ਕਾਂਗਰਸ ਤੇ ਬਾਦਲਾਂ ਖ਼ਿਲਾਫ਼ ਕੀ ਬੋਲੇ ਸੁਖਦੇਵ ਸਿੰਘ ਢੀਂਡਸਾ

Sunday, May 23, 2021 - 06:22 PM (IST)

ਸੰਗਰੂਰ (ਬੇਦੀ) : ਪੰਜਾਬ ਕਾਂਗਰਸ ਦੀ ਸਰਕਾਰ ਅਤੇ ਬਾਦਲਕਿਆਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਸਾਰੀਆਂ ਪਾਰਟੀਆਂ ਇਕ ਮੰਚ ’ਤੇ ਲਿਆਉਣ ਦਾ ਯਤਨ ਕਰਾਂਗੇ, ਉਕਤ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਹੀ ਮਾੜੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਪੰਜਾਬ ਦੇ ਕਿਸਾਨੀ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਬਚਾਉਣ ਦੀ ਲਈ ਉਹ ਤੇ ਬ੍ਰਹਮਪੁਰਾ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਬਾਦਲਾਂ ਦੇ ਖਿਲਾਫ਼ ਹੋਰ ਦੂਜੀਆਂ ਸਿਆਸੀ ਪਾਰਟੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨਗੇ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਤਲਖ਼ੀ ਤੋਂ ਬਾਅਦ ਇੰਝ ਸ਼ੁਰੂ ਹੋਇਆ ਸੀ ਰੇੜਕਾ, ਕੈਪਟਨ ਨੇ ਹੀ ਮੰਗੇ ਸਨ ਮੰਤਰੀਆਂ ਤੋਂ ਅਸਤੀਫ਼ੇ

ਉਨ੍ਹਾਂ ਸੁਖਬੀਰ ਬਾਦਲ ਵੱਲੋਂ ਨਾਨਕਿਆਣਾ ਗੁਰਦੁਆਰਾ ’ਚ ਬਣੇ ਕੋਵਿਡ ਕੇਅਰ ਸੈਂਟਰ ਸ਼ੁਰੂਆਤ ਕਰਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਰਾਜਨੀਤੀ ’ਚ ਧਰਮ ਨੂੰ ਹਮੇਸ਼ਾ ਉੱਪਰ ਰੱਖਿਆ ਹੈ ਪ੍ਰੰਤੂ ਸੁਖਬੀਰ ਬਾਦਲ ਨੇ ਧਰਮ ਨੂੰ ਹੇਠਾਂ ਕਰ ਦਿੱਤਾ ਅਤੇ ਰਾਜਨੀਤੀ ਨੂੰ ਉੱਪਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਐੱਸ.ਜੀ.ਪੀ.ਸੀ. ਵੱਲੋਂ ਕੋਵਿਡ ਸੈਂਟਰ ਸ਼ੁਰੂ ਕੀਤਾ ਗਿਆ ਹੈ ਉਹ ਚੰਗਾ ਕੰਮ ਹੈ ਪਰ ਇਸਦੀ ਸ਼ੁਰੂਆਤ ਐੱਸ.ਜੀ.ਪੀ.ਸੀ. ਪ੍ਰਧਾਨ ਜਾਂ ਉੁਨ੍ਹਾਂ ਦੇ ਮੈਂਬਰਾਂ ਵੱਲੋਂ ਕਰਨੀ ਚਾਹੀਦੀ ਸੀ ਨਾ ਕਿਸੇ ਸਿਆਸੀ ਲੀਡਰ ਵੱਲੋਂ। ਉਨ੍ਹਾਂ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਹੀ ਉਨ੍ਹਾਂ ਦੀ ਬਾਦਲਾਂ ਨਾਲ ਸਿਧਾਂਤਕ ਲੜਾਈ ਹੈ।

ਇਹ ਵੀ ਪੜ੍ਹੋ : ਹਾਈਕਮਾਨ ਦੇ ਦਖ਼ਲ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਟਵੀਟ ਕਰਕੇ ਆਖੀ ਵੱਡੀ ਗੱਲ

ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ ਬਾਰੇ ਵੀ ਕਿਹਾ ਕਿ ਸਰਕਾਰ ਨੂੰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਅੰਨਦਾਤਾ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ’ਤੇ ਹੈ ਜੋ ਠੀਕ ਨਹੀਂ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਵਿਡ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਨੂੰ ਕੋਰੋਨਾ ਖ਼ਿਲਾਫ਼ ਲੜਨ ਲਈ ਯਤਨ ਕਰਨੇ ਚਾਹੀਦੇ ਹਨ ਨਾ ਕਿ ਆਪਸ ’ਚ ਲੜਨ ਦੇ ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਮਾਹੌਲ ਬਹੁਤ ਖ਼ਰਾਬ ਹੈ ਤੇ ਸਭ ਨੂੰ ਇਸਦੇ ਖ਼ਿਲਾਫ਼ ਲੜਨਾ ਚਾਹੀਦਾ ਹੈ ਤੇ ਪਹਿਲ ਸਰਕਾਰ ਨੂੰ ਕਰਨੀ ਚਾਹੀਦੀ ਹੈ ।

ਇਹ ਵੀ ਪੜ੍ਹੋ : ਬਾਜਵਾ ਦਾ ਪ੍ਰਧਾਨ ਮੰਤਰੀ ਨੂੰ ਟਵੀਟ, ‘ਕਿਸਾਨਾਂ ਨੂੰ ਕੋਰੋਨਾ ਤੋਂ ਵੱਧ ਖੇਤੀ ਕਾਨੂੰਨਾਂ ਦਾ ਡਰ’

ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਵਿਡ ਕਾਰਨ ਬਹੁਤ ਸਾਰੇ ਡਾਕਟਰ, ਨਰਸਾਂ ਅਤੇ ਹੋਰ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਸਰਕਾਰ ਨੂੰ ਇਨ੍ਹਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਕੋਵਿਡ ਖ਼ਿਲਾਫ਼ ਫਰੰਟ ’ਤੇ ਲੜਾਈ ਲੜ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਗੁਰੂ ਸਿੰਘ ਨਮੋਲ, ਜਸਵਿੰਦਰ ਸਿੰਘ ਖਾਲਸਾ ਪੀ.ਏ., ਗੁਰਮੀਤ ਸਿੰਘ ਜੌਹਲ ਮੀਡੀਆ ਸਲਾਹਕਾਰ ਹਾਜ਼ਰ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਬਹੁਚਰਚਿਤ ਅਮਨਪ੍ਰੀਤ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News