ਵਿੱਕੀ ਗੌਂਡਰ ਦੇ ਮਾਮਲੇ ''ਚ ਉਸ ਦੇ ਮਾਮੇ ਗੁਰਤੇਜ ਸਿੰਘ ਤੋਂ ਹੋਵੇ ਪੁੱਛਗਿੱਛ : ਮੱਖਣ ਸ਼ਰਮਾ
Tuesday, Jan 30, 2018 - 11:28 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਨਾਭਾ ਜੇਲ ਬ੍ਰੇਕ ਕਾਂਡ ਦੇ ਮਾਮਲੇ 'ਚ ਨਾਮਜ਼ਦ ਅਤੇ ਮੋਸਟ ਵਾਂਟੇਡ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀਆਂ ਨੂੰ ਮੁੱਠਭੇੜ 'ਚ ਮਾਰ ਕੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੇ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਇਹ ਸ਼ਬਦ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਖਣ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਲੀਲਾ ਬਾਜਵਾ ਸਾਬਕਾ ਕੌਂਸਲਰ ਨੇ ਸਾਂਝੇ ਤੌਰ 'ਤੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋ .ਅ. ਦਲ ਬਾਦਲ ਵੱਲੋਂ ਪਹਿਲਾਂ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰ ਕੇ ਪੰਜਾਬ ਵਾਸੀਆਂ ਨੂੰ ਕਾਲੇ ਦੌਰ 'ਚੋਂ ਗੁਜ਼ਰਨ ਲਈ ਮਜਬੂਰ ਕੀਤਾ ਗਿਆ। 1992 'ਚ ਪੰਜਾਬ ਵਿਚ ਕਾਂਗਰਸ ਦੀ ਅਗਵਾਈ ਵਾਲੀ ਮਰਹੂਮ ਬੇਅੰਤ ਸਿੰਘ ਸਰਕਾਰ ਨੇ ਇਸ ਕਾਲੇ ਦੌਰ ਨੂੰ ਖਤਮ ਕਰਦਿਆਂ ਪੰਜਾਬ ਵਾਸੀਆਂ ਨੂੰ ਸ਼ਾਂਤੀ ਵਾਲਾ ਮਾਹੌਲ ਦਿੱਤਾ ਪਰ ਬਾਦਲ ਅਤੇ ਭਾਜਪਾ ਗਠਜੋੜ ਸਰਕਾਰ ਨੇ ਦਸ ਵਰ੍ਹਿਆਂ ਦੇ ਸ਼ਾਸਨਕਾਲ ਦੌਰਾਨ ਕਈ ਗੈਂਗਸਟਰ ਪੈਦਾ ਕੀਤੇ। ਪਿਛਲੇ ਦਿਨੀਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦਿੱਤੇ ਗਏ ਬਿਆਨ ਬੜੇ ਹੀ ਸ਼ਰਮਨਾਕ ਹਨ। ਪੁਲਸ ਦੀ ਪਿੱਠ ਥਪਥਪਾਉਣ ਦੀ ਬਜਾਏ ਉਹ ਪੁਲਸ 'ਤੇ ਹੀ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਨੇ ਝੂਠਾ ਇਨਕਾਊਂਟਰ ਕੀਤਾ। ਸ਼੍ਰੋ.ਅ.ਦਲ ਬਾਦਲ ਅਤੇ ਭਾਜਪਾ ਆਪਣੀਆਂ ਨਾਕਾਮੀਆਂ ਦਾ ਸਿਹਰਾ ਬੀ. ਐੱਸ. ਐੱਫ. ਅਤੇ ਪੁਲਸ 'ਤੇ ਥੋਪਣ ਵਿਚ ਮਾਹਿਰ ਹੈ। ਆਪਣੇ ਸ਼ਾਸਨਕਾਲ ਦੌਰਾਨ ਉਨ੍ਹਾਂ ਬਾਰਡਰ 'ਤੇ ਧਰਨਾ ਦੇ ਕੇ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਦਾ ਹੌਸਲਾ ਇਹ ਕਹਿ ਕੇ ਪਸਤ ਕੀਤਾ ਕਿ ਪੰਜਾਬ 'ਚ ਚਿੱਟਾ ਬਾਰਡਰ ਰਾਹੀਂ ਹੀ ਪੰਜਾਬ ਵਿਚ ਦਾਖਲ ਹੁੰਦਾ ਹੈ। ਹੁਣ ਪੰਜਾਬ ਪੁਲਸ ਦੀ ਕਾਰਜ ਕੁਸ਼ਲਤਾ 'ਤੇ ਇਹ ਕਹਿ ਕੇ ਪ੍ਰਸ਼ਨ ਚਿੰਨ੍ਹ ਲਾਇਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਨੂੰ ਝੂਠੇ ਮੁਕਾਬਲੇ ਵਿਚ ਮਾਰਿਆ ਗਿਆ ਹੈ। ਸ਼੍ਰੋ.ਅ.ਦਲ ਬਾਦਲ ਅਤੇ ਬੀ. ਜੇ. ਪੀ. ਹਮੇਸ਼ਾ ਕਾਂਗਰਸ ਅਤੇ ਪ੍ਰਸ਼ਾਸਨ 'ਤੇ ਉਂਗਲੀ ਚੁੱਕਣ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੀ। ਮੱਖਣ ਸ਼ਰਮਾ ਨੇ ਕਿਹਾ ਕਿ ਵਿੱਕੀ ਗੌਂਡਰ ਦੇ ਸਕੇ ਮਾਮੇ ਗੁਰਤੇਜ ਸਿੰਘ ਨੂੰ ਵੀ ਜਾਂਚ ਦੇ ਘੇਰੇ 'ਚ ਲੈ ਕੇ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਕਿਉਂਕਿ ਵਿੱਕੀ ਗੌਂਡਰ ਦਾ ਮਾਮਾ ਲਗਾਤਾਰ ਵਿੱਕੀ ਗੌਂਡਰ ਦੇ ਸੰਪਰਕ 'ਚ ਸੀ, ਉਸ ਨੇ ਪੁਲਸ ਦੀ ਸਹਾਇਤਾ ਕਰਨ ਦੀ ਬਜਾਏ ਆਪਣੇ ਭਾਣਜੇ ਵਿੱਕੀ ਗੌਂਡਰ ਦੀ ਮਦਦ ਕੀਤੀ ਹੈ। ਇਸ ਲਈ ਉਸ ਨੂੰ ਜਾਂਚ ਦੇ ਘੇਰੇ 'ਚ ਲੈ ਕੇ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਹੋਰ ਖੁਲਾਸੇ ਸਾਹਮਣੇ ਆ ਸਕਣ।