ਖੱਡ ਮਾਮਲੇ ਦੇ ਵਿਵਾਦ ਤੋਂ ਬਾਅਦ ਕੰਪਨੀਆਂ ਦੇ ਰਿਕਾਰਡ ''ਚੋਂ ਗਾਇਬ ਕੀਤੇ ਅਮਿਤ ਤੇ ਬਲਰਾਜ ਦੇ ਨਾਂ

Sunday, Jun 11, 2017 - 02:18 PM (IST)

ਖੱਡ ਮਾਮਲੇ ਦੇ ਵਿਵਾਦ ਤੋਂ ਬਾਅਦ ਕੰਪਨੀਆਂ ਦੇ ਰਿਕਾਰਡ ''ਚੋਂ ਗਾਇਬ ਕੀਤੇ ਅਮਿਤ ਤੇ ਬਲਰਾਜ ਦੇ ਨਾਂ

ਚੰਡੀਗੜ੍ਹ — ਪੰਜਾਬ ਦੀ ਸੱਤਾ 'ਤੇ ਕਾਬਜ ਕਾਂਗਰਸ ਸਰਕਾਰ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਲਈ ਰੇਤ ਖੱਡ ਮਾਮਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜਿਸ ਨੂੰ ਲੈ ਕੇ ਸਿਆਸਤ ਦਿਨ-ਬ-ਦਿਨ ਭੱਖਦੀ ਨਜ਼ਰ ਆਉਂਦੀ ਹੈ। ਜਾਂਚ ਕਮਿਸ਼ਨ ਬੈਠਣ ਦੇ ਬਾਵਜੂਦ ਵਿਰੋਧੀ ਧਿਰਾਂ ਵੀ ਇਸ ਕੇਸ ਦੀਆਂ ਪਰਤਾਂ ਖੋਲਣ 'ਚ ਕੋਈ ਕਮੀ ਨਹੀਂ ਛੱਡ ਰਹੀਆਂ। 
ਜਾਣਕਾਰੀ ਮੁਤਾਬਕ ਰੇਤ ਖੱਡਾਂ ਦੇ ਠੇਕੇ ਹਾਸਲ ਕਰਨ ਵਾਲੇ ਰਾਣਾ ਗੁਰਜੀਤ ਦੇ ਖਾਸ ਖਾਨਸਾਮੇ ਅਮਿਤ ਬਹਾਦੁਰ ਤੇ ਬਲਰਾਜ ਸਿੰਘ ਦੇ ਨਾਮ ਤਿੰਨ ਕੰਪਨੀਆਂ ਦੇ 'ਬੋਰਡ ਆਫ ਡਾਇਰਕੈਟਰਜ਼' 'ਚੋਂ ਗਾਇਬ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਨਾਲ ਸਬੰਧ ਸਾਹਮਣੇ ਆਉਣ ਤੋਂ ਫੌਰੀ ਮਗਰੋਂ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ। 
ਦੱਸਿਆ ਜਾ ਰਿਹਾ ਸੀ ਕਿ ਰਾਣਾ ਗੁਰਜੀਤ ਦੇ ਚਾਰ ਮੁਲਾਜ਼ਮਾਂ 'ਚੋਂ ਦੋ ਅਮਿਤ ਬਹਾਦੁਰ ਤੇ ਬਲਰਾਜ ਸਿੰਘ 'ਫਲਾਅਲੈੱਸ ਟਰੇਡਰਜ਼ ਪ੍ਰਾਈਵੇਟ ਲਿਮੀਟਡ', 'ਸੈਂਚੁਰੀ ਐਗਰੋਜ਼ ਪ੍ਰਾਈਵੇਟ ਲਿਮੀਟਡ', ਨਾਂ ਦੀਆਂ ਕੰਪਨੀਆਂ ਮੰਤਰੀ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਇਨ੍ਹਾਂ 'ਚੋਂ ਇਕ ਕੰਪਨੀ ਉਸੇ ਪਤੇ 'ਤੇ ਰਜਿਸਟਰਡ ਹੈ, ਜਿਥੋਂ ਰਾਣਾ ਗੁਰਜੀਤ ਦਾ ਪਰਿਵਾਰ ਆਪਣੇ ਕਾਰੋਬਾਰ ਚਲਾਉਂਦਾ ਹੈ। ਦੋ ਕੰਪਨੀਆਂ ਦਾ ਈ-ਮੇਲ ਪਤਾ ਵੀ ਰਾਣਾ ਗੁਰਜੀਤ ਦੀਆਂ ਕੰਪਨੀਆਂ ਵਾਲਾ ਹੈ। ਇਨ੍ਹਾਂ 'ਚੋਂ ਇਕ ਕੰਪਨੀ ਨੇ ਮੰਤਰੀ ਨੂੰ ਕਰਜ਼ਾ ਵੀ ਦਿੱਤਾ ਹੋਇਆ ਸੀ। 
30 ਮਈ ਨੂੰ ਬਲਰਾਜ ਸਿੰਘ ਵਲੋਂ ਦੋ ਕੰਪਨੀਆਂ ਦੇ ਅਹੁਦੇਆਂ ਤੋਂ ਅਸਤੀਫਾ ਦਿੱਤਾ ਗਿਆ। ਜਦ ਕਿ ਮੰਤਰੀ ਦੇ ਖਾਨਸਾਮੇ ਅਮਿਤ ਬਹਾਦੁਰ ਦਾ ਕਹਿਣਾ ਹੈ ਕਿ ਉਸ ਨੇ 21 ਮਾਰਚ ਨੂੰ ਹੀ ਅਸਤੀਫਾ ਦੇ ਦਿੱਤਾ ਸੀ ਪਰ ਕੰਪਨੀਜ਼ ਰਜਿਸਟਰਾਰ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ 29 ਮਈ ਨੂੰ ਅਸਤੀਫੇ ਮਿਲੇ ਹਨ। ਇਨ੍ਹਾਂ ਕੰਪਨੀਆਂ 'ਚ ਬਲਰਾਜ ਸਿੰਘ ਤੇ ਅਮਿਤ ਬਹਾਦੁਰ ਦੀ ਥਾਂ ਹੁਣ ਬਾਜਪੁਰ ਦਾ ਚਿਤਰੰਜਨ ਸਿੰਘ ਤੇ ਰੂਪਨਗਰ ਦਾ ਜੀਵਨ ਸਿੰਘ ਡਾਇਰੈਕਟਰ ਲਾਏ ਗਏ ਹਨ। 
 


Related News