ਕਾਂਗਰਸ ਨੇ ਛੱਡੀ ਵੋਟ ਬੈਂਕ ਦੀ ਚਿੰਤਾ, ਕਬਜ਼ਿਆਂ ''ਤੇ ਨਗਰ ਨਿਗਮ ਦਾ ਐਕਸ਼ਨ ਅੱਜ
Tuesday, Jun 12, 2018 - 04:49 AM (IST)

ਲੁਧਿਆਣਾ(ਜ. ਬ.)-ਨਗਰ ਨਿਗਮ ਵੱਲੋਂ ਜਗਰਾਓਂ ਪੁਲ ਦੇ ਅਣਸੇਫ ਹਿੱਸੇ ਨੂੰ ਦੋਬਾਰਾ ਬਣਾਉਣ ਦੀ ਯੋਜਨਾ ਵਿਚ ਅੜਿੱਕਾ ਬਣ ਰਹੇ ਕਿਨਾਰੇ 'ਤੇ ਹੋਏ ਕਬਜ਼ਿਆਂ 'ਤੇ ਸਖ਼ਤੀ ਵਧਾਉਣ ਬਾਰੇ ਲਏ ਗਏ ਫੈਸਲੇ ਤਹਿਤ ਮੰਗਲਵਾਲ ਸਵੇਰੇ ਐਕਸ਼ਨ ਲੈਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਜਿਸ ਤਹਿਤ ਪਹਿਲਾਂ ਲੋਕਾਂ ਨੂੰ ਫਲੈਟਾਂ ਵਿਚ ਸ਼ਿਫਟ ਹੋਣ ਲਈ ਆਫਰ ਲੈਟਰ ਦਿੱਤੇ ਜਾਣਗੇ ਅਤੇ ਜੇ ਲੋਕ ਸਹਿਮਤ ਨਾ ਹੋਏ, ਉਨ੍ਹਾਂ 'ਤੇ ਵੋਟ ਬੈਂਕ ਦੀ ਚਿੰਤਾ ਛੱਡ ਕੇ ਸਖ਼ਤੀ ਵਰਤਣ ਦੀ ਯੋਜਨਾ ਵੀ ਹੈ। ਇਸ ਮਾਮਲੇ ਵਿਚ ਜਗਰਾਓਂ ਪੁਲ ਦੇ ਅਣਸੇਫ ਹਿੱਸੇ ਨੂੰ ਦੋਬਾਰਾ ਬਣਾਉਣ ਦਾ ਕੰਮ ਦੇਖ ਰਹੀ ਕੰਪਨੀ ਨੇ ਕਾਫੀ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਜਦੋਂ ਤਕ ਕਬਜ਼ੇ ਨਹੀਂ ਹਟਾਏ ਜਾਂਦੇ, ਉਸ ਸਮੇਂ ਤੱਕ ਸਾਈਟ ਤੋਂ ਮਲਬਾ ਚੁੱਕਣ ਤੇ ਨਿਰਮਾਣ ਦਾ ਮਟੀਰੀਅਲ ਲਿਜਾਣ ਲਈ ਜਗ੍ਹਾ ਨਹੀਂ ਮਿਲੇਗੀ। ਇਸ ਚੱਕਰ ਵਿਚ ਪੁਲ ਦਾ ਨਿਰਮਾਣ ਸ਼ੁਰੂ ਹੋਣ ਵਿਚ ਦੇਰੀ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਕਬਜ਼ਾਧਾਰੀਆਂ 'ਤੇ ਸਖ਼ਤੀ ਵਰਤਣ ਦੀ ਜਗ੍ਹਾ ਲੋਕਾਂ ਨੂੰ ਫਲੈਟਾਂ ਵਿਚ ਸ਼ਿਫਟ ਹੋਣ ਦਾ ਆਫਰ ਦਿੱਤਾ, ਜਿਸ ਬਾਰੇ ਲੈਟਰ ਲੈ ਕੇ ਐੱਮ. ਪੀ. ਬਿੱਟੂ ਖੁਦ ਲੋਕਾਂ ਕੋਲ ਗਏ ਪਰ ਲੋਕਾਂ ਨੇ ਪਹਿਲਾਂ ਪਲਾਟ ਅਤੇ ਫਿਰ ਗਿਆਸਪੁਰਾ ਦੀ ਜਗ੍ਹਾ ਮੁੰਡੀਆਂ ਵਿਚ ਫਲੈਟ ਦੇਣ ਦੀ ਮੰਗ ਰੱਖ ਦਿੱਤੀ ਅਤੇ ਨਗਰ ਨਿਗਮ ਦੇ ਨੋਟਿਸਾਂ ਨੂੰ ਕੋਰਟ ਵਿਚ ਚੈਲੰਜ ਕਰ ਦਿੱਤਾ, ਜਿੱਥੋਂ ਪਹਿਲਾਂ ਕਬਜ਼ਾਧਾਰੀਆਂ ਦਾ ਪੱਖ ਸੁਣਨ ਦਾ ਫੈਸਲਾ ਹੋਇਆ ਹੈ। ਇਸ ਚੱਕਰ ਵਿਚ ਪੁਲ ਤੋੜਣ ਤੇ ਬਣਾਉਣ ਦਾ ਕੰਮ ਲੇਟ ਹੋਣ ਨਾਲ ਲੋਕਾਂ ਨੂੰ ਪੇਸ਼ ਆ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਹੋ ਰਹੀ ਕਿਰਕਿਰੀ ਦੇ ਮੱਦੇਨਜ਼ਰ ਕਾਂਗਰਸ ਨੇਤਾਵਾਂ ਨੇ ਵੋਟ ਬੈਂਕ ਦੀ ਚਿੰਤਾ ਛੱਡ ਦਿੱਤੀ ਹੈ। ਜਿਸ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਮੰਗਲਵਾਰ ਸਵੇਰੇ ਮੌਕੇ 'ਤੇ ਕੈਂਪ ਲਾਇਆ ਜਾ ਰਿਹਾ ਹੈ, ਜਿੱਥੇ ਲੋਕਾਂ ਦੀ ਰਜਿਸਟ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਫਲੈਟਾਂ ਦੇ ਅਲਾਟਮੈਂਟ ਲੈਟਰ ਦਿੱਤੇ ਜਾਣਗੇ ਅਤੇ ਜੋ ਲੋਕ ਆਫਰ ਨੂੰ ਸਵੀਕਾਰ ਕਰ ਲੈਣਗੇ, ਉਨ੍ਹਾਂ ਨੂੰ ਉਸੇ ਸਮੇਂ ਫਲੈਟਾਂ ਵਿਚ ਸ਼ਿਫਟ ਕਰਨ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਮਕਾਨ ਖਾਲੀ ਹੋ ਗਏ, ਉਨ੍ਹਾਂ ਨੂੰ ਤੋੜਣ ਤੋਂ ਬਾਅਦ ਬਾਕੀ ਲੋਕਾਂ 'ਤੇ ਜ਼ਬਰਦਸਤੀ ਹਟਾਉਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ।