ਪੰਜਾਬ ’ਚ ਸ਼ਾਂਤੀ ਨਾਲ ਸਮਝੌਤਾ ਨਹੀਂ ਹੋਣ ਦੇਵੇਗੀ ਕਾਂਗਰਸ ਦੀ ਅਗਲੀ ਸਰਕਾਰ : ਰਾਜੀਵ ਸ਼ੁਕਲਾ

Friday, Feb 18, 2022 - 12:22 AM (IST)

ਜਲੰਧਰ (ਬਿਊਰੋ)- ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ ਅਤੇ ਸਰਹੱਦ ਨਾਲ ਨੇੜਤਾ ਹੋਣ ਕਾਰਨ ਇਥੇ ਵਿਕਾਸ ਲਈ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਤਵਾਦ ਦੌਰਾਨ ਸ਼ਹਿਰਾਂ ਅਤੇ ਪਿੰਡਾਂ ’ਚ ਡਰ ਦਾ ਮਾਹੌਲ ਸੀ ਅਤੇ ਸੂਬੇ ਦਾ ਵਿਕਾਸ ਰੁਕ ਗਿਆ ਸੀ। ਪੰਜਾਬ ਨੂੰ ਅੱਤਵਾਦ ਦੇ ਦੌਰ ’ਚੋਂ ਕੱਢਣ ਲਈ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਸਮੇਤ ਕਈ ਆਗੂਆਂ ਨੇ ਕੁਰਬਾਨੀਆਂ ਦਿੱਤੀਆਂ ਸਨ ਅਤੇ ਕਾਂਗਰਸ ਦੇ ਰਾਜ ਦੌਰਾਨ ਹੀ ਪੰਜਾਬ ’ਚ ਅਮਨ-ਸ਼ਾਂਤੀ ਦੀ ਸਥਾਪਨਾ ਹੋਈ ਸੀ । ਸੂਬੇ ਦੇ ਲੋਕਾਂ ਨੂੰ ਕਾਂਗਰਸ ਵੱਲੋਂ ਕੀਤੇ ਇਹ ਯਤਨ ਯਾਦ ਹਨ, ਇਸ ਲਈ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਆਵੇਗੀ । ਕਾਂਗਰਸ ਦੇ ਰਾਜ ਦੌਰਾਨ ਦੇਸ਼ ਵਿਰੋਧੀ ਅਤੇ ਅੱਤਵਾਦੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਪੰਜਾਬ ’ਚ ਅਮਨ-ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇਗਾ, ਖੁਸ਼ਹਾਲੀ ਨੂੰ ਵਧਾਇਆ ਜਾਵੇਗਾ। ਰਾਜੀਵ ਸ਼ੁਕਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ 111 ਦਿਨਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਦੇ ਹਿੱਤ ’ਚ ਵੱਡੇ ਫੈਸਲੇ ਲਏ ਹਨ। ਜੇਕਰ ਚੰਨੀ ਦੀ ਤੁਲਨਾ ਦੇਸ਼ ਦੇ ਹੋਰਨਾਂ ਮੁੱਖ ਮੰਤਰੀਆਂ ਨਾਲ ਕੀਤੀ ਜਾਵੇ ਤਾਂ ਚੰਨੀ ਜਿੰਨੀ ਤੇਜ਼ੀ ਨਾਲ ਕੰਮ ਕਰਨ ਵਾਲਾ ਕੋਈ ਹੋਰ ਮੁੱਖ ਮੰਤਰੀ ਨਹੀਂ ਮਿਲੇਗਾ। ਉਨ੍ਹਾਂ ਨੇ ਸੂਬੇ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਹੀ ਨਹੀਂ ਸਗੋਂ ਪਾਣੀ ਦੇ ਬਿੱਲ ਵੀ ਮੁਆਫ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜਨਰਲ ਕੈਟਾਗਰੀ ਦੇ ਗਰੀਬ ਬੱਚਿਆਂ ਲਈ ਵੀ ਸਿੱਖਿਆ ਮੁਫਤ ਕੀਤੀ ਹੈ।

ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ

ਇਸ ਤੋਂ ਇਲਾਵਾ ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੀ ਕਟੌਤੀ ਕੀਤੀ ਹੈ। ਹਾਲਾਂਕਿ ਦੇਸ਼ ਭਰ ’ਚ ਵਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਅਤੇ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਕੇ ਦੇਸ਼ ’ਚ ਮਹਿੰਗਾਈ ਨੂੰ ਹੋਰ ਵਧਾ ਦਿੱਤਾ ਹੈ। ਜਦਕਿ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ, ਉਥੇ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਗਏ ਐਲਾਨਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ’ਚ ਸਰਕਾਰ ਬਣਦੇ ਹੀ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ’ਚ ਪ੍ਰਸ਼ਾਸਨ ਸਬੰਧੀ ਅਜਿਹੇ ਤੇਜ਼ ਫੈਸਲੇ ਲੈਣ ਦੀ ਰਵਾਇਤ ਰਹੀ ਹੈ। ਜਦੋਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਕਾਂਗਰਸ ਜਿੱਤੀ ਸੀ ਤਾਂ ਉਥੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀਆਂ ਨੇ ਪਹਿਲੀ ਫਾਈਲ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਸਾਈਨ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਜੋ ਵਾਅਦੇ ਕਰ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਕਰ ਰਹੇ ਹਨ, ਉਨ੍ਹਾਂ ਨੂੰ ਆਪਣੇ ਵਾਅਦੇ ਛਪਵਾਉਣ ਦਾ ਕੋਈ ਸ਼ੌਂਕ ਨਹੀਂ ਹੈ।
ਕਾਂਗਰਸ ’ਚ ਚੱਲ ਰਹੀ ਉਥਲ-ਪੁਥਲ ਦੇ ਸਵਾਲ ’ਤੇ ਰਾਜੀਵ ਸ਼ੁਕਲਾ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ’ਚ ਆਪਸੀ ਮਤਭੇਦ ਹੁੰਦੇ ਹਨ ਅਤੇ ਸਿਆਸਤ ’ਚ ਇਹ ਮਤਭੇਦ ਹੁੰਦੇ ਰਹਿੰਦੇ ਹਨ। ਸੁਖਦੇਵ ਸਿੰਘ ਢੀਂਡਸਾ ਕਿਸੇ ਸਮੇਂ ਅਕਾਲੀ ਦਲ ਦੇ ਸੀਨੀਅਰ ਆਗੂ ਸਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਕਰੀਬੀ ਰਹੇ ਸਨ ਪਰ ਅੱਜ ਸੁਖਦੇਵ ਸਿੰਘ ਢੀਂਡਸਾ ਕਿੱਥੇ ਹਨ?
