ਚੋਣਾਂ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਨੂੰ ਬਦਲ ਕੇ ਅਧਿਆਪਕਾਂ ਦਾ ਹੱਥ ਫੜਨ ਦੀ ਕਵਾਇਦ ’ਚ ਕਾਂਗਰਸ ਸਰਕਾਰ

Tuesday, Oct 05, 2021 - 06:09 PM (IST)

ਚੋਣਾਂ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਨੂੰ ਬਦਲ ਕੇ ਅਧਿਆਪਕਾਂ ਦਾ ਹੱਥ ਫੜਨ ਦੀ ਕਵਾਇਦ ’ਚ ਕਾਂਗਰਸ ਸਰਕਾਰ

ਲੁਧਿਆਣਾ (ਵਿੱਕੀ) : ਰਾਜ ਦੀ ਚੰਨੀ ਸਰਕਾਰ ਨੇ ਪਿਛਲੇ ਹਫਤੇ ਵਿਜੇ ਇੰਦਰ ਸਿੰਗਲਾ ਤੋਂ ਸਿੱਖਿਆ ਵਿਭਾਗ ਵਾਪਸ ਲੈ ਕੇ ਜਿੱਥੇ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਇਕ ਅਹਿਮ ਫੈਸਲਾ ਲੈਂਦੇ ਹੋਏ ਪਿਛਲੇ ਕਰੀਬ ਸਾਢੇ 4 ਸਾਲ ਤੋਂ ਬਤੌਰ ਸਿੱਖਿਆ ਸਕੱਤਰ ਸੇਵਾਵਾਂ ਦੇ ਰਹੇ ਆਈ. ਏ. ਐੱਸ. ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਵੀ ਇਸ ਅਹੁਦੇ ਤੋਂ ਛੁੱਟੀ ਕਰਦੇ ਹੋਏ ਅਜਾਏ ਕੁਮਾਰ ਸ਼ਰਮਾ ਨੂੰ ਰਾਜ ਦਾ ਨਵਾਂ ਸਿੱਖਿਆ ਸਕੱਤਰ ਲਗਾਇਆ ਗਿਆ ਹੈ। ਕ੍ਰਿਸ਼ਨ ਕੁਮਾਰ ਸਬੰਧੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਅਧਿਕਾਰੀਆਂ ’ਚੋਂ ਹਨ। ਹਾਲਾਂਕਿ ਉਨ੍ਹਾਂ ਦੇ ਕਾਰਜਾਂ ਨੂੰ ਦੇਖੀਏ ਤਾਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਅਹਿਮ ਕਦਮ ਚੁੱਕੇ ਅਤੇ ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਵਾਇਆ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ’ਚ ਇੰਗਲਿਸ਼ ਮੀਡੀਅਮ ਸ਼ੁਰੂ ਕਰਵਾਉਣ ਦੇ ਨਾਲ ਐਗਜ਼ਾਮ ਦੇ ਦਿਨਾਂ ਵਿਚ ਐਕਸਟਰਾ ਕਲਾਸਾਂ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਦਾ ਨਤੀਜਾ ਹੈ ਕਿ ਪਿਛਲੇ 3 ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਤੋਂ ਕਿਤੇ ਬਿਹਤਰ ਰਹੇ। ਇਥੇ ਹੀ ਬੱਸ ਨਹੀਂ, ਕ੍ਰਿਸ਼ਨ ਕੁਮਾਰ ਨੇ ਆਪਣੀ ਲਾਜਵਾਬ ਕਾਰਜਸ਼ੈਲੀ ਦੀ ਬਦੌਲਤ ਸਰਕਾਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਵਾਈਆਂ ਅਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਦਾਖਲਾ ਮੁਹਿੰਮ ਸ਼ੁਰੂ ਕਰ ਕੇ ਦਾਖਲਿਆਂ ’ਚ ਰਿਕਾਰਡ ਵਾਧਾ ਕਰਵਾਇਆ ਪਰ ਕਿਤੇ ਨਾ ਕਿਤੇ ਹੁਣ ਕ੍ਰਿਸ਼ਨ ਕੁਮਾਰ ਨੂੰ ਬਦਲਣ ਨਾਲ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ ਸੂਬੇ ਦੀਆਂ ਅਨੇਕਾਂ ਅਧਿਅਪਕ ਯੂਨੀਅਨਾਂ ਦੀ ਮੰਗ ਪੂਰੀ ਹੋਈ ਹੈ, ਨਾਲ ਹੀ ਕਾਂਗਰਸ ਸਰਕਾਰ ਵੀ ਚੋਣਾਂ ਤੋਂ ਪਹਿਲਾਂ ਅਧਿਆਪਕਾਂ ਦਾ ਹੱਥ ਫੜਨ ਦੀ ਕਵਾਇਦ ਵਿਚ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਮੰਤਰੀ ਕਿਸ ਨੂੰ ਬਣਾਈਏ, ਹੁਣ ਦਿੱਲੀ ਤੋਂ ਫੈਸਲੇ ਹੋਣ ਲੱਗੇ : ਸੁਖਬੀਰ ਬਾਦਲ

