88 ਦੋਸ਼ੀਆਂ ਦੀ ਸਜ਼ਾ ਬਾਰੇ ਫੈਸਲੇ ਨੇ ਕਾਂਗਰਸ ਦੀ ਸਾਜ਼ਿਸ਼ ਨੂੰ ਸਾਬਿਤ ਕੀਤਾ : ਸੁਖਬੀਰ

Thursday, Nov 29, 2018 - 09:39 AM (IST)

ਚੰਡੀਗੜ੍ਹ (ਅਸ਼ਵਨੀ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਹਾਈਕੋਰਟ ਵਲੋਂ 1984 'ਚ ਹੋਏ ਸਿੱਖ ਕਤਲੇਆਮ ਦੇ 88 ਦੋਸ਼ੀਆਂ ਦੀ ਸਜ਼ਾ ਬਰਕਰਾਰ ਰੱਖੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਦੇਰੀ ਨਾਲ ਮਿਲਿਆ ਮਾਮੂਲੀ ਇਨਸਾਫ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ 'ਚੋਂ ਬਹੁਤੇ ਕਾਂਗਰਸੀ ਜਾਂ ਉਨ੍ਹਾਂ ਦੇ ਸਮਰਥਕ ਹਨ, ਜਿਸ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਨੇ ਭਾਰਤ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਦੀ ਸਾਜ਼ਿਸ਼ ਰਚੀ ਸੀ। 

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦੀਆਂ ਭੀੜਾਂ ਨੇ ਸਿੱਖ ਵਸੋਂ ਵਾਲੇ ਇਲਾਕੇ ਤਿਰਲੋਕਪੁਰੀ ਵਿਚ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ 95 ਵਿਅਕਤੀ ਮਾਰੇ ਗਏ ਸਨ ਅਤੇ 100 ਘਰਾਂ ਨੂੰ ਫੂਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਜ਼ਾ 1996 ਵਿਚ ਇਕ ਟਰਾਇਲ ਕੋਰਟ ਵਲੋਂ ਸਿਰਫ ਭੰਨ-ਤੋੜ ਕਰਨ ਅਤੇ ਕਰਫਿਊ ਦੀ ਉਲੰਘਣਾ ਕਰਨ ਲਈ ਦਿੱਤੀ ਗਈ ਸੀ, ਕਿਉਂਕਿ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸੇ ਵੀ ਵਿਅਕਤੀ ਖ਼ਿਲਾਫ ਕਤਲ ਦਾ ਕੇਸ ਦਰਜ ਨਹੀਂ ਸੀ ਹੋਣ ਦਿੱਤਾ। ਇਸ ਮਾਮਲੇ ਵਿਚ ਵੀ ਐੱਫ.ਆਈ.ਆਰ. ਸਿਰਫ ਭੰਨ-ਤੋੜ ਅਤੇ ਸਾੜ-ਫੂਕ ਕਰਨ ਵਾਸਤੇ ਦਰਜ ਕੀਤੀ ਗਈ ਸੀ। ਬਾਦਲ ਨੇ ਕਿਹਾ ਕਿ ਅਜ਼ਾਦ ਭਾਰਤ ਦੇ ਇਤਿਹਾਸ 'ਚ ਹੋਏ ਇਸ ਸਭ ਤੋਂ ਭਿਆਨਕ ਕਤਲੇਆਮ ਦੌਰਾਨ 3 ਹਜ਼ਾਰ ਤੋਂ ਨਿਰਦੋਸ਼ ਸਿੱਖ ਮਾਰੇ ਗਏ ਸਨ। 

ਬਾਦਲ ਨੇ ਇਸ ਅਣਮਨੁੱਖੀ ਕਤਲੇਆਮ ਅਤੇ ਇਸ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਭਿਆਨਕ ਕਤਲੇਆਮ ਦੀ ਜਾਂਚ ਦੇ ਕੰਮ ਨੂੰ 34 ਸਾਲ ਤਕ ਘੜੀਸਣਾ ਤੇ ਟ੍ਰਾਇਲ ਕੋਰਟ ਦੇ ਫੈਸਲੇ ਮਗਰੋਂ ਵੀ 2 ਦਹਾਕਿਆਂ ਤਕ ਕੇਸ ਨੂੰ ਲਟਕਾਏ ਰੱਖਣਾ, ਇਸ ਸਭ ਕਾਂਗਰਸ ਦੀਆਂ ਦੋਸ਼ੀਆਂ ਨੂੰ ਬਚਾਉਣ ਲਈ ਚੱਲੀਆਂ  ਚਾਲਾਂ ਕਰਕੇ ਵਾਪਰਿਆ ਹੈ। ਉਨ੍ਹਾਂ ਅੱਜ ਦੇ ਫੈਸਲੇ ਨੂੰ ਅੱਧੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਅਜੇ 95 ਸਿੱਖਾਂ ਦੇ ਕਾਤਲਾਂ  ਖ਼ਿਲਾਫ ਮੁਕੱਦਮਾ ਨਹੀਂ ਚੱਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਸ਼ੱਕ ਦੇਰ ਨਾਲ ਹੋਈ ਪਰ ਇਕ ਚੰਗੀ ਸ਼ੁਰੂਆਤ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਭਿਆਨਕ ਕਤਲੇਆਮ ਦੇ ਵੱਡੇ ਦੋਸ਼ੀਆਂ ਖ਼ਿਲਾਫ ਵੀ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਪੀੜਤਾਂ ਨੂੰ ਇਨਸਾਫ ਮਿਲੇਗਾ।


Shyna

Content Editor

Related News