ਕਾਂਗਰਸ ਨੂੰ ਕਿਸ ਮੋੜ ''ਤੇ ਲੈ ਆਈ ਸਿੱਧੂ ਤੇ ਸੋਨੀ ਦੀ ਨਾਰਾਜ਼ਗੀ

06/21/2019 6:27:16 PM

ਜਲੰਧਰ : ਮੰਤਰੀਆਂ ਦੇ ਵਿਭਾਗਾਂ ਨੂੰ ਬਦਲਣ ਨਾਲ ਜੋ ਖਿਲਾਰਾ ਪੰਜਾਬ ਕੈਬਨਿਟ 'ਚ ਪਿਆ ਹੈ, ਉਹ ਹਾਲ ਦੀ ਘੜੀ ਨਿੱਬੜਦਾ ਨਜ਼ਰ ਨਹੀਂ ਆ ਰਿਹਾ। ਗੱਲ ਕਰ ਰਹੇ ਹਾਂ ਰਾਜੇ ਦੇ ਰੁੱਸੇ 2 ਵਜ਼ੀਰਾਂ ਨਵਜੋਤ ਸਿੱਧੂ ਅਤੇ ਓ. ਪੀ. ਸੋਨੀ ਦੀ। ਵਿਭਾਗ ਬਦਲੇ ਜਾਣ ਤੋਂ ਖਫਾ ਇਨ੍ਹਾਂ ਦੋਵਾਂ ਹੀ ਮੰਤਰੀਆਂ ਨੇ 15 ਦਿਨ ਹੋਣ ਦੇ ਬਾਵਜੂਦ ਵੀ ਨਵੇਂ ਵਿਭਾਗਾਂ ਦਾ ਚਾਰਜ ਨਹੀਂ ਸੰਭਾਲਿਆ ਹੈ। ਹਾਲਾਂਕਿ ਸਰਕਾਰਾਂ 'ਚ ਵਿਭਾਗਾਂ ਦੀ ਅਦਲਾ-ਬਦਲੀ ਆਮ ਗੱਲ ਹੈ ਪਰ ਇਹ ਦੋਵੇਂ ਹੀ ਬਦਲੇ ਵਿਭਾਗਾਂ ਨੂੰ ਆਪਣੀ ਤੌਹੀਨ ਮੰਨ ਰਹੇ ਹਨ। ਹਾਲਾਂਕਿ ਦੋਵਾਂ ਦੀ ਲੜਾਈ ਵੱਖੋ-ਵੱਖਰੀ ਤਰ੍ਹਾਂ ਦੀ ਹੈ ਤੇ ਇਨ੍ਹਾਂ ਦੇ ਮੰਨਣ-ਮਨਾਉਣ ਦੀਆਂ ਸੰਭਾਵਾਨਾਂ ਵੀ ਆਪਸ 'ਚ ਮੇਲ ਨਹੀਂ ਖਾਂਦੀਆਂ ਪਰ ਸੱਚ ਤਾਂ ਇਹੀ ਹੈ ਕਿ ਦੋਵੇਂ ਮੰਤਰੀਆਂ ਦੀ ਜ਼ਿੱਦ ਨੇ ਪੂਰੀ ਪੰਜਾਬ ਕਾਂਗਰਸ ਹੀ ਨਹੀਂ ਸਗੋਂ ਹਾਈਕਮਾਨ ਤੱਕ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ। 

PunjabKesari

ਕਾਂਗਰਸ ਦਾ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦਾ ਚਹੇਤਾ ਤੇ ਸਥਾਨਕ ਸਰਕਾਰਾਂ ਮੰਤਰੀ ਰਿਹਾ ਨਵਜੋਤ ਸਿੰਘ ਸਿੱਧੂ ਜਿਸਦੀ ਅਕਸਰ ਹੀ ਕੈਪਟਨ ਨਾਲ ਘੁੰਡੀ ਫਸੀ ਰਹਿੰਦੀ ਹੈ। ਲੋਕ ਸਭਾ ਚੋਣਾਂ ਤੋਂ ਹੀ ਦੋਵਾਂ ਵਿਚਾਲੀ ਤਲਖੀ ਵਧ ਗਈ ਸੀ ਪਰ ਬਠਿੰਡਾ ਸਣੇ ਸ਼ਹਿਰੀ ਹਲਕਿਆਂ 'ਚ ਕਾਂਗਰਸ ਦੀ ਹਾਰ ਲਈ ਸਿੱਧੂ ਨੂੰ ਜ਼ਿੰਮੇਵਾਰ ਦੱਸ ਕੇ ਕੈਪਟਨ ਨੇ ਅੱਗ 'ਚ ਘਿਓ ਪਾਉਣ ਵਾਲਾ ਕੰਮ ਕੀਤਾ ਪਰ ਜਦੋਂ ਕੈਪਟਨ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਤੇ ਸੈਰ-ਸਪਾਟਾ ਵਿਭਾਗ ਵਾਪਸ ਲੈ ਲਏ ਤਾਂ ਸਿੱਧੂ ਦੇ ਗੁੱਸੇ ਦਾ ਲਾਵਾ ਫੁੱਟ ਗਿਆ। ਸਿੱਧੂ ਨੇ ਨਾ ਸਿਰਫ ਨਵੇਂ ਬਿਜਲੀ ਮੰਤਰਾਲੇ ਨੂੰ ਸਾਂਭਣ ਤੋਂ ਆਨਾ-ਕਾਨੀ ਕੀਤੀ। ਸਗੋਂ ਕੈਪਟਨ ਦੀ ਸ਼ਿਕਾਇਤ ਲੈ ਕੇ ਰਾਹੁਲ ਗਾਂਧੀ ਕੋਲ ਪਹੁੰਚ ਗਏ। 

