ਕਾਂਗਰਸ ਹਾਈਕਮਾਨ ਵੱਲੋਂ ‘ਇਕ ਪਰਿਵਾਰ ਇਕ ਟਿਕਟ’ ਦੇ ਫ਼ੈਸਲੇ ਨਾਲ ਵਧ ਸਕਦੀਆਂ ਨੇ ਕਈ ਦੀਆਂ ਮੁਸ਼ਕਿਲਾਂ

Wednesday, May 18, 2022 - 05:55 PM (IST)

ਕਾਂਗਰਸ ਹਾਈਕਮਾਨ ਵੱਲੋਂ ‘ਇਕ ਪਰਿਵਾਰ ਇਕ ਟਿਕਟ’ ਦੇ ਫ਼ੈਸਲੇ ਨਾਲ ਵਧ ਸਕਦੀਆਂ ਨੇ ਕਈ ਦੀਆਂ ਮੁਸ਼ਕਿਲਾਂ

ਜਲੰਧਰ(ਚੋਪੜਾ): ਵਿਧਾਨ ਸਭਾ ਚੋਣਾਂ 2022 ਵਿਚ 5 ਸੂਬਿਆਂ ਵਿਚ ਹਾਰ ਤੋਂ ਬਾਅਦ ਉਦੈਪੁਰ ਵਿਚ ਹੋਏ ਕਾਂਗਰਸ ਦੇ 3 ਰੋਜ਼ਾ ਕੈਂਪ ਵਿਚ ਪਾਰਟੀ ਨੇ ਖੁਦ ਵਿਚ ਕੁਝ ਵੱਡੇ ਬਦਲਾਅ ਕਰਨ ਨਾਲ ਜੁੜੇ ਸਾਰੇ ਮਸੌਦਿਆਂ ’ਤੇ ਆਖਰੀ ਮੋਹਰ ਲਾਈ ਹੈ। ਜਿਸ ਵਿਚ ਇਕ ਵੱਡਾ ਮਸਲਾ ਪਰਿਵਾਰਵਾਦ ਵੀ ਸ਼ਾਮਲ ਰਿਹਾ ਹੈ। ਚਿੰਤਨ ਕੈਂਪ ਵਿਚ ਕਾਂਗਰਸ ਨੇ ‘ਇਕ ਪਰਿਵਾਰ ਇਕ ਟਿਕਟ’ ਦਾ ਨਿਯਮ ਬਣਾਇਆ ਹੈ, ਜਿਸ ਤਹਿਤ ਕਾਂਗਰਸ ਸਿਰਫ ਇਕ ਪਰਿਵਾਰ ਵਿਚ ਇਕ ਮੈਂਬਰ ਨੂੰ ਹੀ ਟਿਕਟ ਦੇਵੇਗੀ। ਚਿੰਤਨ ਕੈਂਪ ਵਿਚ ‘ਇਕ ਪਰਿਵਾਰ ਇਕ ਟਿਕਟ’ ਦੇ ਪਾਸ ਹੋਏ ਮਸੌਦੇ ਨਾਲ ਜਲੰਧਰ ਸੰਸਦੀ ਹਲਕੇ ਤੋਂ ਸਿਟਿੰਗ ਸੰਸਦ ਮੈਂਬਰ ਸੰਤੋਖ ਚੌਧਰੀ ਦੀ 2024 ਦੀਆਂ ਚੋਣਾਂ ਵਿਚ ਦੁਬਾਰਾ ਟਿਕਟ ਦੀ ਦਾਅਵੇਦਾਰੀ ’ਤੇ ਵੀ ਤਲਵਾਰ ਲਟਕ ਗਈ ਹੈ ਕਿਉਂਕਿ ਇਕ ਪਾਸੇ ਜਿੱਥੇ ਸੰਤੋਖ ਚੌਧਰੀ ਖੁਦ ਸੰਸਦ ਮੈਂਬਰ ਹਨ, ਉਥੇ ਹੀ ਉਨ੍ਹਾਂ ਦਾ ਪੁੱਤਰ ਵਿਕਰਮਜੀਤ ਚੌਧਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਜ਼ਿਲ੍ਹੇ ਦੇ ਹਲਕਾ ਫਿਲੌਰ ਤੋਂ ਚੋਣ ਜਿੱਤ ਕੇ ਵਿਧਾਇਕ ਬਣਿਆ ਹੈ।

ਇਹ ਵੀ ਪੜ੍ਹੋ- ਪੇਪਰ ਦੇ ਰਹੀ ਵਿਦਿਆਰਥਣ ਨੇ ਸਕੂਲ ਦੀ ਦੂਜੀ ਮੰਜਿਲ ਤੋਂ ਮਾਰੀ ਛਲਾਂਗ ,ਗੰਭੀਰ ਜ਼ਖ਼ਮੀ 

ਉਂਝ ਕਾਂਗਰਸ ਨੇ ‘ਇਕ ਪਰਿਵਾਰ ਇਕ ਟਿਕਟ’ ਨਿਯਮ ਵਿਚ ਕੁਝ ਢਿੱਲ ਦਿੰਦਿਆਂ ਪਰਿਵਾਰ ਦੇ ਦੂਜੇ ਮੈਂਬਰ ਦੇ ਸੰਗਠਨ ਵਿਚ 5 ਸਾਲ ਕੰਮ ਕਰਨ ’ਤੇ ਦੂਜੀ ਟਿਕਟ ਦੇਣ ’ਤੇ ਵਿਚਾਰ ਕਰਨ ਦੀ ਵਿਵਸਥਾ ਰੱਖੀ ਹੈ ਪਰ ਇਸਦੇ ਬਾਵਜੂਦ ਸੰਸਦ ਮੈਂਬਰ ਚੌਧਰੀ ਦੀ ਦਿੱਕਤ ਵੱਧਣੀ ਇਸ ਕਾਰਨ ਵੀ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਵੱਡੇ ਭਰਾ ਚੌਧਰੀ ਜਗਜੀਤ ਸਿੰਘ ਦੇ ਬੇਟੇ ਅਤੇ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਸੁਰਿੰਦਰ ਚੌਧਰੀ ਨੂੰ ਲਗਾਤਾਰ ਦੂਜੀ ਵਾਰ ਟਿਕਟ ਦਿੱਤੀ ਗਈ ਸੀ। ਇਨ੍ਹਾਂ ਚੋਣਾਂ ਵਿਚ ਸੰਸਦ ਮੈਂਬਰ ਚੌਧਰੀ ਦਾ ਭਤੀਜਾ ਸੁਰਿੰਦਰ ਚੌਧਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਤੋਂ ਹਾਰ ਗਿਆ ਸੀ।

ਸੰਸਦ ਮੈਂਬਰ ਚੌਧਰੀ ਪਰਿਵਾਰ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕ੍ਰਮਵਾਰ 1 ਅਤੇ 2 ਟਿਕਟਾਂ ਲੈਣ ਵਿਚ ਸਫ਼ਲ ਰਿਹਾ ਹੈ ਪਰ ਹੁਣ ਪਾਰਟੀ 2022 ਦੀਆਂ ਚੋਣਾਂ ਵਿਚ ਪਰਿਵਾਰ ਨੂੰ 2 ਟਿਕਟਾਂ ਵੰਡ ਚੁੱਕੀ ਹੈ। ਅਜਿਹੇ ਵਿਚ ਸੰਸਦ ਮੈਂਬਰ ਚੌਧਰੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਟਿਕਟ ਹਾਸਲ ਕਰਨ ਦੀ ਦਾਅਵੇਦਾਰੀ ਕਰਦੇ ਹਨ ਤਾਂ ਇਹ ਪਰਿਵਾਰ ਲਈ ਤੀਜੀ ਟਿਕਟ ਦੀ ਮੰਗ ਹੋਵੇਗੀ, ਜਿਸ ਨੂੰ ਹਾਈਕਮਾਨ ਠੁਕਰਾਅ ਸਕਦੀ ਹੈ। ਇਸ ਦੇ ਮੱਦੇਨਜ਼ਰ ਪਾਰਟੀ ਯੂਥ ਤੇ ਨਵੇਂ ਚਿਹਰੇ ਨੂੰ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਾਰ ਸਕਦੀ ਹੈ। ਕਾਂਗਰਸ ਦੇ ਸੀਨੀਅਰ ਸੂਤਰਾਂ ਦੀ ਮੰਨੀਏ ਤਾਂ ਜੇਕਰ ਹਾਈਕਮਾਨ ਆਪਣੇ ਫੈਸਲੇ ’ਤੇ ਅੜੀ ਰਹਿੰਦੀ ਹੈ ਤਾਂ ਚੌਧਰੀ ਪਰਿਵਾਰ ਨੂੰ ਲੋਕ ਸਭਾ ਚੋਣਾਂ ਵਿਚ ਟਿਕਟ ਤੋਂ ਹੱਥ ਧੋਣਾ ਪੈ ਜਾਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ। 

