ਕਾਂਗਰਸ ਨੇ ਮੁੜ ਆਪਣਾ ਕਰੂਪ ਚਿਹਰਾ ਦਿਖਾਉਣਾ ਕੀਤਾ ਸ਼ੁਰੂ : ਦਲ ਖਾਲਸਾ

06/24/2017 6:46:55 AM

ਜਲੰਧਰ (ਚਾਵਲਾ) - ਦਲ ਖਾਲਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੌਜੂਦਾ ਚੱਲ ਰਹੇ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਨੇ ਦੋ ਘੋਰ ਗਲਤੀਆਂ ਕੀਤੀਆਂ ਹਨ। ਇਕ ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ਦੇ ਕੇ ਅਤੇ ਦੂਜਾ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰ ਕੇ ਅਤੇ ਔਰਤਾਂ ਦੇ ਸਨਮਾਨ ਨੂੰ ਸੱਟ ਮਾਰ ਕੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਅਪਮਾਨਿਤ ਕਰ ਕੇ ਅਤੇ ਵੰਗਾਰ ਕੇ ਮੁੜ ਆਪਣਾ ਕਰੂਪ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਵਿਧਾਨ ਸਭਾ ਸਪੀਕਰ 'ਤੇ ਤਿੱਖਾ ਵਿਅੰਗ ਕੱਸਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਆਪ ਦੇ ਵਿਧਾਇਕਾਂ ਨਾਲ ਵਿਧਾਨ ਸਭਾ ਵਿਚ ਮਾੜਾ ਸਲੂਕ ਕਰ ਕੇ, ਸਿੱਖ ਵਿਧਾਇਕਾਂ ਦੀਆਂ ਦਸਤਾਰਾਂ ਹਵਾ ਵਿਚ ਉਛਾਲ ਕੇ ਅਤੇ ਔਰਤ ਵਿਧਾਇਕਾਂ ਨੂੰ ਬੇਇੱਜ਼ਤ ਕਰ ਕੇ ਕੇ. ਪੀ. ਐੱਸ. ਗਿੱਲ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ । ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜੋ ਕੇ. ਪੀ. ਐੱਸ. ਗਿੱਲ ਤੇ ਉਸ ਦੀ ਟੀਮ ਸਿੱਖਾਂ ਨਾਲ ਪੁੱਛਗਿੱਛ ਕੇਂਦਰਾਂ ਵਿਚ ਕਰਦੀ ਰਹੀ ਹੈ ਉਹ ਹੀ ਰਾਣਾ ਕੇ. ਪੀ. ਨੇ ਵਿਧਾਨ ਸਭਾ ਵਿਚ ਆਪ ਵਿਧਾਇਕਾਂ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ  ਕਾਂਗਰਸ, ਕੇ. ਪੀ. ਐੱਸ. ਗਿੱਲ ਅਤੇ ਬਰਬਰਤਾ ਸਮਾਨਅਰਥ ਸ਼ਬਦ ਹਨ। ਦਲ ਖਾਲਸਾ ਦੇ ਆਗੂਆਂ ਨੇ ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸ ਵਲੋਂ ਲੋਕਾਂ ਦੀਆਂ ਭਾਵਨਾਵਾਂ ਦੀ ਕੀਤੀ ਜਾ ਰਹੀ ਬੇਇੱਜ਼ਤੀ ਅਤੇ ਵਿਧਾਨ ਸਭਾ ਵਿਚ ਲੋਕਾਂ ਦੇ ਨੁਮਾਇੰਦਿਆਂ ਦੀ ਦਬਾਈ ਜਾ ਰਹੀ ਆਵਾਜ਼ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਜਿਸ ਤਰ੍ਹਾਂ ਔਰਤ ਵਿਧਾਇਕਾਂ ਨਾਲ ਭੱਦੇ ਤਰੀਕੇ ਨਾਲ ਖਿੱਚ ਧੂਹ ਕੀਤੀ ਗਈ ਅਤੇ ਉਨ੍ਹਾਂ ਦੀਆਂ ਦਰਦ ਭਰੀਆਂ ਚੀਕਾਂ ਤੋਂ ਬਾਅਦ ਕਿਸੇ ਨੂੰ ਸ਼ੱਕ ਨਹੀਂ ਰਹਿ ਜਾਂਦਾ ਕਿ ਇਸ ਵਾਰ ਕਾਂਗਰਸ ਹੋਰ ਖਤਰਨਾਕ ਰੂਪ ਵਿਚ ਪੰਜਾਬ ਦੇ ਲੋਕਾਂ ਦਾ ਸ਼ਿਕਾਰ ਕਰਨ ਦੀ ਮਨਸ਼ਾ ਨਾਲ ਵਾਪਿਸ ਆਈ ਹੈ।


Related News