ਰਾਜਾ ਵੜਿੰਗ ਦਾ ਵੱਡਾ ਬਿਆਨ- 'ਕਾਂਗਰਸ 'ਤੇ ਕਾਰੋਬਾਰੀਆਂ ਦਾ ਕਬਜ਼ਾ...'

Wednesday, Dec 21, 2022 - 01:37 PM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ‘‘ਕਾਂਗਰਸ ਪਾਰਟੀ ’ਤੇ ਕਾਰੋਬਾਰੀਆਂ ਨੇ ਕਬਜ਼ਾ ਕਰ ਲਿਆ ਸੀ, ਇਸੇ ਕਾਰਨ ਕਾਂਗਰਸ ਪਾਰਟੀ ਕਮਜ਼ੋਰ ਹੋ ਗਈ।’’ ਇਹ ਸ਼ਬਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਪੈਲੇਸ ’ਚ ਬਰਨਾਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਦੀ ਤਾਜਪੋਸ਼ੀ ਦੇ ਸਮੇਂ ਹਜ਼ਾਰਾਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਪਿਛਲੇ 20 ਸਾਲਾਂ ਤੋਂ ਇਹ ਕਲਚਰ ਭਾਰੂ ਹੋ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਅਤੇ ਪੂੰਜੀਪਤੀ ਸਾਥੀ ਕਾਂਗਰਸ ਪਾਰਟੀ ’ਤੇ ਭਾਰੂ ਹੋ ਗਏ ਸਨ। ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਵੀ ਬਣਾਇਆ, ਉਹ ਤਾਂ ਸਮਝੌਤਾ ਮੁੱਖ ਮੰਤਰੀ ਸਨ, ਚਾਰ ਮਹੀਨੇ ਪਹਿਲਾਂ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਨਾਰੇ ਵੀ ਕਰ ਦਿੱਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ, ਇਸੇ ਕਾਰਨ 4 ਮਹੀਨੇ ਮੈਂ ਮੰਤਰੀ ਬਣਿਆ, ਫਿਰ ਕਈ ਲੋਕ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਲੜਦੇ ਰਹੇ। ਜਿਸ ਦਾ ਨਤੀਜਾ ਇਹ ਹੋਇਆ ਕਿ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਨਾਲ ਹਾਰ ਗਈ। ਕੈਪਟਨ ਅਮਰਿੰਦਰ ਸਿੰਘ ਵੀ ਬੁਰੀ ਤਰ੍ਹਾਂ ਨਾਲ ਹਾਰ ਗਏ ਅਤੇ ਲੋਕਾਂ ਨੇ ਸਬਕ ਸਿਖਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੇ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਾਈ ਸੀ।

ਇਹ ਵੀ ਪੜ੍ਹੋ- ਸ਼ਰਾਬ ਫੈਕਟਰੀ ਮਾਮਲਾ : ਸਰਕਾਰ ਤੇ ਧਰਨਾਕਾਰੀਆਂ ਨੂੰ ਹਾਈ ਕੋਰਟ ਨੇ ਲਾਈ ਫਟਕਾਰ

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ’ਚ ਆ ਰਹੀ ਹੈ। ਰਾਹੁਲ ਗਾਂਧੀ ਦੇਸ਼ ’ਚ ਨਫ਼ਰਤ ਬੰਦ ਕਰ ਕੇ ਦੇਸ਼ ਨੂੰ ਜੋੜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ’ਚ ਵੀ ਇਹ ਯਾਤਰਾ ਆਵੇਗੀ। ਇਕ ਤਰ੍ਹਾਂ ਦੀ ਨਵ-ਨਿਯੁਕਤ ਪ੍ਰਧਾਨਾਂ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਸਾਰੇ ਪ੍ਰਧਾਨਾਂ ਦੀ ਮੁੜ ਤੋਂ ਜਾਂਚ ਹੋਵੇਗੀ, ਜਿਹੜੇ ਕਾਂਗਰਸ ਪ੍ਰਧਾਨ ਜਾਂ ਕਿਸੇ ਹੋਰ ਅਹੁਦੇਦਾਰ ਦਾ ਕੰਮਕਾਜ ਵਧੀਆ ਨਹੀਂ ਰਿਹਾ, ਉਸ ਨੂੰ ਬਦਲਿਆ ਜਾਵੇਗਾ। ਹੁਣ ਕਾਂਗਰਸ ’ਚ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਪਹਿਲ ਦਿੱਤੀ ਜਾਵੇਗੀ, ਵਰਕਰਾਂ ਦੇ ਸਿਰ ’ਤੇ 2027 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ 100 ਤੋਂ ਵੀ ਵੱਧ ਸੀਟਾਂ ਜਿੱਤ ਕੇ ਪੰਜਾਬ ’ਚ ਨਿਰੋਲ ਆਪਣੀ ਸਰਕਾਰ ਬਣਾਵੇਗੀ।

ਇਹ ਵੀ ਪੜ੍ਹੋ- ਦੇਸ਼ 'ਚ ਮਜ਼ਦੂਰ ਖ਼ੁਦਕੁਸ਼ੀਆਂ 'ਤੇ 'ਆਪ' ਦਾ ਭਾਜਪਾ ਨੂੰ ਵੱਡਾ ਸਵਾਲ- ਕੀ ਏਹੀ ਹੈ 'ਸਬਕਾ ਸਾਥ,ਸਬਕਾ ਵਿਕਾਸ' ?

ਇਸ ਮੌਕੇ ਹਲਕਾ ਬਰਨਾਲਾ ਦੇ ਇੰਚਾਰਜ ਮੁਨੀਸ਼ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲਾ ਢਿੱਲੋਂ ਇਕ ਮਿਹਨਤੀ ਅਤੇ ਈਮਾਨਦਾਰ ਵਿਅਕਤੀ ਹੈ, ਜਿਸ ਲਈ ਉਨ੍ਹਾਂ ਨੂੰ ਬਰਨਾਲਾ ਜ਼ਿਲੇ ਦਾ ਪ੍ਰਧਾਨ ਬਣਾਇਆ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਪੈਸਾ ਦੂਜੇ ਸੂਬਿਆਂ ’ਚ ਖਰਚ ਕੀਤਾ ਜਾ ਰਿਹਾ ਹੈ। ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ’ਚ ਪੰਜਾਬ ਦਾ ਪੈਸਾ ਅੰਨ੍ਹੇਵਾਹ ਉਥੇ ਖਰਚਿਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਕਹਿੰਦਾ ਸੀ, ਤੁਸੀਂ ਮੇਰਾ ਹੱਥ ਫੜੋ ਮੈਂ ਤੁਹਾਡਾ ਹੱਥ ਨਹੀਂ ਛੱਡਾਂਗਾ, ਹੁਣ ਦੂਜੇ ਸੂਬਿਆਂ ’ਚ ਤੁਰਿਆ ਫਿਰਦਾ ਹੈ, ਹੁਣ ਉਹ ਕਰਨਾਟਕਾ ’ਚ ਵੀ ਗੁਜਰਾਤ ਵਾਂਗ ਤੁਰਿਆ ਫਿਰੇਗਾ, ਪੰਜਾਬ ਦੇ ਲੋਕਾਂ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ। ਇਸ ਮੌਕੇ ਕਾਂਗਰਸ ਦੇ ਸੰਸਦ ਮੁਹੰਮਦ ਸਦੀਕ, ਸੀਨੀਅਰ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ,ਕਾਂਗਰਸ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News