ਕਾਂਗਰਸ ਪੰਜਾਬ ''ਚੋਂ ਰਾਜੀਵ ਗਾਂਧੀ ਦੇ ਲੱਗੇ ਸਾਰੇ ਬੁੱਤਾਂ ਨੂੰ ਉਤਾਰੇ : ਪ੍ਰੋ . ਚੰਦੂਮਾਜਰਾ
Thursday, Dec 27, 2018 - 09:55 AM (IST)
ਫਤਿਹਗੜ੍ਹ ਸਾਹਿਬ (ਜਗਦੇਵ)—ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣੀ ਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਕਾਂਗਰਸ ਪਾਰਟੀ ਪੰਜਾਬ ਭਰ ਵਿਚੋਂ ਰਾਜੀਵ ਗਾਂਧੀ ਦੇ ਲਗਾਏ ਸਾਰੇ ਬੁੱਤਾਂ ਨੂੰ ਉਤਾਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ '84 ਦੇ ਸਿੱਖ ਦੰਗਿਆਂ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਦੋਸ਼ੀਆਂ ਨੂੰ ਹੁਣ ਤਾਂ ਮਾਣਯੋਗ ਅਦਾਲਤਾਂ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਪਿੱਛੇ ਸਿਆਸੀ ਰਸੂਖ ਕਰਕੇ ਹੀ ਇਨ੍ਹਾਂ ਦਾ ਬਚਾਅ ਹੁੰਦਾ ਰਿਹਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸ਼ਹੀਦੀ ਸਭਾ ਦੇ ਦਿਨਾਂ ਦੌਰਾਨ ਪੰਚਾਇਤੀ ਚੋਣਾਂ ਕਰਵਾ ਕੇ ਸਿੱਖ ਸ਼ਰਧਾਲੂਆਂ ਦੇ ਮਨਾਂ 'ਤੇ ਵੀ ਡੂੰਘੀ ਸੱਟ ਮਾਰੀ ਹੈ ਜਿਹੜੇ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦੀ ਦਿਹਾੜਿਆਂ ਸਮੇਂ ਪੰਚਾਇਤੀ ਚੋਣਾਂ ਹੋਣ ਕਾਰਨ ਸ਼ਰਾਬ ਦਾ ਵੀ ਸੇਵਨ ਹੋਵੇਗਾ ਜਦਕਿ ਇਨ੍ਹਾਂ ਦਿਨਾਂ ਵਿਚ ਤਾਂ ਲੋਕ ਸੋਗ ਵਜੋਂ ਭੁੰਜੇ ਸੌਂਦੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੀਰੀ-ਪੀਰੀ ਦੇ ਸਿਧਾਂਤ 'ਤੇ ਚਲਦਾ ਹੋਇਆ ਅਗਲੇ ਸਾਲ ਧਾਰਮਿਕ ਸਟੇਜ ਲਗਾਏਗਾ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਹਰਿੰਦਰਪਾਲ ਸਿੰਘ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਜੈ ਸਿੰਘ ਬਾੜਾ, ਹਰਭਜਨ ਸਿੰਘ ਚਨਾਰਥਲ, ਊਧਮ ਸਿੰਘ ਮੈਨੇਜਰ, ਨਰੇਸ਼ ਸਰੀਨ, ਮੈਨੇਜਰ ਅਮਰਜੀਤ ਸਿੰਘ, ਇੰਦਰਜੀਤ ਸਿੰਘ ਬੇਦੀ, ਸਮੇਤ ਹੋਰ ਅਕਾਲੀ ਦਲ ਦੇ ਵਰਕਰ ਵੀ ਹਾਜ਼ਰ ਸਨ।