ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਇਤਿਹਾਸਕ ਧੋਖਾ ਕੀਤਾ : ਨਾਹਰ

Monday, Oct 30, 2017 - 06:59 AM (IST)

ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਇਤਿਹਾਸਕ ਧੋਖਾ ਕੀਤਾ : ਨਾਹਰ

ਤਰਨਤਾਰਨ (ਜ. ਬ.) - ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਬਣੇ 7 ਮਹੀਨੇ ਹੋਣ ਲੱਗੇ ਹਨ, ਨਾ ਤਾਂ ਅਜੇ ਤਕ ਵਾਅਦੇ ਮੁਤਾਬਿਕ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਕੋਈ ਕਦਮ ਚੁੱਕਿਆ ਗਿਆ ਹੈ ਤੇ ਨਾ ਹੀ ਕੋਈ ਮੋਬਾਇਲ ਕਿਸੇ ਨੂੰ ਦਿੱਤਾ ਹੈ। ਹੋਰ ਤਾਂ ਹੋਰ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਜੋ ਵਾਅਦਾ ਕੈਪ. ਅਮਰਿੰਦਰ ਸਿੰਘ ਨੇ ਕੀਤਾ ਸੀ, ਉਸ 'ਤੇ ਅਮਲ ਨਹੀਂ ਹੋ ਰਿਹਾ। ਇਹ ਗੱਲ ਬਸਪਾ (ਅੰਬੇਡਕਰ) ਪਾਰਟੀ ਵੱਲੋਂ ਤਰਨਤਾਰਨ ਨੇੜਲੇ ਪਿੰਡ ਸ਼ੇਖ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਕਹੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੇਘਰ ਲੋਕਾਂ ਨੂੰ ਪੱਕੇ ਮਕਾਨ, 51000 ਰੁਪਏ ਸ਼ਗਨ ਸਕੀਮ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ 2000 ਰੁਪਏ ਕਰਨ ਦੇ ਵਾਅਦੇ ਵੀ ਕਾਂਗਰਸ ਪਾਰਟੀ ਨੇ ਚੋਣਾਂ ਵਿਚ ਵਾਅਦੇ ਕੀਤੇ ਸੀ ਪਰ ਪੰਜਾਬ ਸਰਕਾਰ ਕੋਈ ਵੀ ਵਾਅਦਾ ਪੂਰਾ ਕਰਦੀ ਅਜੇ ਨਜ਼ਰ ਨਹੀਂ ਆ ਰਹੀ। ਉਲਟਾ ਬਿਜਲੀ ਦੇ ਰੇਟ ਵਧਾ ਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਜਾ ਰਹੀਆਂ ਹਨ, ਜੋ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਡੀ. ਐੱਮ. ਰਾਹੀਂ ਮੁਖ ਮੰਤਰੀ ਪੰਜਾਬ ਨੂੰ ਵਾਅਦੇ ਪੂਰੇ ਕਰਨ ਲਈ ਯਾਦ ਪੱਤਰ ਭੇਜੇ ਜਾ ਰਹੇ ਹਨ ਤੇ ਇਸ ਲੜੀ ਦੇ ਤਹਿਤ 17 ਨਵੰਬਰ ਨੂੰ ਹੁਸ਼ਿਆਰਪੁਰ, ਬਰਨਾਲਾ, ਗੁਰਦਾਸਪੁਰ ਤੇ ਜ਼ੀਰਾ ਵਿਖੇ ਯਾਦ ਪੱਤਰ ਦਿੱਤੇ ਜਾਣਗੇ। ਜੇ ਫਿਰ ਵੀ ਸਰਕਾਰ ਨੇ ਆਪਣੇ ਵਾਅਦਿਆਂ 'ਤੇ ਅਮਲ ਨਾ ਕੀਤਾ ਤਾਂ ਪਾਰਟੀ ਵੱਲੋਂ ਜਲੰਧਰ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਕੱਠ ਨੂੰ ਤਾਰਾ ਸਿੰਘ ਗਿੱਲ, ਪੂਰਨ ਸਿੰਘ ਸ਼ੇਖ, ਤੀਰਥ ਸਿੰਘ, ਜਤਿੰਦਰ ਸਿੰਘ ਪਨੂੰ, ਗੁਰਦਿਆਲ ਸਿੰਘ ਦਦੇਰ ਨੇ ਵੀ ਸੰਬੋਧਨ ਕੀਤਾ।


Related News