ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਵਧੀ ਤਲਖ਼ੀ, ਨਵਜੋਤ ਸਿੱਧੂ ਨੇ ਕਿਹਾ ਇੱਟ ਨਾਲ ਇੱਟ ਖੜਕਾ ਦਿਆਂਗਾ
Friday, Aug 27, 2021 - 06:34 PM (IST)
ਅੰਮ੍ਰਿਤਸਰ : ਪੰਜਾਬ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਦਰਮਿਆਨ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਲਖ਼ ਤੇਵਰ ਵਿਖਾਉਂਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ। ਅੰਮ੍ਰਿਤਸਰ ਵਿਚ ਇਕ ਪ੍ਰੋਗਰਾਮ ਦੇ ਮੰਚ ’ਤੇ ਹਾਈਕਮਾਨ ਨੂੰ ਮੁਖਾਤਿਬ ਹੁੰਦਿਆਂ ਸਿੱਧੂ ਨੇ ਆਖਿਆ ਹੈ ਕਿ ਜੇਕਰ ਉਨ੍ਹਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਨਹੀਂ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਦਿੱਤੀ ਤਾਂ ਮੇਰੇ ਪੰਜਾਬ ਮਾਡਲ ਨਾਲ ਕਾਂਗਰਸ 20 ਸਾਲਾਂ ਤੱਕ ਪੰਜਾਬ ਵਿਚ ਰਾਜ ਕਰੇਗੀ ਪਰ ਜੇਕਰ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਨਾ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਵੀ ਖੜਕਾ ਦੇਣਗੇ। ਸਿੱਧੂ ਨੇ ਕਿਹਾ ਕਿ ਦਰਸ਼ਨੀ ਘੋੜਾ ਬਣ ਕੇ ਕੋਈ ਫਾਇਦਾ ਹੈ, ਉਹ ਪੰਜਾਬ ਲਈ ਤਾਂ ਹੀ ਕੁੱਝ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਹੋਵੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਯਾਦ ਰਹੇ ਕਿ ਨਵਜੋਤ ਸਿੱਧੂ ਦਾ ਹਾਈਕਮਾਨ ’ਤੇ ਇਹ ਤਲਖ਼ੀ ਭਰਿਆ ਬਿਆਨ ਉਸ ਸਮੇਂ ਆਇਆ ਹੈ ਜਦੋਂ ਮਹਿਜ਼ ਇਕ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਸਲਾਹਕਾਰ ਹਟਾਉਣ ਦੀ ਚਿਤਾਵਨੀ ਦਿੱਤੀ ਸੀ। ਇਥੇ ਹੀ ਬਸ ਨਹੀਂ ਰਾਵਤ ਨੇ ਪੰਜਾਬ ਦੇ ਬਾਗੀ ਮੰਤਰੀਆਂ ਵਲੋਂ ਮੁੱਖ ਮੰਤਰੀ ਬਦਲੇ ਜਾਣ ਦੀ ਮੰਗ ਨੂੰ ਲੈ ਕੇ ਕੀਤੀ ਗਈ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਸਿੱਧੂ ਨੂੰ ਸਿਰਫ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਹੈ, ਸਾਰੀ ਕਾਂਗਰਸ ਨੂੰ ਸੌਂਪੀ ਗਈ ਹੈ। ਰਾਵਤ ਨੇ ਇਹ ਵੀ ਆਖਿਆ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੀ ਲੜੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਵਿਚ ਬਗਾਵਤ ਦਰਮਿਆਨ ਪ੍ਰਨੀਤ ਕੌਰ ਦਾ ਨਵਜੋਤ ਸਿੱਧੂ ’ਤੇ ਵੱਡਾ ਬਿਆਨ
ਨੋਟ - ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜ੍ਹਕਾਉਣ ਵਾਲੇ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?