ਕਾਂਗਰਸ ਦੇ ਸੰਭਾਵੀ ਉਮੀਦਵਾਰ ਨੇ ਫਤਹਿਗੜ੍ਹ ਸਾਹਿਬ ''ਚ ਦਿੱਤੀ ਦਸਤਕ

11/30/2018 3:40:26 PM

ਮਾਛੀਵਾੜਾ ਸਾਹਿਬ (ਟੱਕਰ) : ਦੇਸ਼ ਦੀਆਂ ਲੋਕ ਸਭਾ ਚੋਣਾਂ 'ਚ ਅਜੇ ਕੁੱਝ ਮਹੀਨੇ ਦਾ ਸਮਾਂ ਬਾਕੀ ਹੈ ਪਰ ਇਨ੍ਹਾਂ ਚੋਣਾਂ ਵਿਚ ਆਪਣੀ ਕਿਸਮਤ ਅਜਮਾਉਣ ਵਾਲੇ ਸੰਭਾਵੀ ਉਮੀਦਵਾਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਜਿਸ ਤਹਿਤ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਨੌਜਵਾਨ ਆਗੂ ਹਰਪਾਲ ਸਿੰਘ ਗੋਲਡੀ ਨੇ ਮਾਛੀਵਾੜਾ ਸਾਹਿਬ ਵਿਚ ਜਨ ਸੰਪਰਕ ਮੁਹਿੰਮ ਸ਼ੁਰੂ ਕਰ ਇਸ ਹਲਕੇ ਤੋਂ ਚੋਣ ਲੜਨ ਵਜੋਂ ਦਸਤਕ ਦਿੱਤੀ ਹੈ।

ਮਾਛੀਵਾੜਾ ਟਰੱਕ ਯੂਨੀਅਨ ਵਿਖੇ ਸੀਨੀਅਰ ਕਾਂਗਰਸੀ ਆਗੂ ਹਰਪਾਲ ਸਿੰਘ ਗੋਲਡੀ ਵਲੋਂ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨੌਕਰੀਆਂ ਦੌਰਾਨ ਨੌਜਵਾਨਾਂ ਨੂੰ ਰਾਖਵਾਂਕਰਨ ਦੀ ਸਹੂਲਤ ਮਿਲਦੀ ਹੈ ਅਤੇ ਪੰਚਾਇਤ ਚੋਣਾਂ 'ਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਉਨ੍ਹਾਂ ਵਲੋਂ ਵੀ ਮੁੱਦਾ ਉਠਾਇਆ ਜਾ ਰਿਹਾ ਹੈ ਕਿ ਸਿਆਸਤ ਵਿਚ ਵੀ ਨੌਜਵਾਨਾਂ ਨੂੰ ਰਾਖਵਾਂਕਰਨ ਦੀ ਸਹੂਲਤ ਮਿਲੇ ਅਤੇ ਹਰੇਕ ਚੋਣ ਵਿਚ ਨੌਜਵਾਨਾਂ ਲਈ ਵੀ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ਨੌਜਵਾਨ ਪੱਖੀ ਹੈ ਜਿਸ ਕਾਰਨ ਉਹ ਨੌਜਵਾਨ ਵਰਗ ਨੂੰ ਸਿਆਸਤ ਵਿਚ ਆਉਣ ਲਈ ਉਤਸ਼ਾਤਿ ਕਰ ਰਹੇ ਹਨ। ਲੋਕ ਸਭਾ ਦੀਆਂ ਚੋਣਾਂ ਲੜਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਜੇਕਰ ਉਨ੍ਹਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰੇਗੀ ਤਾਂ ਉਹ ਜਰੂਰ ਚੋਣ ਲੜਨਗੇ ਪਰ ਫਿਲਹਾਲ ਉਹ ਫਤਹਿਗੜ੍ਹ ਸਾਹਿਬ ਦੇ 9 ਹਲਕਿਆਂ 'ਚ ਜਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਹਨ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਉਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਲੋਕ ਸਭਾ 'ਚ ਉਠਾਵੇ ਅਤੇ ਹੱਲ ਕਰਵਾਏ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੀ ਇਹ ਮਾੜੀ ਕਿਸਮਤ ਰਹੀ ਹੈ ਕਿ ਇੱਥੋਂ ਜਿੱਤਣ ਵਾਲੇ ਉਮੀਦਵਾਰਾਂ ਨੇ ਸਾਂਸਦ ਭਵਨ ਵਿਚ ਜਾ ਕੇ ਲੋਕ ਹਿੱਤਾਂ ਦੇ ਮੁੱਦੇ ਨਹੀਂ ਉਠਾਏ ਜਿਸ ਕਾਰਨ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਇਸ ਹਲਕੇ ਦੇ ਲੋਕਾਂ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਕੁੱਝ ਹੀ ਮਹੀਨਿਆਂ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਵੋਟਰ ਆਪਣੀ ਸੂਝਬੂਝ ਦਾ ਇਸਤੇਮਾਲ ਕਰ ਕਾਂਗਰਸ ਪਾਰਟੀ ਦੇ ਲੋਕਾਂ ਦੀ ਅਵਾਜ਼ ਉਠਾਉਣ ਵਾਲੇ ਉਮੀਦਵਾਰ ਨੂੰ ਹੀ ਜਿਤਾਉਣ।


Babita

Content Editor

Related News