ਇਹ ਵੀ ਪੜ੍ਹੋ- ਭਿਆਨਕ ਗਰਮੀ ਨੇ ਆੜ੍ਹਤੀਆਂ ਨੂੰ ਆਰਥਿਕ ਮੰਦੇ ਵੱਲ ਧਕੇਲਿਆ, ਮੰਡੀ ’ਚ ਸਵੇਰੇ 9 ਵਜੇ ਦੀ ਪਸਰ ਜਾਂਦੈ ਸੰਨਾਟਾ

ਵਿਧਾਨ ਸਭਾ ਚੋਣਾਂ ’ਚ ਫਿਲੌਰ ਤੋਂ ਇਲਾਵਾ ਬਾਕੀ 8 ਹਲਕਿਆਂ ’ਚ ਚੋਣ ਪ੍ਰਚਾਰ ਤੋਂ ਬਣਾਈ ਦੂਰੀ ਵੀ ਵਧਾਵੇਗੀ ਪ੍ਰੇਸ਼ਾਨੀ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਉਂਝ ਤਾਂ ਜਲੰਧਰ ਜ਼ਿਲ੍ਹੇ ਵਿਚ ਕਾਂਗਰਸ 9 ਵਿਚੋਂ 5 ਸੀਟਾਂ ’ਤੇ ਆਪਣਾ ਝੰਡਾ ਲਹਿਰਾਅ ਕੇ ਆਪਣੀ ਸਾਖ ਬਚਾਉਣ ਵਿਚ ਸਫ਼ਲ ਰਹੀ ਹੈ ਪਰ ਇਸ ਜਿੱਤ ਦੇ ਬਾਵਜੂਦ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਭੂਮਿਕਾ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਸੰਸਦ ਮੈਂਬਰ ਚੌਧਰੀ ਜਿਹੜੇ ਕਿ ਪੂਰੇ ਚੋਣ ਪ੍ਰਚਾਰ ਦੌਰਾਨ ਸਿਰਫ਼ ਫਿਲੌਰ ਹਲਕੇ ਤੱਕ ਹੀ ਸੀਮਤ ਰਹੇ ਅਤੇ ਉਨ੍ਹਾਂ ਜਲੰਧਰ ਸੈਂਟਰਲ, ਜਲੰਧਰ ਪੱਛਮੀ, ਨਕੋਦਰ, ਕਰਤਾਰਪੁਰ, ਸ਼ਾਹਕੋਟ, ਜਲੰਧਰ ਨਾਰਥ, ਆਦਮਪੁਰ ਅਤੇ ਜਲੰਧਰ ਕੈਂਟ ਹਲਕੇ ਦੇ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਪਰ ਉਹ ਇਕ ਅੱਧੇ ਹਲਕੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਕਰਵਾਏ ਪ੍ਰੋਗਰਾਮ ਵਿਚ ਵੀ ਸ਼ਾਮਲ ਹੁੰਦੇ ਨਜ਼ਰ ਆਏ। ਜਦੋਂ ਕਿ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲਾ, ਅਲਕਾ ਲਾਂਬਾ, ਅਜੈ ਮਾਕਨ, ਪਵਨ ਖੇੜਾ ਵਰਗੇ ਕਈ ਆਗੂਆਂ ਵੱਲੋਂ ਚੋਣ ਪ੍ਰਚਾਰ ਸਬੰਧੀ ਕੀਤੀਆਂ ਪ੍ਰੈੱਸ ਕਾਨਫਰੰਸਾਂ ਵਿਚ ਵੀ ਉਨ੍ਹਾਂ ਸ਼ਾਮਲ ਹੋਣ ਦੀ ਕੋਈ ਲੋੜ ਨਹੀਂ ਸਮਝੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਨਾਲ ਪੰਚਾਇਤੀ ਜਗ੍ਹਾ ’ਤੇ ਬਣੇ ਘਰਾਂ ਅਤੇ ਉਸਾਰੀਆਂ ਨੂੰ ਵੀ ਤੋੜਨ ਦੇ ਹੁਕਮ ਜਾਰੀ

