ਲੁਧਿਆਣਾ ਦੇ ਅਕਾਲੀ ਸ਼ਾਇਦ ਅੱਜ ਨਸ਼ੇ ਬਾਰੇ ਬੋਲਣ !
Tuesday, Jul 03, 2018 - 05:46 AM (IST)

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ’ਚ ਲੋਕ ਚਿੱਟੇ ਦੇ ਨਸ਼ੇ ਖਿਲਾਫ ਸਡ਼ਕਾਂ ’ਤੇ ਆ ਚੁੱਕੇ ਹਨ ਅਤੇ ਰਾਜ ਕਰਦੀ ਕਾਂਗਰਸ ਪਾਰਟੀ ਨੂੰ ਲੋਕ ਨਸ਼ੇ ਦੇ ਮੁੱਦੇ ’ਤੇ ਪਾਣੀ ਪੀ-ਪੀ ਕੇ ਕੋਸ ਰਹੇ ਹਨ, ਉਥੇ ਲੁਧਿਆਣੇ ਦੇ ਦੋ ਆਜ਼ਾਦ ਵਿਧਾਇਕਾਂ ਨੇ ਵੀ ਨਸ਼ੇ ਦੇ ਮਾਮਲੇ ’ਤੇ ਪੁਲਸ ਅਤੇ ਸਰਕਾਰ ਦੇ ਤੰਤਰ ਨੂੰ ਨੰਗਾ ਕੀਤਾ ਹੈ, ਜਿਸ ਦੀ ਕੂਕ ਚੰਡੀਗਡ਼੍ਹ ਤੱਕ ਪੁੱਜੀ ਹੈ ਅਤੇ ਮਹਾਨਗਰ ਵਿਚ ਬੈਠੀ ਸ਼੍ਰੋਮਣੀ ਅਕਾਲੀ ਦਲ ਦੀ ਫੌਜ, ਜਿਸ ਦੇ ਤਿੰਨ ਦਰਜਨ ਤੋਂ ਵੱਧ ਅਕਾਲੀ ਨੇਤਾ ਸੀਨੀਅਰ ਹਨ, ਉਨ੍ਹਾਂ ਨੇ ਅਜੇ ਤੱਕ ਚਿੱਟੇ ਦੇ ਮਾਮਲੇ ’ਤੇ ਆਪਣੀ ਚੁੱਪ ਨਹੀਂ ਤੋਡ਼ੀ ਹੈ। ਸ਼ਾਇਦ ਮੰਗਲਵਾਰ ਨੂੰ ਉਹ ਮੀਡੀਆ ਵਿਚ ਆਪਣੀ ਚੁੱਪ ਤੋਡ਼ਣਗੇ, ਕਿਉਂਕਿ ਹੁਣ ਮੀਡੀਆ ਵਿਚ ਖਬਰਾਂ ਨੇ ਜਨਮ ਲੈ ਲਿਆ ਹੈ। ਅਕਾਲੀਆਂ ਦੀ ਚੁੱਪ ’ਤੇ ਇਕ ਬਜ਼ੁਰਗ ਆਗੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਚਿੱਟੇ ਨਸ਼ੇ ਨੇ ਅਕਾਲੀਆਂ ਹੱਥੋਂ ਇਨ੍ਹਾਂ ਦੀ ਸਰਕਾਰ ਖੋਹ ਲਈ ਸੀ। ਇਸ ਲਈ ਹੁਣ ਇਹ ਸਹਿਮੇ ਹੋਏ ਹਨ ਕਿ ਉਹ ਕਿਵੇਂ ਬੋਲਣ। ਜੇਕਰ ਬੋਲਦੇ ਹੀ ਹਨ ਤਾਂ ਲੋਕਾਂ ਨੂੰ ਕੀ ਆਖਣਗੇ। ਕੀ ਇਹ ਚਿੱਟਾ ਨਸ਼ਾ ਕਦੋਂ ਅਤੇ ਕਿਵੇਂ ਬੰਦ ਹੋਵੇਗਾ, ਕਿਉਂਕਿ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਹੈ ਅਤੇ ਇਸ ਚਿੱਟੇ ਨਸ਼ੇ ਦਾ ਖੂਬ ਬੋਲਬਾਲਾ ਰਿਹਾ ਹੈ। ਸ਼ਾਇਦ ਇਹ ਅਕਾਲੀ ਨੇਤਾ ਅੱਜ ਕੱਲ ਚੁੱਪ ਰਹਿਣਾ ਹੀ ਬਿਹਤਰ ਸਮਝ ਰਹੇ ਹਨ। ਬਾਕੀ ਬਰਗਾਡ਼ੀ ਕਾਂਡ ਜੋ ਇਕ ਮਹੀਨੇ ਤੋਂ ਵੱਧ ਧਰਨੇ ਅਤੇ ਮੁਜ਼ਾਹਰਿਆਂ ਦਾ ਕੇਂਦਰ ਬਣਿਆ ਹੋਇਆ ਹੈ, ਅਕਾਲੀ ਨੇਤਾ ਉਸ ਦੇ ਹੱਕ ਵਿਚ ਜਾਂ ਵਿਰੋਧ ਵਿਚ ਕੁੱਝ ਬੋਲਣ ਦੀ ਬਜਾਏ ਦਡ਼ ਵੱਟ ਰਹੇ ਹਨ, ਕਿਉਂਕਿ ਇਹ ਕਾਂਡ ਵੀ ਅਕਾਲੀ ਸਰਕਾਰ ਦੇ ਹੁੰਦਿਆਂ ਵਾਪਰਿਆ ਸੀ ਅਤੇ ਅਜੇ ਤੱਕ ਅਕਾਲੀਆਂ ਦਾ ਖਹਿਡ਼ਾ ਨਹੀਂ ਛੱਡ ਰਿਹਾ।