ਤਲਵੰਡੀ ਸਾਬੋ 'ਚ ਕਾਂਗਰਸ ਤੇ ਅਕਾਲੀਆਂ ਵਿਚਾਲੇ ਹੋਈ ਝੜਪ ਦਾ ਮਾਮਲਾ ਪਿਆ ਠੰਡੇ ਬਸਤੇ 'ਚ
Wednesday, May 22, 2019 - 03:45 PM (IST)

ਬਠਿੰਡਾ (ਵਰਮਾ) : 19 ਮਈ ਨੂੰ ਤਲਵੰਡੀ ਸਾਬੋ 'ਚ ਅਕਾਲੀ ਦਲ ਅਤੇ ਕਾਂਗਰਸੀਆਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਲੈ ਕੇ ਮਾਮਲਾ ਹਾਲੇ ਠੰਡੇ ਬਸਤੇ 'ਚ ਹੈ, ਜਦਕਿ ਪੁਲਸ ਜਾਂਚ ਦਾ ਬਹਾਨਾ ਬਣਾ ਕੇ ਆਪਣਾ ਪੱਲਾ ਝਾੜ ਰਹੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਕੁਝ ਲੋਕਾਂ ਦੀ ਉਥੋਂ ਦੇ ਸਾਬਕਾ ਵਿਧਾਇਕ ਨਾਲ ਗਰਮਾ-ਗਰਮੀ ਚੱਲ ਰਹੀ ਸੀ, ਜਿਸ ਨੇ ਬਾਅਦ 'ਚ ਹਿੰਸਕ ਰੂਪ ਧਾਰ ਕਰ ਲਿਆ ਸੀ। ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੇ ਦੋਸ਼ ਲਾਇਆ ਸੀ ਕਿ ਤਲਵੰਡੀ ਸਾਬੋ ਦੇ ਕਾਂਗਰਸ ਦੀ ਚੋਣ ਹਾਰੇ ਖੁਸ਼ਬਾਜ ਸਿੰਘ ਜਟਾਣਾ ਅਤੇ ਉਸਦੇ ਸਮਰਥਕਾਂ ਨੇ ਗੋਲੀਆਂ ਦੀ ਬੌਛਾਰ ਕਰ ਦਿੱਤੀ ਅਤੇ ਉਨ੍ਹਾਂ ਨੇ ਗੋਲੀਆਂ ਦੇ ਖੋਲ ਵੀ ਮੀਡੀਆ ਨੂੰ ਦਿਖਾਏ। ਇਹੀ ਨਹੀਂ ਜੀਤ ਮਹਿੰਦਰ ਸਿੱਧੂ ਨੇ ਬੂਟ ਉਤਾਰ ਕੇ ਵੀ ਲਹਿਰਾਇਆ ਅਤੇ ਉਸਦੀ ਵੀਡੀਓ ਵੀ ਵਾਇਰਲ ਕੀਤੀ। ਝੜਪ ਤੋਂ ਬਾਅਦ ਅਕਾਲੀ ਦਲ ਸਮਰਥਕ ਧਰਨੇ 'ਤੇ ਬੈਠ ਗਏ ਅਤੇ ਪੁਲਸ ਨੇ ਫਿਰ ਕਾਰਵਾਈ ਕਰਦੇ ਹੋਏ ਖੁਸ਼ਬਾਜ ਜਟਾਣਾ ਸਮੇਤ ਦਰਜਨ ਭਰ ਲੋਕਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ, ਜਿਸ ਨੂੰ ਲੈ ਕੇ ਧਰਨਾ ਤਾਂ ਖਤਮ ਹੋ ਗਿਆ ਪਰ ਕਾਂਗਰਸ ਨੇ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਜੀਤ ਮਹਿੰਦਰ ਸਿੱਧੂ ਸਮੇਤ 20 ਹੋਰਨਾਂ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਵਾ ਕੇ ਇਸ ਨੂੰ ਕ੍ਰਾਸ ਕੇਸ ਬਣਾ ਦਿੱਤਾ। ਖੁਸ਼ਬਾਜ ਜਟਾਣਾ ਨੇ ਵੀ ਸਿੱਧੂ ਦੇ ਜਵਾਬ 'ਚ ਇਕ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਵੱਡਿਆਂ ਦਾ ਸਿਰਫ ਆਦਰ ਕਰਦੇ ਹਨ ਪਰ ਡਰਦੇ ਨਹੀਂ। ਖੁਸ਼ਬਾਜ ਜਟਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਸਥਾਨ 'ਤੇ ਕੋਈ ਗੋਲੀ ਨਹੀਂ ਚਲਾਈ, ਅਕਾਲੀ ਦਲ ਵਲੋਂ ਝੂਠੇ ਦੋਸ਼ ਲਾਏ ਗਏ।
ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਰ ਰਹੀ ਛਾਪੇਮਾਰੀ : ਪੁਲਸ ਅਧਿਕਾਰੀ
ਥਾਣਾ ਤਲਵੰਡੀ ਦੇ ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਦੋਵਾਂ ਪਾਰਟੀਆਂ ਵਲੋਂ ਆਪਣੇ ਆਪਣੇ ਬਿਆਨ ਦਰਜ ਕਰਵਾਏ ਗਏ ਹਨ ਅਤੇ ਪੁਲਸ ਨੇ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਦੋਵਾਂ ਪਾਰਟੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਦੇ ਬਿਆਨ 'ਚ ਪੂਰਾ ਮਾਮਲਾ ਹੈ, ਜਦਕਿ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।
ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ 'ਚ ਕਿਸੇ ਵੀ ਮੁਲਜ਼ਮ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰੀ ਲਈ ਛਾਪੇਮਾਰੀ ਜ਼ਰੂਰ ਕਰ ਰਹੀ ਹੈ ਕਿਉਂਕਿ ਪੁਲਸ ਅਜੇ ਚੋਣਾਂ 'ਚ ਰੁੱਝੀ ਸੀ ਤੇ ਸਟ੍ਰਾਂਗ ਰੂਮ ਦੀ ਸੁਰੱਖਿਆ 'ਚ ਤਾਇਨਾਤ ਹੈ, ਜਿਵੇਂ ਹੀ ਨਤੀਜੇ ਆਉਣਗੇ, ਉਸ ਤੋਂ ਬਾਅਦ ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਜੋ ਵੀ ਦੋਸ਼ੀ ਹੋਇਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।