ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫੀ ਉਡੀਕਦਿਆਂ ਲੰਘ ਰਿਹਾ ਹੈ 2017, ਕੀ ਨਵੇਂ ਸਾਲ ''ਚ ਮਿਲੇਗਾ ਸਰਹੱਦੀ ਜ਼ਿਲੇ ਨੂੰ ਤੋਹਫਾ
Thursday, Dec 21, 2017 - 12:09 PM (IST)
ਜ਼ੀਰਾ/ਫਿਰੋਜ਼ਪੁਰ (ਅਕਾਲੀਆਂ ਵਾਲਾ) - ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ 'ਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਸੀ। ਇਸੇ ਸਾਲ ਜਨਵਰੀ ਵਿਚ ਚੋਣਾਂ ਜਲਸਿਆਂ ਦੌਰਾਨ ਕੈਪਟਨ ਤੋਂ ਇਲਾਵਾ ਹਰ ਵੱਡੇ ਛੋਟੇ ਕਾਂਗਰਸੀ ਆਗੂ ਨੇ ਕਰਜ਼ਾ ਮੁਆਫੀ ਦਾ ਰਾਗ ਅਲਾਪਿਆ ਸੀ ਪਰ ਸਰਕਾਰ ਹੌਂਦ 'ਚ ਆਉਣ ਕੋਂ ਬਾਅਦ ਸਭ ਕੁਝ ਬਦਲ ਗਿਆ। ਕਰਜ਼ਾ ਮੁਆਫੀ ਨੂੰ ਲੈ ਕੇ ਨਵੀਂਆਂ ਵਿਉਂਤਬੰਦੀਆਂ ਜਾਰੀ ਕਰ ਦਿੱਤੀਆਂ ਹਨ। 2017 ਸਾਲ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਸਾਰਾ ਕਰਜ਼ਾ ਮੁਆਫੀ ਨੂੰ ਲੈ ਕੇ ਉਠਾਈ ਜਾ ਰਹੀ ਮੰਗ ਨਾਲ ਖਤਮ ਹੋਣ ਜਾ ਰਿਹਾ ਹੈ। ਕਿਸਾਨਾਂ ਅੰਦਰ ਅਜੇ ਇਹ ਸ਼ੰਕਾ ਬਣਿਆ ਹੋਇਆ ਹੈ ਕਿ ਕਰਜ਼ਾ ਮੁਆਫ ਕਿਵੇਂ ਹੋਵੇਗਾ ਕੀ ਸਾਡੀ ਜ਼ਰੂਰਤ ਮੁਤਾਬਕ ਅਸੀਂ ਸਰਕਾਰ ਦੀ ਸਕੀਮ ਦੇ ਘੇਰੇ ਵਿਚ ਆ ਸਕਾਂਗੇ। ਕਿਸਾਨ ਇਸ ਸੋਚ ਨੂੰ ਲੈ ਕੇ 2018 ਸਾਲ ਵਿਚ ਦਾਖਲ ਹੋ ਜਾਣਗੇ। ਪਰ ਕੈਪਟਨ ਸਰਕਾਰ ਜੋ ਵੀ ਦੇਵੇਗੀ। ਉਸ ਨੂੰ ਕਿਸਾਨ ਨਵੇਂ ਸਾਲ ਦੇ ਤੋਹਫੇ ਵਜੋਂ ਤੱਕ ਰਹੇ ਹਨ। ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਦੇ ਸਿਰ 73 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ 'ਚੋਂ 59 ਹਜ਼ਾਰ ਕਰੋੜ ਰੁਪਏ ਫਸਲੀ ਕਰਜ਼ੇ ਦੇ ਹਨ। ਇਸ ਕਰਜ਼ੇ ਵਿਚੋਂ ਫਿਲਹਾਲ 5 ਹਜ਼ਾਰ ਕਰੋੜ ਰੁਪਏ ਤੱਕ ਦਾ ਕਰਜ਼ਾ ਮੁਆਫ ਹੋਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਵਿਧਾਨ ਸਭਾ ਵਿਚ ਢਾਈ ਤੋਂ ਪੰਜ ਏਕੜ ਦੀ ਮਾਲਕੀ ਵਾਲੇ 10. 22 ਲੱਖ ਕਿਸਾਨਾਂ ਦੇ 2-2 ਲੱਖ ਰੁਪਏ ਕਰਜ਼ੇ ਮੁਆਫ ਕਰਨ ਦੀ ਘੋਸ਼ਣਾ ਕੀਤੀ। ਸਰਕਾਰ ਵੱਲੋਂ ਪਹਿਲੀ ਕਿਸ਼ਤ 15 ਦਸੰਬਰ 2017 ਤੱਕ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦੀ ਘੋਸ਼ਣਾ ਕੀਤੀ ਸੀ
ਸਰਹੱਦੀ ਜ਼ਿਲੇ ਦੇ ਕਿਸਾਨਾਂ 'ਤੇ 2404 ਕਰੋੜ 43 ਲੱਖ ਰੁਪਏ ਦਾ ਕਰਜ਼ਾ
