ਦੇਸ਼ ਦੀ ਜਨਤਾ ਦਾ ਵਿਸ਼ਵਾਸ ਗੁਆ ਚੁੱਕੀ ਹੈ ਕਾਂਗਰਸ : ਮਲਿਕ

Monday, Jul 23, 2018 - 07:27 AM (IST)

ਦੇਸ਼ ਦੀ ਜਨਤਾ ਦਾ ਵਿਸ਼ਵਾਸ ਗੁਆ ਚੁੱਕੀ ਹੈ ਕਾਂਗਰਸ : ਮਲਿਕ

ਅੰਮ੍ਰਿਤਸਰ  (ਮਹਿੰਦਰ) - ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ 'ਤੇ ਨੱਥ ਪਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਕਾਂਗਰਸ ਦੀ ਅੱਜ ਇਹ ਹਾਲਤ ਹੈ ਕਿ ਯੂ. ਪੀ. ਏ. ਦੀ ਸਾਬਕਾ ਸਰਕਾਰ ਵਿਚ ਰਹੇ ਉਨ੍ਹਾਂ ਦੇ ਕਈ ਮੰਤਰੀ ਜਾਂ ਤਾਂ ਜੇਲ ਦੀਆਂ ਸੀਖਾਂ ਪਿੱਛੇ ਹਨ ਜਾਂ ਫਿਰ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ, ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਕਾਂਗਰਸ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗੁਆ ਚੁੱਕੀ ਹੈ।ਰਾਜ ਸਭਾ ਵਿਚ ਕਾਂਗਰਸੀ ਆਗੂ ਆਨੰਦ ਸ਼ਰਮਾ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਚੁੱਕੇ ਗਏ ਸਵਾਲਾਂ ਦਾ ਮਲਿਕ ਨੇ ਅੰਕੜਿਆਂ ਨਾਲ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਹੀ ਇਹ ਨਤੀਜਾ ਹੈ ਕਿ ਵਿਦੇਸ਼ਾਂ ਵਿਚ ਜਮ੍ਹਾ ਕਾਲੇ ਧਨ ਦੇ ਵੱਡੇ-ਵੱਡੇ ਖੁਲਾਸੇ ਹੋਏ ਹਨ।
ਹਾਸ਼ੀਏ 'ਤੇ ਆ ਚੁੱਕੀ ਕਾਂਗਰਸ ਆਪਣੇ ਅੰਦਰ ਮਾਰੇ ਝਾਤ
ਮਲਿਕ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਸ਼ਾਸਨਕਾਲ 'ਚ ਦੇਸ਼ ਦੀ ਜਨਤਾ ਨੂੰ ਲੁੱਟਣ ਦੇ ਨਾਲ ਉਨ੍ਹਾਂ ਨੂੰ ਲਗਾਤਾਰ ਤੰਗ ਵੀ ਕੀਤਾ ਜਾਂਦਾ ਰਿਹਾ ਹੈ। ਇਸ ਦੇ ਸ਼ਾਸਨਕਾਲ ਵਿਚ ਕੋਈ ਵੀ ਅਜਿਹਾ ਦਿਨ ਨਹੀਂ ਸੀ ਕਿ ਜਿਸ ਦਿਨ ਕਿਸੇ ਨਾ ਕਿਸੇ ਕਾਂਗਰਸੀ ਮੰਤਰੀ ਜਾਂ ਆਗੂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਨਾ ਲੱਗੇ ਹੋਣ। ਉਨ੍ਹਾਂ ਕਿਹਾ ਕਿ ਹਾਸ਼ੀਏ 'ਤੇ ਆ ਚੁੱਕੀ ਕਾਂਗਰਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਅਖੀਰ ਦੇਸ਼ ਦੇ ਲੋਕਾਂ ਨੇ 2014 ਵਿਚ ਉਨ੍ਹਾਂ ਖਿਲਾਫ ਇੰਨਾ ਵੱਡਾ ਫਤਵਾ ਦੇ ਕੇ ਉਸ ਦੇ ਮੈਂਬਰਾਂ ਦੀ ਗਿਣਤੀ ਇੰਨੀ ਘੱਟ ਕਿਉਂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਜਾਤੀਵਾਦ ਤੇ ਗਲਤ ਨੀਤੀਆਂ ਨਾਲ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਕੇ ਗੰਦੀ ਰਾਜਨੀਤੀ ਹੀ ਕੀਤੀ ਹੈ।
ਜਨਤਾ ਜਲਦ ਹੀ ਦੇਸ਼ ਨੂੰ ਕਰਨ ਜਾ ਰਹੀ ਹੈ ਕਾਂਗਰਸ ਤੋਂ ਮੁਕਤ
ਮਲਿਕ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਵਿਚ ਕਦੇ ਭਾਜਪਾ ਦਾ ਇਕ ਵੀ ਵਿਧਾਇਕ ਨਹੀਂ ਹੁੰਦਾ ਸੀ, ਅੱਜ ਉਥੇ ਭਾਜਪਾ ਦੀਆਂ ਸਰਕਾਰਾਂ ਬਣੀਆਂ ਹੋਈਆਂ ਹਨ। ਕਰਮਯੋਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੱਤਾ ਸੰਭਾਲਦੇ ਹੀ ਐਲਾਨ ਕੀਤਾ ਸੀ ਕਿ ਨਾ ਭ੍ਰਿਸ਼ਟਾਚਾਰ ਕਰਵਾਂਗਾ ਤੇ ਨਾ ਹੀ ਕਰਨ ਦੇਵਾਂਗਾ, ਜਿਸ ਦੇ ਨਤੀਜੇ ਵਜੋਂ 4 ਸਾਲਾਂ ਦੇ ਸ਼ਾਸਨਕਾਲ ਦੌਰਾਨ ਭਾਜਪਾ ਦੇ ਕਿਸੇ ਵੀ ਮੰਤਰੀ ਅਤੇ ਆਗੂ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਸਾਰੇ ਸੰਸਾਰ ਵਿਚ ਦੇਸ਼ ਦੀ ਸਾਖ ਨੂੰ ਵਧਾਉਂਦੇ ਹੋਏ ਹਰ ਪਾਸੇ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।


Related News