ਪਿੱਠ ਦਰਦ ਦਾ ਹਵਾਲਾ ਦੇ ਈ. ਡੀ. ਕੋਲ ਪੇਸ਼ ਨਹੀਂ ਹੋਏ ਲਾਲੀ, ਦੋ ਘੰਟੇ ਮੀਟਿੰਗ ''ਚ ਰਹੇ
Tuesday, Dec 10, 2019 - 01:43 PM (IST)
ਜਲੰਧਰ : ਜਲੰਧਰ ਦਿਹਾਤ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਪਿੱਠ ਦਰਦ ਦਾ ਹਵਾਲਾ ਦੇ ਕੇ ਸੋਮਵਾਰ ਨੂੰ ਈ. ਡੀ. ਸਾਹਮਣੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ ਪਰ ਉਸੇ ਸਮੇਂ ਦਿਹਾਤ ਕਾਂਗਰਸ ਦੇ ਵਰਕਰਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੋਈ ਮੀਟਿੰਗ ਵਿਚ ਦੋ ਘੰਟੇ ਤਕ ਬੈਠੇ ਰਹੇ। ਅਰਬਨ ਅਸਟੇਟ ਫੇਜ-2 ਦੇ ਇਕ ਹੋਟਲ 'ਚ ਸਵੇਰੇ 11 ਵਜੇ ਸ਼ੁਰੂ ਹੋਈ ਮੀਟਿੰਗ ਦੁਪਹਿਰ ਇਕ ਵਜੇ ਤੋਂ ਬਾਅਦ ਖਤਮ ਹੋਈ ਅਤੇ ਇਸ ਦੌਰਾਨ ਲਾਲੀ ਸਟੇਜ 'ਤੇ ਆਰਾਮ ਨਾਲ ਬੈਠੇ ਰਹੇ। ਹਾਲਾਂਕਿ ਈ. ਡੀ. ਦੀ ਕਾਰਵਾਈ ਨੂੰ ਲੈ ਕੇ ਸੁਨੀਲ ਜਾਖੜ ਨੇ ਲਾਲੀ ਦਾ ਬਚਾਅ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸੇ ਕਾਰਨ ਮੈਂ ਜਲੰਧਰ ਪਹੁੰਚਣ 'ਤੇ ਮੀਟਿੰਗ 'ਚ ਆਉਣ ਦੀ ਬਜਾਏ ਪਹਿਲਾਂ ਲਾਲੀ ਨਾਲ ਮੁਲਾਕਾਤ ਕਰਨ ਗਿਆ। ਕਾਰਨ ਈ. ਡੀ. ਵਰਗੀ ਪਾਵਰਫੁੱਲ ਏਜੰਸੀ ਦਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਗਲਤ ਇਸਤੇਮਾਲ ਕਰ ਰਹੀ ਹੈ। ਈ. ਡੀ. ਨੂੰ ਜਾਂਚ ਕਰਨੀ ਹੈ ਤਾਂ ਸਾਲ 2014 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਸ਼ੁਰੂ ਕੀਤੀ ਜਾਂਚ ਪੂਰੀ ਕਰਕੇ ਕਲੀਨ ਚਿੱਟ ਦੇਵੇ ਜਾਂ ਜਾਂਚ ਪੂਰੀ ਕਰਕੇ ਉਸ ਨੂੰ ਅੰਦਰ ਕਰੇ।
ਦੱਸਣਯੋਗ ਹੈ ਕਿ ਸਾਬਕਾ ਫੇਮਾ ਦੇ ਉਲੰਘਣ ਦੇ ਮਾਮਲੇ ਵਿਚ ਈ. ਡੀ. ਨੇ ਦਿਹਾਤੀ ਕਾਂਗਰਸ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਉਰਫ ਸੁੱਖਾ ਲਾਲੀ ਨੂੰ ਸੋਮਵਾਰ ਸਵੇਰੇ 10 ਵਜੇ ਦਫਤਰ 'ਚ ਤਲਬ ਕੀਤਾ ਸੀ ਪਰ ਉਹ ਨਹੀਂ ਆਏ। ਉਨ੍ਹਾਂ ਦੇ ਵਕੀਲ ਨੇ ਈ. ਡੀ. ਦਫਤਰ ਆ ਕੇ ਦੱਸਿਆ ਕਿ ਪਿੱਠ 'ਚ ਦਰਦ ਕਾਰਣ ਉਨ੍ਹਾਂ ਦਾ ਕਲਾਈਂਟ ਨਹੀਂ ਆ ਸਕਦਾ। ਲਾਲੀ ਨੂੰ ਈ. ਡੀ. ਜਲਦੀ ਹੀ ਦੋਬਾਰਾ ਸੰਮਨ ਭੇਜ ਸਕਦਾ ਹੈ।