ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਨਸ਼ੇ ਸਮੇਤ ਗ੍ਰਿਫ਼ਤਾਰ

Wednesday, Oct 23, 2024 - 06:51 PM (IST)

ਚੰਡੀਗੜ੍ਹ : ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਸ ਦੇ ਅਧਿਕਾਰੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਏਜੀਟੀਐੱਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਜੋ ਨਸ਼ੇ ਦਾ ਆਦੀ ਹੈ, ਨੂੰ ਨਸ਼ਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਅਤੇ ਨੰਬਰ ਟਰੇਸ ਕੀਤਾ। ਇਸ ਦੌਰਾਨ ਪੁਲਸ ਟੀਮ ਨੇ ਨਾਕੇ ਤੋਂ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਅਤੇ ਬਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਰੋਕਿਆ ਅਤੇ ਜਾਂਚ ਕੀਤੀ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਤੋਂ ਅਚਾਨਕ ਜ਼ੋਰ ਫੜੇਗੀ ਠੰਡ

ਪੁਲਸ ਨੇ ਮੌਕੇ ਤੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਸਤਿਕਾਰ ਕੌਰ 2017 ਤੋਂ 2022 ਤੱਕ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਬਰਿੰਦਰ ਸਿੰਘ ਸਤਿਕਾਰ ਕੌਰ ਦੀ ਕਾਰ ਡਰਾਈਵਰ ਹੈ। ਇਸ ਮਾਮਲੇ ਵਿਚ ਅਜੇ ANTF ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਖਰੜ, ਸੰਨੀ ਐਨਕਲੇਵ ਵਿਚ ਸਤਿਕਾਰ ਕੌਰ ਦੇ ਘਰ ਦੀ ਤਲਾਸ਼ੀ ਲਈ ਜਿਥੇ ਛੋਟੇ ਪੈਕਟਾਂ ਵਿਚ 28 ਗ੍ਰਾਮ ਚਿੱਟਾ ਅਤੇ ਨਕਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 4 ਵਾਹਨ, ਕੁਝ ਗਹਿਣੇ, 5 ਵੱਖ-ਵੱਖ ਨੰਬਰ ਪਲੇਟਾਂ, ਜੋ ਦਿੱਲੀ ਅਤੇ ਹਰਿਆਣਾ ਦੀਆਂ ਹਨ ਬਰਾਮਦ ਹੋਈਆਂ ਹਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 


 


Gurminder Singh

Content Editor

Related News