ਇਹੀ ਹਾਲ ਉੱਤਰ ਪ੍ਰਦੇਸ਼ ’ਚ ਭਾਜਪਾ ਦਾ ਵੀ ਹੈ । ਭਾਜਪਾ ਦੇ ਕਈ ਆਗੂ ਪਾਰਟੀ ਛੱਡ ਕੇ ਸਪਾ ’ਚ ਸ਼ਾਮਲ ਹੋ ਗਏ ਹਨ। ਇਹ ਉਥਲ-ਪੁਥਲ ਚੋਣਾਂ ਦੌਰਾਨ ਚੱਲਦੀ ਰਹਿੰਦੀ ਹੈ ਪਰ ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮ ਦੀ ਤਾਰੀਫ ਹੋ ਰਹੀ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਚੰਗਾ ਇਨਸਾਨ ਕਹਿ ਰਿਹਾ ਹੈ। ਕੋਈ ਵੀ ਚੰਨੀ ਦੀ ਆਲੋਚਨਾ ਨਹੀਂ ਕਰ ਰਿਹਾ ਅਤੇ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਨਵਜੋਤ ਸਿੰਘ ਸਿੱਧ ਵੱਲੋਂ ਪ੍ਰਿਅੰਕਾ ਗਾਂਧੀ ਦੀ ਧੂਰੀ ਵਿਧਾਨ ਸਭਾ ਹਲਕੇ ’ਚ ਕੀਤੀ ਗਈ ਰੈਲੀ ਦੌਰਾਨ ਭਾਸ਼ਣ ਦੇਣ ਤੋਂ ਇਨਕਾਰ ਕਰਨ ਦੇ ਸਵਾਲ ’ਤੇ ਰਾਜੀਵ ਸ਼ੁਕਲਾ ਨੇ ਸਿੱਧੂ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਸ਼ਣ ਦੇਣ ਤੋਂ ਇਨਕਾਰ ਨਹੀਂ ਕੀਤਾ ਸੀ ਸਗੋਂ ਉਸ ਮੌਕੇ ਸਮੇਂ ਦੀ ਘਾਟ ਕਾਰਨ ਮੁੱਖ ਮੰਤਰੀ ਚੰਨੀ ਨੂੰ ਆਪਣਾ ਸਮਾਂ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਚੰਨੀ ਭਾਸ਼ਣ ਦੇਣਗੇ । ਬਾਅਦ ’ਚ ਚੰਨੀ ਦਾ ਹੀ ਭਾਸ਼ਣ ਕਰਵਾਇਆ। ਉਹ ਰੈਲੀ ਵਿਚ ਆਏ ਅਤੇ ਸਟੇਜ ’ਤੇ ਬੈਠੇ ਸਨ। ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਬਹੁਤ ਜ਼ਿਆਦਾ ‘ਹਵਾ’ ਦਿੱਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਭਗਵੰਤ ਮਾਨ ’ਚ ਪੰਜਾਬ ਨੂੰ ਚਲਾਉਣ ਦੀ ਕਾਬਲੀਅਤ ਨਹੀਂ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਆਗੂ ਭਗਵੰਤ ਮਾਨ ’ਤੇ ਹਮਲਾ ਕਰਦਿਆਂ ਸ਼ੁਕਲਾ ਨੇ ਕਿਹਾ ਕਿ ਪੰਜਾਬ ਨੂੰ ਚਲਾਉਣ ਦੀ ਗੰਭੀਰ ਆਗੂ ਦੀ ਲੋੜ ਹੈ। ਕੀ ਪੰਜਾਬ ਵਰਗੇ ਸਰਹੱਦੀ ਸੂਬੇ ਨੂੰ ਚਲਾਉਣ ਲਈ ਭਗਵੰਤ ਮਾਨ ਕੋਲ ਇੰਨੀ ਗੰਭੀਰਤਾ ਹੈ? ਕੀ ਉਨ੍ਹਾਂ ਕੋਲ ਸ਼ਾਸਨ ਪ੍ਰਣਾਲੀ ਨੂੰ ਚਲਾਉਣ ਲਈ ਤਕਨੀਕੀ ਅਤੇ ਕਾਨੂੰਨੀ ਸਮਝ ਹੈ। ਕੀ ਉਹ ਪ੍ਰਸ਼ਾਸਨਿਕ ਤੰਤਰ ਦੀਆਂ ਬਾਰੀਕੀਆਂ ਨੂੰ ਸਮਝਦੇ ਹਨ, ਜੇਕਰ ਅਜਿਹੇ ਵਿਅਕਤੀ ਦੇ ਹੱਥਾਂ ’ਚ ਪੰਜਾਬ ਦੇ ਦੇਵਾਂਗੇ ਤਾਂ ਪੰਜਾਬ ਕਿੱਥੇ ਜਾਵੇਗਾ? ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਚੰਨੀ ਦੀ ਜਾਇਦਾਦ ਬਾਰੇ ਵੀ ਝੂਠ ਬੋਲ ਰਹੇ ਹਨ ਅਤੇ ਜੇਕਰ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਚੰਨੀ ਦੀ ਜਾਇਦਾਦ ਉਨ੍ਹਾਂ ਤੋਂ ਵੱਧ ਹੈ ਤਾਂ ਚੰਨੀ ਉਨ੍ਹਾਂ ਨੂੰ ਜਾਇਦਾਦ ਤਬਦੀਲ ਕਰਨ ਦੀ ਚੁਣੌਤੀ ਦੇ ਚੁੱਕੇ ਹਨ।
ਕਾਂਗਰਸ ਨੇ ਪੰਜਾਬ ਦੇ ਹਿੰਦੂਆਂ ਨੂੰ ਦਿੱਤੀ ਸੁਰੱਖਿਆ