ਜਲੰਧਰ ਜ਼ਿਲ੍ਹੇ ਦੀਆਂ 9 ਵਿਚੋਂ 5 ਸੀਟਾਂ ’ਤੇ ਕਾਂਗਰਸ ਕਾਬਜ਼ ਹੋਈ ਹੈ, ਉਨ੍ਹਾਂ ਵਿਚੋਂ 4 ਸੀਟਾਂ ’ਤੇ ਉਮੀਦਵਾਰ ਆਪਣੇ ਬਲਬੂਤੇ ਅਤੇ ਰਣਨੀਤੀ ਸਦਕਾ ਜਿੱਤ ਹਾਸਲ ਕਰ ਸਕੇ ਪਰ ਸਿਆਸੀ ਗਲਿਆਰਿਆਂ ਦਾ ਮੰਨਣਾ ਹੈ ਕਿ ਇਕ ਡੇਰੇ ਦੇ ਪ੍ਰਭਾਵ ਅਤੇ ਦਲਿਤ ਵੋਟ ਬੈਂਕ ਦੇ ਗੜ੍ਹ ਮੰਨੇ ਜਾਂਦੇ ਦੋਆਬਾ ਨਾਲ ਸਬੰਧਤ ਹੋਰ ਹਲਕਿਆਂ ਵਿਚ ਵੀ ਜੇਕਰ ਸੰਸਦ ਮੈਂਬਰ ਚੌਧਰੀ ਅਤੇ ਹੋਰ ਆਗੂ ਧੂੰਆਂਧਾਰ ਪ੍ਰਚਾਰ ਕਰਦੇ ਤਾਂ ਸ਼ਾਇਦ ਕਾਂਗਰਸ ਹੋਰ 2-3 ਸੀਟਾਂ ’ਤੇ ਜਿੱਤ ਹਾਸਲ ਕਰ ਸਕਦੀ ਸੀ। 

ਪਰ ਜੋ ਵੀ ਹੋਵੇ ਪੁੱਤਰ ਮੋਹ ਵਿਚ ਫਸੇ ਸੰਸਦ ਮੈਂਬਰ ਲਈ ਲੋਕ ਸਭਾ ਹਲਕੇ ਦੀ ਬਜਾਏ ਫਿਲੌਰ ਤੋਂ ਲਗਾਤਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਇਸ ਕਿਲੇ ਵਿਚ ਸੰਨ੍ਹ ਲਾਉਣੀ ਬਹੁਤ ਜ਼ਰੂਰੀ ਸੀ। ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿਚ 8 ਵਿਧਾਨ ਸਭਾ ਹਲਕਿਆਂ ਦੇ ਚੋਣ ਪ੍ਰਚਾਰ ਨੂੰ ਹਾਸ਼ੀਏ ’ਤੇ ਧੱਕਣ ਦਾ ਮਾਮਲਾ ਵੀ ਹਾਈਕਮਾਨ ਸਾਹਮਣੇ ਪ੍ਰਮੁੱਖਤਾ ਨਾਲ ਉਠਾਉਣ ਦੀ ਚੌਧਰੀ ਵਿਰੋਧੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News