ਹੁਣ ਕਾਂਗਰਸ ''ਤੇ CM ਚਿਹਰੇ ਦੇ ਐਲਾਨ ਲਈ ਵਧੇਗਾ ਦਬਾਅ, ਸਿੱਧੂ ਦੀ ਥਾਂ ਚੰਨੀ ਦੇ ਨਾਂ ''ਤੇ ਲੱਗ ਸਕਦੀ ਹੈ ਮੋਹਰ
Tuesday, Jan 18, 2022 - 02:12 PM (IST)
ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸੀ. ਐੱਮ. ਚਿਹਰੇ ਦੇ ਰੂਪ 'ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ 'ਤੇ ਵੀ ਸੀ. ਐੱਮ. ਦਾ ਐਲਾਨ ਕਰਨ ਦਾ ਦਬਾਅ ਵਧੇਗਾ। ਹਾਲਾਂਕਿ ਕਾਂਗਰਸ ਵੱਲੋਂ ਪਿਛਲੀਆਂ 2 ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੀ. ਐੱਮ. ਚਿਹਰਾ ਬਣਾਇਆ ਗਿਆ ਸੀ ਪਰ ਇਸ ਵਾਰ ਪਾਰਟੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਲੈ ਕੇ ਕੋਈ ਵੀ ਐਲਾਨ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾ ਰਿਹਾ ਹੈ, ਜੋ ਲਗਾਤਾਰ ਪਾਰਟੀ 'ਤੇ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਦਬਾਅ ਪਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ CM ਚਿਹਰਾ ਹੋ ਸਕਦੇ ਨੇ 'ਚਰਨਜੀਤ ਸਿੰਘ ਚੰਨੀ', ਕਾਂਗਰਸ ਨੇ ਜਾਰੀ ਕੀਤੀ ਵੀਡੀਓ
ਇਸ ਦੇ ਤਹਿਤ ਉਹ ਰੋਜ਼ਾਨਾ ਮੁੱਖ ਮੰਤਰੀ ਚੰਨੀ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਪਾਰਟੀ ਲਈ ਮੁਸ਼ਕਲ ਪੈਦਾ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਕੋਈ ਨਵਾਂ ਵਿਵਾਦ ਮੋਲ ਲੈਣ ਤੋਂ ਬਚਣ ਲਈ ਕਾਂਗਰਸ ਵੱਲੋਂ ਇਕੱਲੇ ਮੁੱਖ ਮੰਤਰੀ ਚੰਨੀ ਜਾਂ ਸਿੱਧੂ ਦੀ ਬਜਾਏ ਨਾਲ ਸੁਨੀਲ ਜਾਖੜ ਦੀ ਫੋਟੋ ਲਾ ਕੇ ਮੀਡੀਆ ਕੰਪੇਨ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪਬਲਿਕ ਫੀਡਬੈਕ ਦੇ ਆਧਾਰ 'ਤੇ ਸੀ. ਐੱਮ. ਚਿਹਰੇ ਦੇ ਰੂਪ 'ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਭਗਵੰਤ ਮਾਨ' ਹੋਣਗੇ 'ਆਪ' ਦਾ CM ਚਿਹਰਾ, ਅਰਵਿੰਦ ਕੇਜਰੀਵਾਲ ਨੇ ਖ਼ੁਦ ਕੀਤਾ ਐਲਾਨ
ਇਸ ਤੋਂ ਬਾਅਦ ਕਾਂਗਰਸ ਨੂੰ ਚੋਣ ਪ੍ਰਚਾਰ ਦੌਰਾਨ ਸੀ. ਐੱਮ. ਚਿਹਰੇ ਦਾ ਐਲਾਨ ਨਾ ਕਰਨ ਦੇ ਮੁੱਦੇ 'ਤੇ ਵਿਰੋਧੀ ਧਿਰ ਤੋਂ ਇਲਾਵਾ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ ਕਾਂਗਰਸ ਵੱਲੋਂ ਇਸ ਸਬੰਧੀ ਫ਼ੈਸਲਾ ਲੈਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਹੁਣ ਤੱਕ ਕਰਵਾਏ ਗਏ ਸਰਵੇ ਦੇ ਆਧਾਰ 'ਤੇ ਕਾਂਗਰਸ ਵੱਲੋਂ ਸੀ. ਐੱਮ. ਚਿਹਰੇ ਦੇ ਰੂਪ 'ਚ ਚੰਨੀ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਦੇ ਸੰਕੇਤ ਪਾਰਟੀ ਦੇ ਟਵਿੱਟਰ ਹੈਂਡਲ 'ਤੇ ਮੁੱਖ ਮੰਤਰੀ ਚੰਨੀ ਨੂੰ ਹਾਈਲਾਈਟ ਕਰਦੇ ਹੋਏ ਅਪਲੋਡ ਕੀਤੀ ਗਈ ਵੀਡੀਓ ਤੋਂ ਮਿਲ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