PunjabKesari

ਹੁਣ ਰਾਹੁਲ ਦੀ ਹਾਲਤ ਤਾਂ 'ਅੱਗੇ ਖੂਹ, ਪਿੱਛੇ ਖਾਈ' ਵਾਲੀ ਹੋਈ ਪਈ ਹੈ ਕਿਉਂਕਿ ਇਕੱਲੇ ਪੰਜਾਬ 'ਚੋਂ ਕਾਂਗਰਸ ਨੂੰ 8 ਸਾਂਸਦ ਦੇਣ ਵਾਲੇ ਕੈਪਟਨ ਦੀ ਕਾਂਗਰਸ 'ਚ ਚੰਗੀ ਪੈਠ ਬੱਝੀ ਹੈ ਅਤੇ ਸਿੱਧੂ ਨੂੰ ਲੈ ਕੇ ਰਾਹੁਲ ਗਾਂਧੀ ਕੈਪਟਨ 'ਤੇ ਕੋਈ ਦਬਾਅ ਬਣਾਉਣ ਦੀ ਹਾਲਤ 'ਚ ਨਹੀਂ ਅਤੇ ਨਾ ਹੀ ਨਵਜੋਤ ਸਿੱਧੂ ਵਰਗੇ ਸਟਾਰ ਪ੍ਰਚਾਰਕ ਨੂੰ ਗੁਆਉਣ ਲਈ ਤਿਆਰ ਹਨ। ਸਥਿਤੀ ਕਸੂਤੀ ਹੈ ਕਿਉਂਕਿ ਅੱਗੋਂ ਕੈਪਟਨ ਵੀ ਇਸ ਮਾਮਲੇ 'ਚ ਝੁਕਣ ਨੂੰ ਤਿਆਰ ਨਹੀਂ ਜਦਕਿ ਸਿੱਧੂ ਵੀ ਆਪਣੀ ਈਨ ਮਨਾਉਣ ਲਈ ਬਜਿੱਦ ਹਨ। ਅਖੀਰ, ਹਾਈਕਮਾਨ ਨੇ ਅਹਿਮਦ ਪਟੇਲ ਨੂੰ ਇਸ ਉਲਝਣ ਦਾ ਹੱਲ ਲੱਭਣ ਲਈ ਕਿਹਾ, ਜਿਸਦੀ ਸਲਾਹ 'ਤੇ ਦੋਵੇਂ ਧਿਰਾਂ ਚੁੱਪ ਬੈਠੀਆਂ ਹਨ। ਚਰਚਾ ਹੈ ਕਿ ਸਦਾ ਲਈ ਕੈਪਟਨ ਤੇ ਸਿੱਧੂ ਦਾ ਰੇੜਕਾ ਮੁਕਾਉਣ ਲਈ ਹਾਈਕਮਾਨ ਨਵਜੋਤ ਸਿੱਧੂ ਨੂੰ ਆਲ ਇੰਡੀਆ ਕਾਂਗਰਸ ਦਾ ਜਨਰਲ ਸਕੱਤਰ ਬਣਾ ਸਕਦੀ ਹੈ ਤੇ ਨਾਲ ਹੀ ਇਕ-ਦੋ ਸੂਬਿਆਂ ਦਾ ਇੰਚਾਰਜ ਵੀ ਲਗਾ ਸਕਦੀ ਹੈ। ਇਧਰ ਕੈਪਟਨ ਵੀ ਸਿੱਧੂ ਨੂੰ ਕੈਬਨਿਟ 'ਚੋਂ ਆਊਟ ਮੰਨ ਕੇ ਚੱਲ ਰਹੇ ਹਨ, ਜਿਸਦੇ ਚੱਲਦਿਆਂ ਕੈਪਟਨ ਨੇ ਹਾਲ ਦੀ ਘੜੀ ਖੁਦ ਸਿੱਧੂ ਦਾ ਵਿਭਾਗ ਸਾਂਭ ਲਿਆ ਹੈ। 

