ਸਿਮਰਨਜੀਤ ਸਿੰਘ ਮਾਨ ਨੇ ਢਾਹਿਆ ਭਗਵੰਤ ਮਾਨ ਦਾ ਕਿਲ੍ਹਾ, ਕਾਂਗਰਸ ਨੇ ਕਬੂਲੀ ਹਾਰ
Sunday, Jun 26, 2022 - 06:26 PM (IST)
ਸੰਗਰੂਰ : ਸੰਗਰੂਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ’ਚ ਜਨਤਾ ਦੇ ਫਤਵੇ ਨੂੰ ਕਾਂਗਰਸ ਨੇ ਨਿਮਰਤਾ ਸਹਿਤ ਕਬੂਲ ਕੀਤਾ ਹੈ। ਸੰਗਰੂਰ ਲੋਕ ਸਭਾ ਸੀਟ ’ਤੇ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ਹਾਰ ਜਿੱਤ ਜ਼ਿੰਦਗੀ ਦਾ ਹਿੱਸਾ ਹੈ ਅਤੇ ਸਿਆਸਤ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਉਹ ਲੋਕਾਂ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਕਬੂਲ ਕਰਦੇ ਹਨ। ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਲਈ ਮੁਬਾਰਕਾਂ। ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਤਹਿਤ ਪੰਜਾਬ ਦੀ ਆਵਾਜ਼ ਨੂੰ ਚੁੱਕਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਜਨਤਾ ਦੀ ਨਾਰਾਜ਼ਗੀ ਦਰਸਾਉਂਦੇ ਹਨ ਕਿ ਆਮ ਆਦਮੀ ਪਾਰਟੀ ਅਸੰਵੇਦਨਸ਼ੀਲ ਅਤੇ ਆਯੋਗ ਸਾਸ਼ਨ ਹੈ।
ਇਹ ਵੀ ਪੜ੍ਹੋ : ਚੋਣ ਨਤੀਜਿਆਂ ’ਤੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਦਾ ਵੱਡਾ ਬਿਆਨ, ਰੇਗਿਸਤਾਨ ’ਚ ਖਿੜਿਆ ਭਾਜਪਾ ਦਾ ਕਮਲ
ਕੀ ਹੈ ਚੋਣ ਨਤੀਜਾ
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ’ਤੇ ਜੇਤੂ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਮੇਲ ਸਿੰਘ ਨੂੰ ਲਗਭਗ 8100 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਅਜੇ ਇਸ ਜਿੱਤਾ ਦਾ ਰਸਮੀ ਐਲਾਨ ਨਹੀਂ ਹੋਇਆ ਹੈ। ਸਿਮਰਨਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਲ੍ਹਾ ਢਹਿ ਗਿਆ। ਉਹ ਇੱਥੋਂ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ। ਇਸ ਹਾਰ ਨਾਲ ਹੁਣ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਵੀ ਸੰਸਦ ਮੈਂਬਰ ਨਹੀਂ ਰਹਿ ਗਿਆ ਹੈ।
ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਸੁਖਪਾਲ ਖਹਿਰਾ ਦਾ ਧਮਾਕੇਦਾਰ ਟਵੀਟ
ਤੀਜੇ ਨੰਬਰ ’ਤੇ ਕਾਂਗਰਸ ਦੇ ਦਲਵੀਰ ਗੋਲਡੀ ਰਹੇ ਹਨ। ਜਿਨ੍ਹਾਂ ਨੂੰ ਲਗਭਗ 75 ਹਜ਼ਾਰ ਵੋਟਾਂ ਮਿਲੀਆਂ ਹਨ ਅਤੇ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ। ਇਸ ਤੋਂ ਇਲਾਵਾ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਚੌਥੇ ਨੰਬਰ ’ਤੇ ਅਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਪੰਜਵੇਂ ਨੰਬਰ ’ਤੇ ਰਹੇ ਹਨ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਨਹੀਂ ਬਚ ਸਕੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਜਸਕਰਨ ਦੇ ਮਾਤਾ-ਪਿਤਾ ਆਏ ਸਾਹਮਣੇ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।