਚ ਆਪ੍ਰੇਸ਼ਨ ਝੂਠ ਦਾ ਪੁਲੰਦਾ : ਮਜੀਠੀਆ
Monday, Mar 16, 2020 - 08:54 PM (IST)
ਦਸੂਹਾ,(ਝਾਵਰ)- ਪਿਛਲੇ 3 ਸਾਲਾਂ ਤੋਂ ਪੰਜਾਬ ਵਿਚ ਵੱਡੇ ਕਾਂਗਰਸੀ ਲੀਡਰਾਂ ਦੀ ਸ਼ਹਿ 'ਤੇ ਜੋ ਰੇਤਾ ਦੀ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ, 'ਤੇ ਲਿਪਾਪੋਚੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਹੁਣ ਛੋਟੇ ਪੱਧਰ 'ਤੇ ਮਾਈਨਿੰਗ ਮਾਫੀਆ ਨੂੰ ਗ੍ਰਿਫ਼ਤਾਰ ਕਰ ਕੇ ਇਕ ਵੱਡਾ ਕਾਰਨਾਮਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਮਾਈਨਿੰਗ ਮਾਫੀਆ ਵਿਰੁੱਧ ਚਲਾਇਆ ਸਰਚ ਆਪ੍ਰੇਸ਼ਨ ਝੂਠ ਦਾ ਪੁਲੰਦਾ ਹੈ। ਉਕਤ ਵਿਚਾਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਅਮਰੀਕਾ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੇ ਗ੍ਰਹਿ ਨਿਵਾਸ ਸਾਊਥ ਸਿਟੀ ਵਿਖੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਰਹੀ, ਜਦਕਿ ਪੰਜਾਬ ਦੇ ਸਮੂਹ ਜ਼ਿਲਿਆਂ 'ਚ ਮਾਈਨਿੰਗ ਮਾਫੀਆ ਦਿਨ-ਰਾਤ ਕੰਮ ਚਲਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮਾਈਨਿੰਗ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਅੰਦਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ, ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ, ਕਿਸਾਨ ਜਿਨ੍ਹਾਂ ਦਾ ਕਰਜ਼ਾ ਮੁਆਫ਼ ਨਹੀ ਹੋਇਆ, ਆਤਮ-ਹੱਤਿਆਵਾਂ ਕਰਨ ਲਈ ਮਜ਼ਬੂਰ ਹਨ। ਕੈਪਟਨ ਸਰਕਾਰ ਇਸ਼ਤਿਹਾਰਾਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਮੁਆਫ ਨਹੀਂ ਕੀਤਾ ਗਿਆ, ਇਕ ਵੀ ਬੇਰੋਜ਼ਗਾਰ ਨੂੰ ਨੌਕਰੀ ਨਹੀਂ ਮਿਲੀ। ਅਨੁਸੂਚਿਤ ਜਾਤੀ, ਜਨ-ਜਾਤੀ, ਪਿੱਛੜਾ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਗਏ। ਕਰੋੜਾਂ ਰੁਪਏ ਦੇ ਵਜ਼ੀਫਿਆਂ ਦੀ ਰਕਮ ਸਰਕਾਰ ਹਜ਼ਮ ਕਰ ਗਈ ਹੈ। ਜੇਕਰ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਮਿਲਣਗੇ ਤਾਂ ਉਹ ਪੜ੍ਹਾਈ ਨਹੀਂ ਕਰ ਸਕਣਗੇ। ਕੈਪਟਨ ਸਰਕਾਰ ਵਿਦਿਆਰਥੀਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।
ਮਜੀਠੀਆ ਨੇ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਅੱਜ ਤੱਕ ਕੋਈ ਵੀ ਕਾਰਖਾਨਾ ਨਹੀਂ ਲੱਗਾ ਜਾਂ ਵਿਕਾਸ ਦਾ ਕੰਮ ਨਹੀਂ ਹੋਇਆ, ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਦੇ ਮੰਤਰੀ ਝੂਠੇ ਵਾਅਦੇ ਹੀ ਕਰ ਰਹੇ ਹਨ ਪਰ ਪੰਜਾਬ ਵਾਸੀ ਹੁਣ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਫਸਣਗੇ। ਇਸ ਮੌਕੇ ਮਨਜੀਤ ਸਿੰਘ ਦਸੂਹਾ, ਸਰਬਜੀਤ ਸਿੰਘ, ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਦੋਆਬਾ ਯੂਥ ਅਕਾਲੀ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਲੁਬਾਣਾ ਸਭਾ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਬੀ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਕੈਰੇ, ਅਨੁਸੂਚਿਤ ਜਾਤੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ, ਹਲਕਾ ਟਾਂਡਾ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕਾਨੂੰਨੀ ਸਲਾਹਕਾਰ, ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼, ਨਵਦੀਪ ਵਿਰਕ, ਜ਼ਿਲਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਤਿੰਦਰ ਕੌਰ ਠੁਕਰਾਲ, ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਤਾਰਾ ਸਿੰਘ ਸੱਲ੍ਹਾਂ, ਸਰਬਜੀਤ ਸਿੰਘ ਮੋਮੀ, ਅਮਰੀਕ ਸਿੰਘ ਗੱਗੀ ਵਪਾਰ ਮੰਡਲ ਪ੍ਰਧਾਨ ਦਸੂਹਾ, ਜਸਵੰਤ ਸਿੰਘ ਬਿੱਟੂ, ਭੁਪਿੰਦਰ ਸਿੰਘ ਨੀਲੂ ਚੀਮਾ ਸਰਕਲ ਪ੍ਰਧਾਨ ਅਕਾਲੀ ਦਲ ਅਤੇ ਹੋਰ ਵਰਕਰਜ਼ ਹਾਜ਼ਰ ਸਨ।