ਮੋਹਾਲੀ ’ਚ ਧਮਾਕੇ ਤੋਂ ਬਾਅਦ ਕਾਂਗਰਸ ਦੀ ਮਾਨ ਨੂੰ ਸਲਾਹ, ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ’ਚ ਬਦਲੋ

Wednesday, May 11, 2022 - 04:08 PM (IST)

ਮੋਹਾਲੀ ’ਚ ਧਮਾਕੇ ਤੋਂ ਬਾਅਦ ਕਾਂਗਰਸ ਦੀ ਮਾਨ ਨੂੰ ਸਲਾਹ, ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ’ਚ ਬਦਲੋ

ਚੰਡੀਗੜ੍ਹ (ਅਸ਼ਵਨੀ) : ਮੋਹਾਲੀ ’ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਗੈਰ-ਤਜਰਬੇਕਾਰ ਹੋਣਾ ਅਤੇ ਉਸ ਦੀਆਂ ਪ੍ਰਾਥਮਿਕਤਾਵਾਂ ਗਲਤ ਦਿਸ਼ਾ ਵਿਚ ਵਧਣ ਨਾਲ ਅੱਤਵਾਦੀਆਂ ਵਲੋਂ ਦੁਰਵਰਤੋਂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਪੰਜਾਬ ਵਿਚ ਆਪਣਾ ਸਿਰ ਚੁੱਕਦੇ ਦਿਸ ਰਹੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਹੋਇਆ ਵੱਡਾ ਅੱਤਵਾਦੀ ਹਮਲਾ ਮੌਜੂਦਾ ਸਰਕਾਰ ਦੇ ਗੈਰ ਤਜਰਬੇਕਾਰ ਹੋਣ ਦੀ ਸਥਿਤੀ ਦੀ ਦੁਰਵਰਤੋਂ ਕਰਨ ਦਾ ਇਕ ਯਤਨ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਆਤੰਕੀ ਹਮਲੇ ਦੀ ਨਿੰਦਾ ਕਰਦਿਆਂ, ਇਸ ਨੂੰ ਸਿੱਧੇ ਤੌਰ ’ਤੇ ਦੁਸ਼ਮਣਾਂ ਵਲੋਂ ਪੰਜਾਬ ਦੀ ਸ਼ਾਂਤੀ ਅਤੇ ਏਕਤਾ ’ਤੇ ਹਮਲਾ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਇਕਜੁਟ ਹੋ ਕੇ ਮਾਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆਂ ਨੂੰ ਰੋਕਣਾ ਅਤੇ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਜ਼ਾ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜਦੋਂ ਕਿ ਆਪਣੀ ਪਾਰਟੀ ਵਲੋਂ ਸਥਿਤੀ ਨਾਲ ਨਿਪਟਣ ਵਿਚ ਉਨ੍ਹਾਂ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਖੁਲਾਸਾ ਕੀਤਾ ਕਿ ਸੀਮਾ ਪਾਰ ਬੈਠੇ ਦੁਸ਼ਮਣ ਰੈਗੂਲਰ ਤੌਰ ’ਤੇ ਪੰਜਾਬ ਵਿਚ ਹਥਿਆਰ ਅਤੇ ਨਸ਼ੇ ਧਕੇਲਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕਿ ਇਨ੍ਹਾਂ ਵਿਚੋਂ ਕੁੱਝ ਚੀਜ਼ਾਂ ਨੂੰ ਪੁਲਸ ਅਤੇ ਸੁਰੱਖਿਆ ਏਜੰਸੀਆਂ ਵਲੋਂ ਜ਼ਬਤ ਕਰ ਲਿਆ ਜਾਂਦਾ ਹੈ, ਪਰ ਇਨ੍ਹਾਂ ਹਾਲਾਤਾਂ ਵਿਚ ਵੀ ਸ਼ੰਕਾ ਰਹਿੰਦੀ ਹੈ ਕਿ ਅੱਖਾਂ ਵਿਚੋਂ ਬਚ ਕੇ ਕੁੱਝ ਮਾਤਰਾ ਵਿਚ ਇਹ ਸਮਾਨ ਸੂਬੇ ਵਿਚ ਪਹੁੰਚ ਰਿਹਾ ਹੈ, ਜੋ ਪੰਜਾਬ ਦੀ ਸ਼ਾਂਤੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਧਮਾਕਾ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ : ਰਾਘਵ ਚੱਢਾ

ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਚੁਣੌਤੀ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਦੀ ਸਮਰੱਥਾ ’ਤੇ ਪੂਰਾ ਭਰੋਸਾ ਹੈ, ਜਿਸ ਨੇ ਬੀਤੇ ਸਮੇਂ ਦੌਰਾਨ ਖੁਦ ਨੂੰ ਸਾਬਿਤ ਕੀਤਾ ਹੈ। ਅਸੀ ਉਮੀਦ ਕਰਦੇ ਹਾਂ ਕਿ ਸੱਤਾ ਵਿਚ ਬੈਠੇ ਲੋਕ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ਵਿਚ ਬਦਲਣਗੇ ਅਤੇ ਪੁਲਸ ਦੀ ਕਾਬਲੀਅਤ ਨੂੰ ਸਹੀ ਉਦੇਸ਼ ਲਈ ਇਸਤੇਮਾਲ ਕਰਨਗੇ। ਸੂਬਾ ਕਾਂਗਰਸ ਪ੍ਰਧਾਨ ਨੇ ਕਿਸੇ ਵੀ ਸੁਰੱਖਿਆ ਸਬੰਧੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਰਕਾਰ ਨੂੰ ਪੂਰਾ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਦੋਂ ਦੇਸ਼, ਪੰਜਾਬ ਅਤੇ ਉਸ ਦੇ ਲੋਕਾਂ ਦੀ ਸੁਰੱਖਿਆ ਦਾ ਵਿਸ਼ਾ ਆਉਂਦਾ ਹੈ, ਤਾਂ ਕਾਂਗਰਸ ਪਾਰਟੀ ਉਸ ਦੀ ਰੱਖਿਆ ਲਈ ਇਕ ਕਦਮ ਅੱਗੇ ਵਧਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਰਾਸ਼ਟਰਹਿਤ ਸਭ ਤੋਂ ਉਪਰ ਹੈ।

ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ 6 ਏਕੜ ਫਸਲ ਨੂੰ ਲਾਈ ਅੱਗ 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

Anuradha

Content Editor

Related News