ਬਾਗੀ ਹੋਣ ਵਾਲੇ ਕਾਂਗਰਸੀਆਂ ਦੇ ਨਾਵਾਂ ''ਤੇ ਵੱਜਣਗੀਆਂ ਲਾਲ ਲਕੀਰਾਂ
Tuesday, Apr 09, 2019 - 01:34 PM (IST)

ਅਜਨਾਲਾ (ਵਰਿੰਦਰ) - ਕਾਂਗਰਸ ਹਾਈਕਮਾਂਡ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 7 ਸੀਟਾਂ 'ਤੇ ਆਪਣੀ ਪਿਛਲੀ ਪ੍ਰੰਪਰਾ ਨੂੰ ਤੋੜਦਿਆਂ ਐਡਵਾਂਸ 'ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀਆਂ 'ਤੇ ਵੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ, ਜੋ ਪਾਰਟੀ ਉਮੀਦਵਾਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਸਾਜ਼ਿਸ਼ ਘੜਦੇ ਹਨ ਜਾਂ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਬ੍ਰਿਗੇਡ ਦੇ ਇਕ ਵਿੰਗ ਨੂੰ ਪੰਜਾਬ ਦੇ ਲੋਕ ਸਭਾ ਹਲਕਿਆਂ ਦੀਆਂ ਗੁਪਤ ਰਿਪੋਰਟਾਂ ਹਰ ਰੋਜ਼ ਹਾਈਕਮਾਂਡ ਨੂੰ ਪਹੁੰਚਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪਾਰਟੀ ਪੱਧਰ 'ਤੇ ਤਾਇਨਾਤ ਕੀਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ 13 ਪਾਰਟੀ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਨੂੰ ਖੁਫੀਆ ਰਿਪੋਰਟਾਂ ਭੇਜਣ ਲਈ ਦਿੱਲੀ ਤੋਂ ਰਵਾਨਾ ਕੀਤਾ ਗਿਆ ਹੈ।
ਇਕ ਸੀਨੀਅਰ ਕਾਂਗਰਸੀ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਦੱਸਿਆ ਕਿ ਪਾਰਟੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲਿਆਂ ਦੀ ਛੁੱਟੀ ਹੀ ਨਹੀਂ ਸਗੋਂ ਉਨ੍ਹਾਂ ਦੇ ਨਾਂ 'ਤੇ ਪੱਕੀ ਲਾਲ ਲਕੀਰ ਫੇਰੀ ਜਾਵੇਗੀ। ਇਸ ਦੌਰਾਨ ਜੋ ਵੀ ਕਾਂਗਰਸੀ ਆਗੂ ਜਾਂ ਵਰਕਰ ਲਾਲ ਲਕੀਰ ਦੀ ਲਪੇਟ 'ਚ ਆ ਗਏ, ਉਨ੍ਹਾਂ ਦੀ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਭਵਿੱਖ 'ਚ ਕਦੇ ਵੀ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਸੁਝਾਅ ਕੋਈ ਹੋਰ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਰਾਹੁਲ ਗਾਂਧੀ ਕੌਮੀ ਪ੍ਰਧਾਨ ਕੁਲ ਹਿੰਦ ਕਾਂਗਰਸ ਕਮੇਟੀ ਨੂੰ ਦੇ ਕੇ ਆਏ ਸਨ, ਜਿਸ 'ਤੇ ਰਾਹੁਲ ਗਾਂਧੀ ਵਲੋਂ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਵੀ ਕਹਿ ਚੁੱਕੇ ਹਨ ਕਿ ਪਾਰਟੀ ਉਮੀਦਵਾਰਾਂ ਦੇ ਵਿਰੋਧ ਜਾਂ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਹਿੱਸਾ ਲੈਣ ਵਾਲਿਆਂ ਨੂੰ ਹਮੇਸ਼ਾ ਲਈ ਬਾਹਰ ਦਾ ਰਸਤਾ ਵਿਖਾ ਸਕਦੀ ਹੈ। ਇਸ ਨਾਲ ਬਾਗੀ ਰੁਖ ਅਖਤਿਆਰ ਕਰਨ ਵਾਲੇ ਕੁਝ ਕਾਂਗਰਸੀ ਚੌਕੰਨੇ ਹੋ ਗਏ ਹਨ ਅਤੇ ਉਨ੍ਹਾਂ ਆਪਣੀਆਂ ਬਾਗੀ ਸੁਰਾਂ ਖਤਮ ਕਰ ਕੇ ਆਪਣੀ ਸਿਰੀ ਕੱਛੂਕੁੰਮੇ ਵਾਂਗ ਅੰਦਰ ਵਾੜ ਲਈ ਹੈ।
ਕਾਂਗਰਸ ਹਾਈਕਮਾਂਡ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਧੜੇਬੰਦੀ ਕਿਸੇ ਵੀ ਤਰ੍ਹਾਂ ਜਿੱਤ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ। ਇਸ ਲਈ ਉਨ੍ਹਾਂ ਨੇ ਹਰੇਕ ਲੋਕ ਸਭਾ ਹਲਕੇ ਲਈ ਇਕ ਮੈਨੇਜਮੈਂਟ ਕਮੇਟੀ, ਚੋਣ ਪ੍ਰਚਾਰ ਕਮੇਟੀ, ਪਬਲੀਸਿਟੀ ਕਮੇਟੀ, ਤਾਲਮੇਲ ਕਮੇਟੀ ਸਮੇਤ ਕਈ ਹੋਰ ਕਮੇਟੀਆਂ ਦੇ ਗਠਨ ਲਈ ਲਿਸਟਾਂ ਤਿਆਰ ਕਰ ਲਈਆਂ ਹਨ ਜਿਨ੍ਹਾਂ ਦਾ ਬਹੁਤ ਜਲਦ ਐਲਾਨ ਕੀਤਾ ਜਾਵੇਗਾ। ਕਾਂਗਰਸ ਅਜਿਹੀ ਸਿਆਸੀ ਗਰਾਊਂਡ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਿਸ 'ਚ ਬਾਗੀ ਜਾਂ ਪਾਰਟੀ ਵਿਰੋਧੀ ਸਿਰ ਨਹੀਂ ਚੁੱਕ ਸਕਣਗੇ। ਕਾਂਗਰਸ ਹਾਈਕਮਾਂਡ ਵੱਲੋਂ ਇਸ ਸੰਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਪਹਿਲੇ ਪੜਾਅ ਤਹਿਤ ਲੋਕ ਸਭਾ ਹਲਕੇ ਅਨੁਸਾਰ ਰਿਪੋਰਟਾਂ ਮੰਗਵਾਈਆਂ ਜਾ ਰਹੀਆਂ ਹਨ। ਪੰਜਾਬ ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਨ ਲਈ ਪਾਰਟੀ ਵਲੋਂ ਬਾਕੀ ਰਹਿੰਦੀਆਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਬਹੁਤ ਜਲਦ ਕੀਤਾ ਜਾ ਰਿਹਾ ਹੈ।