ਕਾਂਗਰਸੀ ਤੇ ਅਕਾਲੀ-ਭਾਜਪਾ ਗੱਠਜੋੜ ਆਹਮੋ-ਸਾਹਮਣੇ

Thursday, Aug 24, 2017 - 01:15 AM (IST)

ਕਾਂਗਰਸੀ ਤੇ ਅਕਾਲੀ-ਭਾਜਪਾ ਗੱਠਜੋੜ ਆਹਮੋ-ਸਾਹਮਣੇ

ਸੰਗਰੂਰ(ਵਿਵੇਕ ਸਿੰਧਵਾਨੀ,ਯਾਦਵਿੰਦਰ)- ਬੇਸ਼ੱਕ ਸੂਬੇ ਵਿਚ ਇਸ ਸਮੇਂ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਚੁੱਕੀ ਹੈ ਪਰ ਸਥਾਨਕ ਨਗਰ ਕੌਂਸਲ ਦੀ ਪ੍ਰਧਾਨਗੀ 'ਤੇ ਹਾਲੇ ਵੀ ਅਕਾਲੀ-ਭਾਜਪਾ ਗੱਠਜੋੜ ਦਾ ਕਬਜ਼ਾ ਬਰਕਰਾਰ ਹੈ। ਪੰਜਾਬ ਯੂਥ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਤੇ ਦਲਿਤ ਮਹਿਲਾ ਆਗੂ ਬੀਬੀ ਪੂਨਮ ਕਾਂਗੜਾ ਵੱਲੋਂ ਨਗਰ ਕੌਂਸਲ ਦੀ ਬੱਸ ਸਟੈਂਡ ਸਾਹਮਣੇ ਪਈ ਚੁੰਗੀ ਵਾਲੀ ਥਾਂ 'ਤੇ ਯੂਥ ਕਾਂਗਰਸ ਦਾ ਦਫਤਰ ਬਣਾਉਣ ਦੀ ਮੰਗ ਨੇ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਆਹਮੋ-ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਬੀਬੀ ਕਾਂਗੜਾ ਵੱਲੋਂ ਬਕਾਇਦਾ ਤੌਰ 'ਤੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਮੰਤਰੀ ਸਥਾਨਕ ਸਰਕਾਰਾਂ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ. ਅਤੇ ਸੰਗਰੂਰ ਮਾਮਲਿਆਂ ਦੇ ਇੰਚਾਰਜ ਨੂੰ ਇਕ ਮੰਗ ਪੱਤਰ ਭੇਜ ਕੇ ਸੰਗਰੂਰ ਦੇ ਬੱਸ ਸਟੈਂਡ ਸਾਹਮਣੇ ਪੁਰਾਣੀ ਚੁੰਗੀ ਵਾਲੀ ਜਗ੍ਹਾ ਜੋ ਪਿਛਲੇ ਕਾਫੀ ਸਮੇਂ ਤੋਂ ਬੇਕਾਰ ਪਈ ਸੀ, ਨੂੰ ਯੂਥ ਕਾਂਗਰਸ ਦੇ ਦਫਤਰ ਬਣਾਉਣ ਲਈ ਪ੍ਰਪੋਜ਼ਲ ਭੇਜੀ ਗਈ ਹੈ। ਬੀਬੀ ਕਾਂਗੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਆਮ ਲੋਕਾਂ ਅਤੇ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯੂਥ ਕਾਂਗਰਸ ਦਾ ਦਫਤਰ ਬਣਾਉਣ ਲਈ ਮੰਗ ਰੱਖੀ ਗਈ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਦਫਤਰ ਵੱਲੋਂ ਛੇਤੀ ਹੀ ਯੂਥ ਕਾਂਗਰਸ ਦਾ ਦਫਤਰ ਅਲਾਟ ਕਰਨ ਸਬੰਧੀ ਹੁਕਮ ਪ੍ਰਾਪਤ ਹੋ ਜਾਣਗੇ। ਜਿਸ ਨਾਲ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਨਾਲ ਸਰਕਾਰ ਦਾ ਰਾਬਤਾ ਸਿੱਧੇ ਤੌਰ 'ਤੇ ਜੁੜ ਸਕੇਗਾ। ਬੀਬੀ ਕਾਂਗੜਾ ਨੇ ਇਹ ਵੀ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਨਗਰ ਸੁਧਾਰ ਟਰੱਸਟ ਸੰਗਰੂਰ ਵੱਲੋਂ ਭਾਜਪਾ ਨੂੰ ਦਫਤਰ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਗਈ ਸੀ। ਉਸੇ ਤਰਜ਼ 'ਤੇ ਸੂਬਾ ਸਰਕਾਰ ਵੀ ਯੂਥ ਕਾਂਗਰਸ ਨੂੰ ਦਫਤਰ ਬਣਾਉਣ ਲਈ ਘੱਟੋ-ਘੱਟ ਕਿਰਾਏ 'ਤੇ ਜਗ੍ਹਾ ਦੇ ਦੇਵੇਗੀ। ਇਸ ਸਬੰਧੀ ਉਨ੍ਹਾਂ ਇਕ ਮੰਗ ਪੱਤਰ ਨਗਰ ਕੌਂਸਲ ਦੇ ਈ.ਓ. ਨੂੰ ਵੀ ਸੌਂਪਿਆ ਗਿਆ ਹੈ। ਗੌਰਤਲਬ ਹੈ ਕਿ ਨਗਰ ਕੌਂਸਲ ਸੰਗਰੂਰ 'ਤੇ ਅਜੇ ਵੀ ਅਕਾਲੀ-ਭਾਜਪਾ ਗੱਠਜੋੜ ਦਾ ਕਬਜ਼ਾ ਬਰਕਰਾਰ ਹੈ। ਜਿਸ ਕਾਰਨ ਨਗਰ ਕੌਂਸਲ ਵੱਲੋਂ ਇਸ ਜਗ੍ਹਾ ਨੂੰ ਵੇਚਣ ਲਈ ਪੂਰੀ ਵਿਓਂਤਬੰਦੀ ਬਣਾ ਲਈ ਹੈ। ਦੂਜੇ ਪਾਸੇ ਯੂਥ ਕਾਂਗਰਸ ਵੱਲੋਂ ਇਸ ਜਗ੍ਹਾ ਨੂੰ ਆਪਣੇ ਦਫਤਰ ਲਈ ਈ.ਓ. ਨੂੰ ਮੰਗ ਪੱਤਰ ਸੌਂਪ ਕੇ ਕਿਰਾਏ 'ਤੇ ਲੈਣ ਦੀ ਮੰਗ ਰੱਖੀ ਗਈ ਹੈ। ਇੰਨਾ ਹੀ ਨਹੀਂ ਯੂਥ ਕਾਂਗਰਸ ਦੇ ਦਫਤਰ ਦੀ ਮੰਗ ਨੂੰ ਲੈ ਕੇ ਸੰਗਰੂਰ ਦੇ ਤਿੰਨ ਕਾਂਗਰਸੀ ਕੌਂਸਲਰਾਂ ਵੱਲੋਂ ਵੀ ਖੁੱਲ੍ਹ ਕੇ ਸਮਰਥਨ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਅਮਰਜੀਤ ਸਿੰਘ ਟੀਟੂ, ਗੁਰਪ੍ਰੀਤ ਸਿੰਘ ਬੱਬੂ ਸੈਣੀ ਤੇ ਨਛੱਤਰ ਸਿੰਘ ਸ਼ਾਮਲ ਹਨ।  ਇਸ ਮੌਕੇ ਬੀਬੀ ਕਾਂਗੜਾ ਨਾਲ ਮੈਡਮ ਮਨਦੀਪ ਕੌਰ, ਮੈਡਮ ਹਰਪਿੰਦਰ ਕੌਰ ਸੱਗੂ, ਮੈਡਮ ਕਰਮਜੀਤ ਕੌਰ ਤੋਂ ਇਲਾਵਾ ਡਾ. ਜਸਪਾਲ ਵਲੇਚਾ, ਸੰਜੀਵ ਬਾਂਸਲ, ਭੁਪਿੰਦਰ ਸਿੰਘ ਜੱਸੀ, ਦਰਸ਼ਨ ਸਿੰਘ ਕਾਂਗੜਾ, ਇੰਦਰਜੀਤ ਸਿੰਘ ਨੀਲੂ, ਜਤਿੰਦਰ ਰਾਣਾ, ਜਗਸੀਰ ਕਾਂਗੜਾ, ਲਖਵਿੰਦਰ ਸਿੰਘ ਲੱਕੀ ਤੇ ਹੋਰ ਵੀ ਯੂਥ ਕਾਂਗਰਸੀ ਹਾਜ਼ਰ ਸਨ। 


Related News