40 ਦਿਨਾਂ ’ਚ ਨਿਕਲੀ ਚੰਨੀ ਲਹਿਰ ਦੀ ਹਵਾ, ਜਲੰਧਰ ਜ਼ਿਮਨੀ ਚੋਣ ਨਤੀਜਿਆਂ ’ਚ ਕਾਂਗਰਸ ਮੂਧੇ-ਮੂੰਹ ਡਿੱਗੀ
Sunday, Jul 14, 2024 - 07:07 PM (IST)
ਜਲੰਧਰ (ਚੋਪੜਾ)-ਪੱਛਮੀ ਵਿਧਾਨ ਸਭਾ ਹਲਕੇ ’ਚ ਉਪ-ਚੋਣ ਦੇ ਨਤੀਜਿਆਂ ’ਚ ਕਾਂਗਰਸ ਦੀ ਹੋਈ ਦੁਰਦਸ਼ਾ ਸਾਬਤ ਕਰਦੀ ਹੈ ਕਿ ਪੰਜਾਬ ’ਚ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ’ਚ ਚਰਨਜੀਤ ਚੰਨੀ ਲਹਿਰ ਦੀ ਹਵਾ ਸਿਰਫ਼ 40 ਦਿਨਾਂ ’ਚ ਹੀ ਨਿਕਲ ਗਈ ਹੈ। ਜ਼ਿਮਨੀ ਚੋਣ ’ਚ ਪੱਛਮੀ ਹਲਕੇ ’ਚ ਕਾਂਗਰਸ ਜਿਸ ਵੱਡੇ ਫਰਕ ਨਾਲ ਹਾਰ ਕੇ ਤੀਜੇ ਸਥਾਨ ’ਤੇ ਆ ਖੜ੍ਹੀ ਹੋਈ ਹੈ, ਇਸ ਨਾਲ ਸਿਆਸੀ ਗਲਿਆਰਿਆਂ ’ਚ ਨਵੀਂ ਚਰਚਾ ਛਿੜ ਗਈ ਹੈ ਕਿ ਕੀ ਚੰਨੀ ਦਾ ਵੋਟਰਾਂ ਵਿਚਾਲੇ ਕਰੀਬ ਇਕ ਮਹੀਨਾ ਪਹਿਲਾਂ ਚੱਲਿਆ ਜਾਦੂ ਖ਼ਤਮ ਹੋ ਗਿਆ ਹੈ? ਜ਼ਿਮਨੀ ਚੋਣ ਭਾਵੇਂ ਸੰਸਦ ਮੈਂਬਰ ਚੰਨੀ ਦੀ ਨਹੀਂ ਸੀ ਪਰ ਚੰਨੀ ਨੇ ਹੀ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦਿਵਾਉਣ ’ਚ ਵੱਡੀ ਭੂਮਿਕਾ ਅਦਾ ਕਰਦੇ ਹੋਏ ਕਾਂਗਰਸ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ ਮਿਲੀ ਵੱਡੀ ਜਿੱਤ ਮਗਰੋਂ ਅੱਜ ਜਲੰਧਰ ਆਉਣਗੇ CM ਭਗਵੰਤ ਮਾਨ
ਲੰਘੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਪੱਛਮੀ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ, ਕਾਂਗਰਸ ਦਾ ਮਾਰਜਿਨ ਭਾਵੇਂ 1557 ਵੋਟਾਂ ਦਾ ਰਿਹਾ ਪਰ ਕੇਂਦਰੀ ਅਤੇ ਉੱਤਰੀ ਵਿਧਾਨ ਸਭਾ ਹਲਕਿਆਂ ’ਚ ਭਾਜਪਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨ ਵਾਲੀ ਕਾਂਗਰਸ ਸ਼ਹਿਰੀ ਇਲਾਕਿਆਂ ’ਚ ਸਿਰਫ਼ ਪੱਛਮੀ ਹਲਕੇ ’ਚ ਆਪਣੀ ਇੱਜਤ ਬਚਾ ਸਕਾ ਸੀ। ਇਥੇ ਕਾਂਗਰਸ ਦੇ ਮੁਕਾਬਲੇ ਲੋਕ ਸਭਾ ਚੋਣਾਂ ’ਚ ਭਾਜਪਾ 42,837 ਵੋਟਾਂ ਹਾਸਲ ਕਰ ਕੇ ਦੂਜੇ ਅਤੇ ਆਮ ਆਦਮੀ ਪਾਰਟੀ 15,629 ਵੋਟਾਂ ਲੈ ਕੇ ਤੀਸਰੇ ਸਥਾਨ ’ਤੇ ਆਈ। 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਕਾਂਗਰਸ ਦਾ ਵੋਟ ਬੈਂਕ ਜ਼ਿਮਨੀ ਚੋਣ ’ਚ 10 ਜੁਲਾਈ ਨੂੰ 44,394 ਦੇ ਅੰਕੜੇ ਤੋਂ ਖ਼ਿਸਕ ਕੇ 16,757 ਵੋਟਾਂ ’ਤੇ ਆਉਣਾ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਉਹ ਵੀ ਅਜਿਹੇ ਹਾਲਾਤ ’ਚ ਜਦੋਂ ਸੰਸਦ ਮੈਂਬਰ ਚੰਨੀ ਨੇ ਵੀ ਜ਼ਿਮਨੀ ਚੋਣ ’ਚ ਹਲਕੇ ਦੇ ਗਲੀ-ਮੁਹੱਲਿਆਂ ’ਚ ਚੋਣ ਪ੍ਰਚਾਰ ਕੀਤਾ ਹੋਵੇ। ਜ਼ਿਮਨੀ ਚੋਣ ’ਚ ਦੂਜੇ ਨੰਬਰ ’ਤੇ ਰਹਿਣ ਵਾਲੀ ਭਾਜਪਾ ਵੀ ਸਿਰਫ਼ 17,921 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਿੜ੍ਹ ਗਈ। ਹੁਣ ਹਾਲਾਂਕਿ ਜਨਤਾ ਦਾ ਫ਼ੈਸਲਾ ਸਭ ਦੇ ਸਾਹਮਣੇ ਆ ਚੁੱਕਿਆ ਹੈ, ਅਜਿਹੇ ਹਾਲਾਤ ’ਚ ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਹਾਰ ਕਾਰਨ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਉਨ੍ਹਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਪ-ਚੋਣ ਉਨ੍ਹਾਂ ਦੀ ਪਹਿਲੀ ਅਗਨੀ ਪ੍ਰੀਖਿਆ ਸੀ, ਜਿਸ ’ਚ ਚੰਨੀ ਬੁਰੀ ਤਰ੍ਹਾਂ ਫਲਾਪ ਸਾਬਤ ਹੋ ਗਏ ਹਨ।
ਇਹ ਵੀ ਪੜ੍ਹੋ- ਕੈਨੇਡਾ ਜਾਣ ਲਈ ਲਾ ਦਿੱਤੇ 22 ਲੱਖ ਰੁਪਏ, ਪਰ ਮਿਲਿਆ ਜਾਅਲੀ ਵੀਜ਼ਾ, ਇੰਝ ਖੁੱਲ੍ਹਿਆ ਏਜੰਟ ਦੀ ਕਰਤੂਤ ਦਾ ਭੇਤ
ਇਨ੍ਹਾਂ ਚੋਣ ਨਤੀਜਿਆਂ ਦਾ ਮਾੜਾ ਅਸਰ ਕਾਂਗਰਸ ਕੇਡਰ ਦੇ ਮਨੋਬਲ ’ਤੇ ਵੀ ਪਵੇਗਾ, ਕਿਉਂਕਿ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਨੇਤਾ ਆਉਂਦੇ ਸਮੇਂ ’ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ’ਚ ਵੀ ਵੱਡੀ ਜਿੱਤ ਦੀ ਹੁੰਕਾਰ ਭਰਦੇ ਹੋਏ ਨਿਗਮ ਹਾਊਸ ’ਤੇ ਕਬਜ਼ਾ ਕਰ ਕੇ ਕਾਂਗਰਸ ਦਾ ਮੇਅਰ ਬਣਾਉਣ ਦੇ ਦਾਅਵੇ ਕਰਨ ਲੱਗੇ ਸਨ। ਪਰ ਅੱਜ ‘ਆਪ’ ਨੇ ਜਿਸ ਤਰ੍ਹਾਂ ਆਪਣੇ ਲਗਾਤਾਰ ਡਿੱਗਦੇ ਗ੍ਰਾਫ ਨੂੰ ਸੰਭਾਲਦੇ ਹੋਏ ਵੱਡੀ ਜਿੱਤ ਪ੍ਰਾਪਤ ਕਰ ਕੇ ਯੂ-ਟਰਨ ਲਿਆ ਹੈ, ਉਸ ਨੇ ਵਿਰੋਧੀਆਂ ਦੇ ਹੋਸ਼ ਉਡਾ ਦਿੱਤੇ ਹਨ। ਕਾਂਗਰਸ ਭਾਵੇਂ ਹਾਰ ਦਾ ਕਾਰਨ ਸੱਤਾਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਸਾ-ਤਾਕਤ, ਸ਼ਾਸਨ ਦੀ ਦੁਰਵਰਤੋਂ ਅਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦਾ ਦੱਸੇ ਪਰ ਇਹ ਸੱਚਾਈ ਮੰਨੀ ਜਾ ਰਹੀ ਹੈ ਕਿ ਸੰਸਦ ਮੈਂਬਰ ਚੰਨੀ ਦੇ ਨਾਂ ਦਾ ਜਲੰਧਰ ’ਚ ਬਣਿਆ ਤਲਿੱਸਮ ਅੱਜ ਟੁੱਟ ਚੁੱਕਿਆ ਹੈ। ਕਾਂਗਰਸ ਗਲਿਆਰਿਆਂ ਦੀ ਮੰਨੀਏ ਤਾਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਚੰਨੀ ਦੇ ਰਵੱਈਏ ’ਚ ਆਇਆ ਵੱਡਾ ਬਦਲਾਅ ਵੀ ਹਾਰ ਦਾ ਇਕ ਕਾਰਨ ਰਿਹਾ ਹੈ।
ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਤੱਕ ਦਾ ਸਫ਼ਰ ਕਰ ਚੁੱਕੇ ਚਰਨਜੀਤ ਚੰਨੀ ਨੇ ਲੋਕ ਸਭਾ ਚੋਣਾਂ ’ਚ ਪਹਿਲੀ ਵਾਰ ਜਲੰਧਰ ਦਾ ਰੁਖ਼ ਕੀਤਾ, ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਲੋਕ ਸਭਾ ਚੋਣ ਮੈਦਾਨ ’ਚ ਉਤਾਰਿਆ। ਪਿਛਲੇ ਦਹਾਕਿਆਂ ਤੋਂ ਚੌਧਰੀ ਪਰਿਵਾਰ ਦੇ ਸਿਆਸੀ ਦਬਦਬੇ ਤੋਂ ਦੁਖੀ ਕਾਂਗਰਸੀ ਵਰਕਰਾਂ ਨੇ ਚੰਨੀ ਨੂੰ ਇਕ ਤਰ੍ਹਾਂ ਪਲਕਾਂ ’ਤੇ ਬਿਠਾਉਂਦੇ ਹੋਏ ਉਨ੍ਹਾਂ ਦੇ ਪੱਖ ’ਚ ਧੂਆਂਧਾਰ ਚੋਣ ਪ੍ਰਚਾਰ ਕੀਤਾ, ਜਿਸ ਦੇ ਸਦਕਾ ਕਾਂਗਰਸ 1.75 ਲੱਖ ਦੀ ਲੀਡ ਦੇ ਅੰਕੜੇ ਨੂੰ ਛੂਹ ਸਕੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: 'ਆਪ' ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ
ਲੋਕ ਸਭਾ ਚੋਣਾਂ ’ਚ ਚੰਨੀ ਦਾ ਸਮੁੱਚਾ ਪਰਿਵਾਰ ਜਲੰਧਰ ’ਚ ਰਿਹਾ ਅਤੇ ਪੂਰੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਪਤਨੀ, ਬੇਟੀਆਂ, ਨੂੰਹ, ਭਰਾ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵਰਕਰਾਂ ਅਤੇ ਵੋਟਰਾਂ ਨਾਲ ਤਾਲਮੇਲ ਬਣਾਈ ਰੱਖਿਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਚੰਨੀ ਦਾ ਸਾਰਾ ਕੁਨਬਾ ਅਲੋਪ ਹੋ ਗਿਆ। ਕਾਂਗਰਸੀ ਵਰਕਰਾਂ ਨੂੰ ਚੰਨੀ ਪਰਿਵਾਰ ਦੇ ਚਿਹਰੇ ਲੱਭਣ ’ਤੇ ਵੀ ਨਹੀਂ ਮਿਲ ਰਹੇ ਸਨ। ਲੋਕ ਸਭਾ ਚੋਣਾਂ ’ਚ ਸਥਾਨਕ ਲਿੰਕ ਰੋਡ ’ਤੇ ਕਿਰਾਏ ਦੀ ਕੋਠੀ ’ਚ ਡੇਰਾ ਲਾਉਣ ਵਾਲੇ ਚੰਨੀ ਕੋਠੀ ਖਾਲੀ ਕਰ ਗਏ। ਚੰਨੀ ਦਾ ਜ਼ਿਲੇ ’ਚ ਕੋਈ ਪੱਕਾ ਟਿਕਾਣਾ ਨਾ ਹੋਣ ਕਾਰਨ ਉਨ੍ਹਾਂ ਦੇ ਅਤੇ ਜਨਤਾ ਵਿਚਾਲੇ ਇਕ ਡੂੰਘੀ ਖੱਡ ਬਣ ਗਈ। ਕਾਂਗਰਸ ਨੇਤਾਵਾਂ ਨੂੰ ਵੀ ਚੰਨੀ ਲੱਭਣ ’ਤੇ ਨਹੀਂ ਮਿਲਦੇ ਸਨ। ਕਾਂਗਰਸ ਨੇਤਾਵਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਨਵੇਂ ਚੁਣੇ ਸੰਸਦ ਮੈਂਬਰ ਜਲੰਧਰ ’ਚ ਕਿੱਥੇ ਹਨ। ਕਈ ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਸੰਸਦ ਮੈਂਬਰ ਚੰਨੀ 66 ਫੁੱਟੀ ਰੋਡ ’ਤੇ ਬਣੇ ਵ੍ਹਾਈਟ ਡਾਇਮੰਡ ਰਿਜ਼ਾਰਟ ’ਚ ਰਹਿ ਰਹੇ ਹਨ ਅਤੇ ਕਈ ਕਹਿੰਦੇ ਹਨ ਕਿ ਉਹ ਏ. ਜੀ. ਆਈ. ਦੇ ਫਲੈਟਾਂ ’ਚ ਰਹਿ ਰਹੇ ਹਨ। ਸੰਸਦ ਮੈਂਬਰ ਚੰਨੀ ਵੱਲੋਂ ਵਰਕਰਾਂ ਅਤੇ ਲੋਕਾਂ ਤੋਂ ਬਣਾਈ ਦੂਰੀ ਦੀ ਗੱਲ ਜ਼ਿਲ੍ਹੇ ’ਚ ਫੈਲ ਚੁੱਕੀ ਹੈ, ਇਹ ਵੀ ਇਕ ਵੱਡਾ ਕਾਰਨ ਹੈ ਕਿ ਕਾਂਗਰਸ ਨੂੰ ਚੋਣਾਂ ’ਚ ਵੋਟਰਾਂ ਦੀ ਬੇਰੁਖੀ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।