ਕ੍ਰਿਸ਼ਨ ਕੁਮਾਰ ਦੀ ਬਦਲੀ ਤੋਂ ਸਕੂਲੀ ਅਧਿਆਪਕਾਂ ਨੇ ਵੀ ਕਾਫੀ ਹੱਦ ਤੱਕ ਰਾਹਤ ਦਾ ਸਾਹ ਲਿਆ ਹੈ ਕਿਉਂਕਿ ਅਧਿਆਪਕਾਂ ਦਾ ਦੋਸ਼ ਸੀ ਕਿ ਉਨ੍ਹਾਂ ’ਤੇ ਬੇਹਿਸਾਬ ਕੰਮ ਦਾ ਬੋਝ ਪਾਇਆ ਗਿਆ ਹੈ, ਨਾਲ ਹੀ ਲੋਕਲ ਪੱਧਰ ਦੇ ਅਧਿਕਾਰੀ ਵੀ ਸਕੱਤਰ ਆਫਿਸ ਵੱਲੋਂ ਸਮੇਂ-ਸਮੇਂ ’ਤੇ ਲਈ ਜਾਣ ਵਾਲੀ ਲੰਬੀ ਮੀਟਿੰਗ ਤੋਂ ਪ੍ਰੇਸ਼ਾਨ ਸਨ ਅਤੇ ਦੱਬੀ ਜ਼ੁਬਾਨ ’ਚ ਇਸ ਦਾ ਵਿਰੋਧ ਵੀ ਕਰਦੇ ਸਨ। ਦੇਖਿਆ ਜਾਵੇ ਤਾਂ ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਵੀ ਅਧਿਆਪਕ ਵਰਗ ਦੇ ਸਰਕਾਰ ਦੇ ਪ੍ਰਤੀ ਪੈਦਾ ਹੋਏ ਗੁੱਸੇ ਨੂੰ ਸ਼ਾਂਤ ਕਰਨ ਦਾ ਯਤਨ ਕਰਨ ’ਚ ਲੱਗੀ ਹੋਈ ਹੈ। ਐਤਵਾਰ ਨੂੰ ਮੁੱਖ ਮੰਤਰੀ ਵੱਲੋਂ ਆਪਣੇ ਰਿਹਾਇਸ਼ੀ ਏਰੀਆ ਤੋਂ ਦੂਰ ਬਾਰਡਰ ਏਰੀਆ ਵਿਚ ਲਗਾਏ ਗਏ ਟੀਚਰਾਂ ਨੂੰ ਵਾਪਸ ਉਨ੍ਹਾਂ ਦੇ ਨੇੜਲੇ ਸਕੂਲਾਂ ’ਚ ਲਿਆਉਣ ਦੀ ਗੱਲ ਕਹਿਣਾ ਇਸ ਗੱਲ ਦੇ ਸੰਕੇਤ ਦੇ ਦਿੱਤਾ ਗਿਆ ਸੀ ਕਿ ਹੁਣ ਜਲਦ ਹੀ ਸਿੱਖਿਆ ਵਿਭਾਗ ’ਚ ਵੱਡੇ ਪੱਧਰ ’ਤੇ ਫੇਰਬਦਲ ਹੋਣ ਵਾਲਾ ਹੈ। ਹੁਣ ਚੰਨੀ ਦੇ ਬਿਆਨ ਦੇ ਕੁਝ ਸਮੇਂ ਬਾਅਦ ਹੀ ਸਕੱਤਰ ਐਜੂਕੇਸ਼ਨ ਦੀ ਬਦਲੀ ਹੋਣਾ ਇਸ ਗੱਲ ਦਾ ਸੰਕੇਤ ਹੈ। ਹਾਲਾਂਕਿ ਕ੍ਰਿਸ਼ਨ ਕੁਮਾਰ ਨੂੰ ਉੱਚ ਸਿੱਖਆ ਦਾ ਸਕੱਤਰ ਲਗਾਇਆ ਗਿਆ ਹੈ, ਜਿੱਥੇ ਉਨ੍ਹਾਂ ਦੇ ਸਾਹਮਣੇ ਢੇਰ ਸਾਰੀਆਂ ਚੁਣੌਤੀਆਂ ਹਨ ਕਿਉਂਕਿ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ’ਚ ਸਥਾਈ ਸਟਾਫ ਦੀ ਭਰਤੀ ਬੰਦ ਹੈ ਅਤੇ ਮੌਜੂਦਾ ਸਮੇਂ ’ਚ ਜ਼ਿਆਦਾਤਰ ਸਟਾਫ ਸੇਵਾਮੁਕਤ ਹੋ ਚੁੱਕਾ ਹੈ। ਹਾਲ ਤਾਂ ਇਹ ਹੈ ਕਿ ਕਈ ਕਾਲਜਾਂ ਵਿਚ ਤਾਂ ਪ੍ਰਿੰਸੀਪਲ ਦਾ ਕੰਮ ਵੀ ਆਫੀਸੀਏਟਿੰਗ ਪ੍ਰਿੰਸੀਪਲ ਕਰ ਰਹੇ ਹਨ।