PunjabKesari

ਸਿੱਧੂ ਤੋਂ ਇਲਾਵਾ ਓ. ਪੀ. ਸੋਨੀ ਵੀ ਮੰਤਰਾਲਾ ਬਦਲੇ ਜਾਣ ਤੋਂ ਨਾਰਾਜ਼ ਹਨ, ਹਾਲਾਂਕਿ ਸੋਨੀ ਦੇ ਮਾਮਲੇ 'ਚ ਕੈਪਟਨ ਦਾ ਰਵੱਈਆ ਨਰਮ ਹੈ ਤੇ ਉਨ੍ਹਾਂ ਇਕ ਵਾਰ ਤਾਂ ਸੋਨੀ ਨੂੰ ਮਨਾ ਵੀ ਲਿਆ ਸੀ ਪਰ ਮੰਤਰਾਲਾ ਬਦਲੇ ਜਾਣ ਦੇ ਐਨ ਆਖਰੀ ਮੌਕੇ 'ਤੇ ਸੋਨੀ ਨੇ 300 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ, ਜਿਸਨੂੰ ਲੈ ਕੇ ਨਵੇਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਪੈਦਾ ਹੋਏ ਮਤਭੇਦਾਂ ਨੇ ਗੱਲ ਵਿਗਾੜ ਦਿੱਤੀ। ਚਰਚਾ ਇਹ ਵੀ ਹੈ ਕਿ ਸੋਨੀ ਦੇ ਤਬਾਦਲੇ ਪਿੱਛੇ ਮਾਝਾ ਕੈਡਰ ਤੇ ਕੁਝ ਵਿਭਾਗੀ ਅਧਿਕਾਰੀਆਂ ਦਾ ਵੀ ਹੱਥ ਹੈ, ਹਾਲਾਂਕਿ ਸੋਨੀ ਦੇ ਪਹਿਲਾਂ ਵੀ 2-3 ਵਾਰ ਵਿਭਾਗ ਬਦਲੇ ਗਏ ਸਨ। ਕੈਬਨਿਟ 'ਚ ਲਏ ਜਾਣ ਸਮੇਂ ਮਕਾਨ ਉਸਾਰੀ ਵਿਭਾਗ ਦੀ ਗੱਲ ਕਰ ਉਨ੍ਹਾਂ ਨੂੰ ਵਾਤਾਰਣ ਮੰਤਰਾਲਾ ਦੇ ਦਿੱਤਾ ਗਿਆ। ਨੈਸ਼ਨਲ ਗ੍ਰੀਨ ਟ੍ਰਿਊਬਨਲ ਵਲੋਂ ਪੰਜਾਬ ਨੂੰ ਹੋਏ 50 ਕਰੋੜ ਦੇ ਜੁਰਮਾਨੇ ਮਗਰੋਂ ਉਨ੍ਹਾਂ ਬਦਲ ਕੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਦਿੱਤਾ ਗਿਆ ਤੇ ਹੁਣ ਉਨ੍ਹਾਂ ਕੋਲੋਂ ਸਿੱਖਿਆ ਵਿਭਾਗ ਖੋਹ ਲਿਆ ਗਿਆ, ਜਿਸਨੂੰ ਸੋਨੀ ਨੇ ਆਪਣੇ ਆਤਮ ਸਨਮਾਨ 'ਤੇ ਸੱਟ ਸਮਝਿਆ ਹਾਲਾਂਕਿ ਸੂਤਰਾਂ ਮੁਤਾਬਕ ਕੈਪਟਨ ਜਲਦ ਹੀ ਸੋਨੀ ਨੂੰ ਮਨਾ ਲੈਣਗੇ। ਹਾਲਾਂਕਿ ਓ. ਪੀ. ਸੋਨੀ ਨੂੰ ਕੈਪਟਨ ਜਲਦ ਮਨਾ ਲੈਣ ਦਾ ਦਾਅਵਾ ਕਰ ਰਹੇ ਹਨ ਤੇ ਸੰਭਵ ਹੈ ਕਿ ਜਲਦ ਹੀ ਸੋਨੀ ਚਾਰਜ ਵੀ ਸੰਭਾਲ ਲੈਣ ਪਰ ਨਵਜੋਤ ਸਿੱਧੂ ਨੂੰ ਆਪਣੇ ਲਈ ਵੱਡੀ ਚੁਣੌਤੀ ਮੰਨਣ ਵਾਲੇ ਕੈਪਟਨ ਕਿਸੇ ਹਾਲ 'ਚ ਸਿੱਧੂ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਆਉਣ ਵਾਲੇ ਦਿਨਾਂ 'ਚ ਕੈਪਟਨ-ਸਿੱਧੂ ਦਾ ਕਲੇਸ਼ ਕਾਂਗਰਸ ਨੂੰ ਕਿਸ ਪਾਸੇ ਲੈ ਕੇ ਜਾਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗੇ।


Gurminder Singh

Content Editor

Related News