ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਭਾਗੀਕੇ ਦਾ ਕਿਸਾਨਾਂ ਵੱਲੋਂ ਤਿੰਨ ਪਿੰਡਾ ਵਿੱਚ ਵਿਰੋਧ, ਕੀਤੀ ਨਾਅਰੇਬਾਜੀ
Saturday, Jul 03, 2021 - 08:11 PM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ(ਰਣਜੀਤ ਬਾਵਾ/ਜਗਸੀਰ)- ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਪਿੰਡਾਂ ਵਿਚ ਪਹੁੰਚਣ ਤੇ ਵਿਰੋਧ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਪਿੰਡ ਕੁੱਸਾ ਵਿਖੇ ਸਾਬਕਾ ਵਿਧਾਇਕਾ ਵੱਲੋਂ ਰੱਖੇ ਗਏ ਨੀਂਹ ਪੱਥਰ ਨੂੰ ਇੱਕ ਘੰਟੇ ਬਾਅਦ ਹੀ ਕਿਸਾਨ ਜਥੇਬੰਦੀ ਦੇ ਵਰਕਰਾਂ ਵੱਲੋਂ ਤੋੜ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਬੀਬੀ ਭਾਗੀਕੇ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਕਿਸਾਨ ਵਰਕਰਾਂ ਨੇ ਕਿਹਾ ਕਿ ਇਕ ਪਾਸੇ ਦਿੱਲੀ ਵਿੱਚ ਕਿਸਾਨ ਕਾਨੂੰਨ ਰੱਦ ਕਰਉਣ ਲਈ ਡਟੇ ਹੋਏ ਹਨ ਅਤੇ ਦੂਸਰੇ ਪਾਸੇ ਸਿਆਸੀ ਆਗੂ ਪਿੰਡਾਂ ਵਿੱਚ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਹ ਪਿੰਡਾਂ ਵਿਚ ਸਿਆਸੀ ਆਗੂਆਂ ਨੂੰ ਵੜਨ ਨਹੀਂ ਦੇਣਗੇ ।
ਜ਼ਿਕਰਯੋਗ ਹੈ ਕਿ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੀ ਸਾਬਕਾ ਵਿਧਾਇਕ ਅਤੇ ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਪਿੰਡ ਬਿਲਾਸਪੁਰ, ਕੁੱਸਾ ਅਤੇ ਮੱਲੇਆਣਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣੇ ਸਨ। ਜਿਸ ਦੌਰਾਨ ਪਿੰਡ ਬਿਲਾਸਪੁਰ ਅਤੇ ਮੱਲੇਆਣਾ ਵਿਖੇ ਸਮਾਗਮ ਰੱਦ ਕਰਨੇ ਪਏ ਅਤੇ ਪਿੰਡ ਕੁੱਸਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਦਿੱਤਾ ਗਿਆ ਅਤੇ ਉਦਘਾਟਨ ਦਾ ਕਿਸਾਨ ਜਥੇਬੰਦੀ ਦੇ ਵਰਕਰਾਂ ਨੂੰ ਪਤਾ ਲੱਗਣ 'ਤੇ ਤੁਰੰਤ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਪਿੰਡ ਦੀ ਸੱਥ ਵਿੱਚ ਇਕੱਠੇ ਹੋਣੇ ਸੁਰੂ ਹੋ ਗਏ ਅਤੇ ਨਆਰੇਬਾਜੀ ਕਰਦੇ ਹੋਏ ਉਹ ਰੱਖੇ ਗਏ ਉਦਘਾਟਨੀ ਪੱਥਰ ਤੱਕ ਪਹੁਚ ਗਏ ਅਤੇ ਉਦਘਾਟਨੀ ਪੱਥਰ ਤੋੜ ਕੇ ਸੁੱਟ ਦਿੱਤਾ ।
ਕਿਸਾਨ ਆਗੂਆਂ ਵਿਚ ਔਰਤ ਆਗੂ ਕੁਲਦੀਪ ਕੌਰ ਕੁੱਸਾ, ਨਿੱਕੀ ਕੌਰ, ਚਰਨਜੀਤ ਕੌਰ, ਤੀਰਥ ਰਾਮ, ਪ੍ਰਧਾਨ ਜ਼ੋਰਾ ਸਿੰਘ, ਕੈਸ਼ੀਅਰ ਮਲਕੀਅਤ ਸਿੰਘ, ਜਰਨਲ ਸਕੱਤਰ ਕਰਮ ਸਿੰਘ, ਸੁਰਜੀਤ ਕੌਰ ਆਦਿ ਹਾਜ਼ਰ ਸਨ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਬੱਧਨੀ ਕਲਾਂ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਦੂਸਰੇ ਪਾਸੇ ਸਰਪੰਚ ਛਿੰਦਰਪਾਲ ਸਿੰਘ ਚੇਅਰਮੈਨ ਜਸਵਿੰਦਰ ਸਿੰਘ ਖੋਸਾ ਅਤੇ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਯਤਨਾਂ ਸਦਕਾ ਪਿੰਡ ਵਿੱਚ ਦੱਸ ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸਾਹਿਬ ਦੇ ਅੱਗੇ ਇੰਟਰਲੌਕ ਲਗਾਈ ਗਈ ਸੀ ਪਰ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਪਤਾ ਲੱਗਾ ਹੈ ਕਿ ਪਿੰਡ ਦੀ ਪੰਚਾਇਤ ਨੇ ਥਾਂ ਥਾਣਾ ਬੱਧਨੀ ਕਲਾਂ ਵਿਖੇ ਕਾਰਵਾਈ ਲਈ ਦਰਖ਼ਾਸਤ ਦਿੱਤੀ ਹੈ ।