ਬੈਕ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਕਿਸਾਨਾਂ 'ਤੇ 2404 ਕਰੋੜ 43 ਲੱਖ ਰੁਪਏ ਦਾ ਕਰਜ਼ਾ ਹੈ। ਜੋ ਕਿਸਾਨਾਂ ਨੇ ਫਸਲੀ ਕਰਜ਼ੇ ਦੇ ਨਾਲ ਨਾਲ ਸਹਾਇਕ ਧੰਦਿਆਂ ਲਈ ਲਿਆ ਸੀ। ਕੌਮੀ ਕ੍ਰਿਤ ਬੈਂਕਾਂ ਦਾ 1835 ਕਰੋੜ, ਪੀ.ਏ.ਡੀ.ਬੀ. 3 ਕਰੋੜ 33 ਲੱਖ, ਪੰਜਾਬ ਗ੍ਰਾਮੀਣ ਬੈਂਕ 317 ਕਰੋੜ, ਸਹਿਕਾਰੀ ਬੈਂਕਾਂ ਦਾ 247 ਕਰੋੜ 60 ਲੱਖ ਰੁਪਏ ਦਾ ਕਰਜ਼ਾ ਕਿਸਾਨਾਂ ਨੇ ਲਿਆ ਹੋਇਆ ਹੈ।
ਸਹਿਕਾਰੀ ਸਭਾਵਾਂ ਵੱਲੋਂ ਕਰਜ਼ੇ ਦੀਆਂ ਲਿਸਟਾਂ ਕੀਤੀਆਂ ਤਿਆਰ
ਜ਼ਿਲੇ ਫਿਰੋਜ਼ਪੁਰ ਦੀਆਂ 141 ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਜੋ ਕਿਸਾਨਾਂ ਨੂੰ ਕਰਜ਼ਾ ਦਿੱਤਾ ਗਿਆ ਹੈ। ਉਸ ਵਿਚੋਂ ਸਰਕਾਰੀ ਹਦਾਇਤਾਂ ਮੁਤਾਬਕ ਢਾਈ ਤੋਂ ਪੰਜ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦੀਆਂ ਲਿਸਟਾਂ ਤਿਆਰ ਹੋ ਚੁੱਕੀਆਂ ਹਨ। ਢਾਈ ਏਕੜ ਵਾਲੇ ਕਿਸਾਨਾਂ ਸਿਰ 2475.33 ਲੱਖ ਕਰਜ਼ਾ ਬਣਿਆ ਹੈ। ਜਦਕਿ ਪੰਜ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਸਿਰ 6515.41 ਲੱਖ ਰੁਪੈ ਕਰਜ਼ਾ ਬਣਿਆ ਹੈ।
ਜ਼ਿਆਦਾਤਰ ਕਿਸਾਨ ਕਰਜ਼ਾ ਮੁਆਫ਼ੀ ਤੋਂ ਰਹਿਣਗੇ ਵਾਂਝੇ : ਕਮਾਲਗੜ੍ਹ
ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਇਕ ਡਰਾਮਾ ਸਾਬਤ ਹੋ ਰਹੀ ਹੈ। ਜਿਸ ਨੂੰ ਕਿਸਾਨ ਦੇਖ ਕੇ ਸਬਰ ਕਰ ਰਹੇ ਹਨ। ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ ਕਰਜ਼ੇ 'ਚ ਕਈ ਸ਼ਰਤਾਂ ਰੱਖ ਦਿੱਤੀਆਂ ਹਨ।
ਕਰਜ਼ਾ ਮੁਆਫ਼ੀ ਦਾ ਵਾਅਦਾ ਵੱਡਾ ਧੋਖਾ : ਖਿੰਡਾਂ
ਇਕੱਲੇ ਕਰਜ਼ੇ ਦੀ ਗੱਲ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਵੀ ਵਾਅਦੇ ਕੀਤੇ ਸਨ। ਪਰ ਅਜੇ ਲਾਗੂ ਕੋਈ ਵੀ ਨਹੀਂ ਕੀਤਾ ਗਿਆ। ਪੰਜਾਬ ਦੇ ਕਿਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਹਨ। ਪਰ ਸਰਕਾਰ ਨੇ ਕਰਜ਼ੇ ਮੁਆਫੀ ਦਾ ਵਾਅਦਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਕਰਜ਼ਾ ਮੁਆਫੀ ਸੰਬੰਧੀ ਨਵਾਂ ਸਾਫਟੇਅਰ ਹੋ ਰਿਹੈ ਤਿਆਰ
ਪੰਜਾਬ ਸਰਕਾਰ ਵੱਲੋ ਕਰਜ਼ਾ ਮੁਆਫੀ ਸੰਬੰਧੀ ਸਾਫਟੇਅਰ ਤਿਆਰ ਕੀਤਾ ਜਾ ਰਿਹਾ ਹੈ। ਜਿਸ ਦੇ ਰਾਹੀਂ ਪਤਾ ਲੱਗ ਜਾਵੇਗਾ ਕਿ ਕਿਸਾਨ ਦੀ ਜ਼ਮੀਨ ਕਿੰਨੀ ਹੈ ਅਤੇ ਬੈਂਕਾਂ ਤੋਂ ਕਰਜ਼ਾ ਕਿੰਨਾ ਲਿਆ ਹੈ। ਜ਼ਮੀਨ ਦਾ ਰਿਕਾਰਡ ਆਧਾਰ ਨਾਲ ਲਿੰਕ ਹੋਣ 'ਤੇ ਸਾਹਮਣੇ ਆ ਜਾਵੇਗਾ।
