ਕਾਂਗਰਸ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਕਰੇਗੀ ਪੂਰਾ :  ਵਿਜੇਇੰਦਰ ਸਿੰਗਲਾ

Sunday, Oct 31, 2021 - 05:00 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਵਿਚਲੀ ਕਾਂਗਰਸ ਸਰਕਾਰ ਵੱਲੋਂ ਪਹਿਲਾਂ 2 ਕਿਲੋਵਾਟ ਵਾਲੇ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕੀਤੇ ਜਾਣ ਅਤੇ ਹੁਣ ਅਕਾਲੀ ਦਲ-ਭਾਜਪਾ ਦੀ ਤੱਤਕਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ’ਚੋਂ ਜੀ.ਵੀ.ਕੇ. ਗੋਇੰਦਵਾਲ ਸਾਹਿਬ ਨਾਲ ਸਮਝੌਤਾ ਰੱਦ ਕੀਤੇ ਜਾਣ ਸਬੰਧੀ ਸੰਗਰੂਰ ਵਾਸੀਆਂ ’ਚ ਜਿੱਥੇ ਖੁਸੀ ਦੀ ਲਹਿਰ ਹੈ, ਉਥੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਤੇ ਕਾਂਗਰਸ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ। ਇਸ ਬਾਬਤ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਇਸ ਸਮਝੌਤੇ ਕਾਰਨ ਪੰਜਾਬ ਸਰਕਾਰ ਨੂੰ ਉਦੋਂ ਵੀ 7.52 ਰੁਪਏ ਪ੍ਰਤੀ ਯੂਨਿਟ ਬਿਜਲੀ ਕੰਪਨੀ ਨੂੰ ਦੇਣੇ ਪੈਂਦੇ ਸਨ, ਜਦੋਂ ਥਰਮਲ ਪਲਾਂਟ ’ਚ ਬਿਜਲੀ ਉਤਪਾਦਨ ਵੀ ਨਹੀਂ ਹੋ ਰਿਹਾ ਹੁੰਦਾ ਸੀ।

ਹੁਣ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੂੰ ਦੋ ਟੈਂਡਰ ਪ੍ਰਾਪਤ ਹੋਏ ਹਨ, ਜਿਹੜੇ ਕਿ 2.33 ਰੁਪਏ ਪ੍ਰਤੀ ਯੂਨਿਟ ਅਤੇ 2.50 ਪੈਸੇ ਪ੍ਰਤੀ ਯੂਨਿਟ ਬਿਜਲੀ ਸੂਰਜੀ ਊਰਜਾ ਉੱਤੇ ਆਧਾਰਿਤ ਪੈਦਾ ਕਰਨ ਨਾਲ ਸਬੰਧਤ ਹਨ। ਇਨ੍ਹਾਂ ਸਦਕਾ ਜੀ. ਵੀ. ਕੇ. ਗੋਇੰਦਵਾਲ ਸਾਹਿਬ ਵਾਲੇ ਥਰਮਲ ਤੋਂ ਕੋਲੇ ਨਾਲ ਪੈਦਾ ਹੁੰਦੀ ਬਿਜਲੀ ਦੀ ਲੋੜ ਨਹੀਂ ਪਵੇਗੀ। ਉਂਝ ਵੀ ਦੇਸ਼ ’ਚ ਕੋਲੇ ਦੀ ਕਮੀ ਹੈ ਤੇ ਇਸ ਰਾਹੀਂ ਬਿਜਲੀ ਉਤਪਾਦਨ ਮਹਿੰਗਾ ਪੈਣ ਦੇ ਨਾਲ-ਨਾਲ ਵਾਤਾਵਰਣ ਵੀ ਦੂਸ਼ਿਤ ਕਰਦਾ ਹੈ। ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਵੱਲ ਵਧ ਰਹੀ ਹੈ ਤੇ ਲੋਕਾਂ ਨੂੰ ਇਹ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਸਸਤੀ ਬਿਜਲੀ ਮਿਲੇਗੀ ਤੇ ਪੰਜਾਬ ਸਰਕਾਰ ਇਸ ਆਸ ਨੂੰ ਅਮਲੀ ਰੂਪ ਦੇਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਬਕਾਇਆ ਨਹੀਂ ਛੱਡਿਆ ਜਾਵੇਗਾ।

ਉਨ੍ਹਾਂ ਕਿਹਾ ਕਿ 2 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ਵਾਲੇ ਬਕਾਇਆ ਬਿੱਲਾਂ ਦੀ ਮੁਆਫੀ ਸਦਕਾ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਬਾਬਤ ਗੱਲ ਕਰਦਿਆਂ ਸੰਗਰੂਰ ਵਾਸੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਕਿਹਾ, ਉਹ ਕਰ ਕੇ ਵਿਖਾਇਆ ਹੈ ਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਬਾਕੀ ਵਾਅਦੇ ਵੀ ਛੇਤੀ ਪੂਰੇ ਹੋਣਗੇ। ਉਨ੍ਹਾਂ ਨੇ ਇਨ੍ਹਾਂ ਵੱਡੇ ਫੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ, ਸਮੁੱਚੀ ਕੈਬਨਿਟ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਕਾਂਗਰਸ ਸਰਕਾਰ ਦਾ ਧੰਨਵਾਦ ਕੀਤਾ।
 


Manoj

Content Editor

Related News