ਇਹ ਵੀ ਪੜ੍ਹੋ : ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ’ਚ ਸਰਕਾਰੀ ਗੁੰਡਾਗਰਦੀ : ਮਾਨ

ਕੀ ਇਹ ਕੁਝ ਸਮੇਂ ਦੀ ਰਾਹਤ?
ਹਾਲਾਂਕਿ ਅਧਿਆਪਕ ਇਸ ਨੂੰ ਚੋਣ ਸਟੰਟ ਦੱਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁਝ ਸਮੇਂ ਦੀ ਰਾਹਤ ਹੈ ਅਤੇ ਚੋਣਾਂ ਤੋਂ ਬਾਅਦ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਫਿਰ ਸਕੱਤਰ ਐਜੂਕੇਸ਼ਨ ਲਗਾਇਆ ਜਾ ਸਕਦਾ ਹੈ। ਅਧਿਆਪਕਾਂ ਨੇ ਕਿਹਾ ਕਿ ਇਹ ਫੈਸਲਾ ਕਿਸੇ ਵਿਸ਼ੇਸ਼ ਸੁਧਾਰ ਲਈ ਨਾ ਹੋ ਕੇ ਕੇਵਲ ਚੋਣਾਂ ’ਚ ਅਧਿਆਪਕਾਂ ਵੱਲੋਂ ਵਿਰੋਧ ਨਾ ਕੀਤਾ ਜਾਵੇ, ਨੂੰ ਦੇਖਦੇ ਹੋਏ ਲਿਆ ਗਿਆ ਹੈ।