42 ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਸੁਨੀਲ ਜਾਖੜ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਏ ਜਾਣ ਦੇ ਸਵਾਲ ’ਤੇ ਸ਼ੁਕਲਾ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ ਸੀ ਅਤੇ ਉਸ ਸਮੇਂ ਕਿਸੇ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ ਸੀ। ਜਿੱਥੋਂ ਤੱਕ ਹਿੰਦੂਆਂ ਦਾ ਸਵਾਲ ਹੈ, ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਹਿੰਦੂਆਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਇਆ ਹੈ। ਪਾਰਟੀ ਨੇ ਹੋਰ ਆਗੂਆਂ ਨੂੰ ਵੀ ਸੰਸਦ ਮੈਂਬਰ ਬਣਾਇਆ ਹੈ। ਹੁਣ ਇਹ ਲੋਕ ਕਿ ਕਹਿੰਦੇ ਹਨ, ਇਸ ਦੀ ਜ਼ਿਆਦਾ ਅਹਿਮੀਅਤ ਨਹੀਂ ਹੈ।
ਕਾਂਗਰਸ ਸੰਘੀ ਢਾਂਚੇ ਦੇ ਪੱਖ ਵਿਚ, ਕੈਪਟਨ ਸਬੰਧੀ ਪੀ. ਐੱਮ. ਦੇ ਦੋਸ਼ ਗਲਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਘੀ ਪ੍ਰਣਾਲੀ ਤਹਿਤ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਕਾਂਗਰਸ ਹਾਈਕਮਾਂਡ ਵੱਲੋਂ ਗੱਦੀ ਤੋਂ ਹਟਾਏ ਜਾਣ ਦੇ ਸਵਾਲ ’ਤੇ ਰਾਜੀਵ ਸ਼ੁਕਲਾ ਨੇ ਕਿਹਾ ਕਿ ਕਾਂਗਰਸ ਖੁਦ ਸੰਘੀ ਢਾਂਚੇ ਦੀ ਹਮਾਇਤੀ ਰਹੀ ਹੈ ਅਤੇ ਜਦੋਂ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਪਰ ਪੰਜਾਬ ’ਚ ਵਿਰੋਧੀ ਧਿਰ ਦੀ ਸਰਕਾਰ ਹੋਣ ਦੇ ਬਾਵਜੂਦ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬ ਦੇ ਵਿਕਾਸ ਲਈ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਸਾਥ ਦਿੱਤਾ। ਕਾਂਗਰਸ ਨੇ ਕਦੇ ਇਹ ਨਹੀਂ ਸੋਚਿਆ ਕਿ ਜੇਕਰ ਕਿਸੇ ਵੀ ਸੂਬੇ ’ਚ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਤਾਂ ਉਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਵੇ। ਮੈਂ ਖੁਦ ਜਦੋਂ ਦੇਸ਼ ਦਾ ਯੋਜਨਾ ਮੰਤਰੀ ਹੁੰਦਾ ਸੀ ਤਾਂ ਉਸ ਦੌਰਾਨ ਮੀਟਿੰਗਾਂ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੁੰਦੇ ਸਨ ਅਤੇ ਮੈਂ ਪੰਜਾਬ ਦੇ ਵਿਕਾਸ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਦਾ ਪੂਰਾ ਪੈਸਾ ਹੋਰ ਰਾਜਾਂ ਵਾਂਗ ਪੰਜਾਬ ਨੂੰ ਵੀ ਦਿੰਦਾ ਸੀ। ਇਸ ਵਿਚ ਕਦੇ ਵੀ ਕੋਈ ਵਿਤਕਰਾ ਨਹੀਂ ਕੀਤਾ ਗਿਆ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਾਏ ਜਾਣ ਵਾਲੇ ਅਜਿਹੇ ਦੋਸ਼ਾਂ ਦੀ ਕੋਈ ਮਤਲਬ ਨਹੀਂ ਬਣਦਾ।


Gurdeep Singh

Content Editor

Related News