ਆਪਣੀ ਟੀਮ ਦੇ 4 ਮੈਂਬਰ ਵੀ ਕੀਤੇ ਫਾਰਗ
ਕ੍ਰਿਸ਼ਨ ਕੁਮਾਰ ਨੇ ਸਕੱਤਰ ਐਜੂਕੇਸ਼ਨ ਦਾ ਕਾਰਜਭਾਰ ਛੱਡਣ ਤੋਂ ਪਹਿਲਾਂ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਹੈ। ਇਸ ਵਿਚ ਪ੍ਰਮੋਦ ਭਾਰਤੀ ਲੈਕਚਰਰ ਰਾਜਨੀਤੀ ਸ਼ਾਸਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਸ਼ਹੀਦ ਭਗਤ ਸਿੰਘ ਨਗਰ, ਸੁਖਦਰਸ਼ਨ ਸਿੰਘ ਐੱਸ. ਐੱਸ. ਅਧਿਆਪਕ ਸਰਕਾਰੀ ਹਾਈ ਸਕੂਲ ਚੱਪੜ ਪਟਿਆਲਾ, ਗੁਰਮੀਤ ਸਿੰਘ ਲੈਕਚਰਰ ਕਾਮਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ, ਬਠਿੰਡਾ ਨੂੰ ਵਿਭਾਗ ਦੇ ਸਪੋਕਸਪਰਸਨ ਅਤੇ ਸÇਲੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਹੁਸ਼ਿਆਰਪੁਰ ਨੂੰ ਸਹਾਇਕ ਡਾਇਰੈਕਟਰ ਟ੍ਰੇਨਿੰਗ ਦਫਤਰ ਐੱਸ. ਸੀ. ਈ. ਆਰ. ਟੀ. ਪੰਜਾਬ ਤੋਂ ਵਾਧੂ ਚਾਰਜ ਵਾਪਸ ਲੈਂਦੇ ਹੋਏ, ਉਨ੍ਹਾਂ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਭੇਜ ਦਿੱਤਾ ਗਿਆ ਹੈ।

ਹੋਰਨਾਂ ਅਧਿਆਪਕਾਂ ਦੇ ਸਕੂਲਾਂ ’ਚ ਵਾਪਸ ਮੋੜਨ ਦੀਆਂ ਚਰਚਾਵਾਂ ਵੀ ਹੋਈਆਂ ਤੇਜ਼
ਕ੍ਰਿਸ਼ਨ ਕੁਮਾਰ ਵੱਲੋਂ ਸੂਬੇ ਦੇ ਸੈਂਕੜੇ ਅਧਿਆਪਕਾਂ ਨੂੰ ਬਤੌਰ ਡੀ. ਐੱਮ., ਬੀ. ਐੱਮ., ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ, ‘ਸਿੱਖਿਆ ਸੁਧਾਰ ਟੀਮ’ ਦੇ ਮੈਂਬਰ ਆਦਿ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ, ਜਿਸ ਕਾਰਨ ਇਨ੍ਹਾਂ ਅਧਿਆਪਕਾਂ ਨੂੰ ਸਕੂਲ ਡਿਊਟੀ ਨਹੀਂ ਕਰਨੀ ਪੈਂਦੀ। ਇਸ ਸਭ ਦੇ ਵਿਚ ਬੱਚਿਆਂ ਦੀ ਪੜ੍ਹਾਈ ’ਤੇ ਵੀ ਅਸਰ ਪੈ ਰਿਹਾ ਹੈ। ਹੁਣ ਸਿੱਖਿਆ ਮੰਤਰੀ ਤੋਂ ਬਾਅਦ ਸਿੱਖਿਆ ਸਕੱਤਰ ਦੇ ਬਦਲੇ ਜਾਣ ਕਾਰਨ ਇਨ੍ਹਾਂ ਅਧਿਆਪਕਾਂ ਦੇ ਸਕੂਲਾਂ ਵਿਚ ਵਾਪਸ ਮੋੜਨ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਜਲਦ ਹੀ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਵੀ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣ ਲਈ ਵਾਪਸ ਭੇਜਿਆ ਜਾ ਸਕਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News