ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਵਿਵਾਦਾਂ ’ਚ ਘਿਰੇ ਸਿੱਧੂ, ਕਿਸਾਨ ਆਗੂਆਂ ਨੇ ਦੋ ਟੁੱਕ ’ਚ ਦਿੱਤੇ ਜਵਾਬ

07/26/2021 6:31:25 PM

ਬਠਿੰਡਾ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦੇ ਹੀ ਨਵਜੋਤ ਸਿੱਧੂ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਸਿੱਧੂ ਨੇ ਚੰਡੀਗੜ੍ਹ ਵਿਚ ਹੋਏ ਤਾਜਪੋਸ਼ੀ ਸਮਾਗਮ ਦੌਰਾਨ ਕਿਹਾ ਸੀ ਕਿ ਮੈਂ ਕਿਸਾਨ ਮੋਰਚਾ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਿਆਸਾ ਖੂਹ ਕੋਲ ਆਉਂਦਾ ਹੈ, ਖੂਹ ਪਿਆਸੇ ਕੋਲ ਨਹੀਂ ਆਉਂਦਾ। ਮੈਂ ਤੁਹਾਨੂੰ ਸੱਦਾ ਦੇਣਾ ਚਾਹੁੰਦਾ ਹਾਂ ਕਿ ਮੈਨੂੰ ਮਿਲੋ। ਮੈਂ ਜਾਣਦਾ ਹਾਂ ਕਿ ਤਿੰਨ ਕਾਲੇ ਕਾਨੂੰਨ ਤੁਸੀਂ ਲਾਗੂ ਨਹੀਂ ਹੋਣ ਦਿਓਗੇ। ਸਰਕਾਰ ਵੀ ਡਿਗਾ ਦਿਓਗੇ ਪਰ ਇਸ ਦਾ ਹੱਲ ਕੀ ਹੈ, ਆਓ ਇਸ ’ਤੇ ਗੱਲ ਕਰੀਏ। ਸਾਡੀ ਸਰਕਾਰ ਦੀ ਤਾਕਤ ਕਿਸ ਤਰ੍ਹਾਂ ਕੰਮ ਆ ਸਕਦੀ ਹੈ। ਇਸ ’ਤੇ ਕਿਸਾਨ ਸੰਗਠਨਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਸਿੱਧੂ ਨੂੰ ਹੰਕਾਰੀ ਦੱਸਿਆ।

ਇਹ ਵੀ ਪੜ੍ਹੋ : ਪ੍ਰਧਾਨ ਬਣਨ ’ਤੇ ਸਿੱਧੂ ਨੂੰ ਪੀ. ਐੱਸ. ਜੀ. ਪੀ. ਸੀ. ਨੇ ਵਧਾਈ ਦਿੰਦਿਆਂ ਕੀਤੀ ਇਹ ਅਪੀਲ, ਸਿੱਧੂ ਘਿਰੇ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸਿੱਧੂ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਸੀ। ਉਹ ਸ਼ਹਾਦਤ ਦੇਣ ਵਾਲੇ ਕਿਸਾਨਾਂ ਨੂੰ ਪਿਆਸਾ ਦੱਸ ਰਹੇ ਹਨ। ਕਾਰਪੋਰੇਟ ਘਰਾਣਿਆਂ ਦੇ ਅੱਗੇ ਸੀਨਾ ਠੋਕ ਕੇ ਖੜ੍ਹੇ ਕਿਸਾਨਾਂ ਨੂੰ ਪਿਆਸਾ ਕਹਿ ਰਹੇ ਹਨ। ਸਿੱਧੂ ਕਿਸੇ ਸੰਵਿਧਾਨਕ ਅਹੁਦੇ ’ਤੇ ਨਹੀਂ ਹਨ। ਸਿਰਫ ਪ੍ਰਧਾਨ ਬਣੇ ਹਨ ਅਤੇ ਪਾਰਟੀ ਪ੍ਰਧਾਨ ਕੁਝ ਨਹੀਂ ਕਰ ਸਕਦਾ। ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਮੁਤਾਬਕ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨਗੀ ਦਾ ਨਸ਼ਾ ਹੋ ਗਿਆ ਹੈ।

ਇਹ ਵੀ ਪੜ੍ਹੋ : ਮੇਰੀਆਂ ਮਿੰਨਤਾਂ, ਮੇਰੇ ਤਰਲੇ, ਮੇਰੀ ਫਰਿਯਾਦ ਸੁਣ ਕੇ ਪੰਜ ਸਿੰਘ ਸਾਹਿਬਾਨ ਮੁਆਫ਼ ਕਰ ਦੇਣ : ਲੰਗਾਹ

ਦੂਜੇ ਪਾਸੇ ਬਠਿੰਡਾ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਿੱਧੂ ਦੀ ਭਾਸ਼ਾ ਹੀ ਠੀਕ ਨਹੀਂ ਹੈ। ਜਿਹੜੇ ਕਿਸਾਨਾਂ ਨੂੰ ਉਹ ਪਿਆਸਾ ਦੱਸ ਰਹੇ ਹਨ, ਉਨ੍ਹਾਂ ਕਿਸਾਨਾਂ ਦਾ ਪੈਦਾ ਕੀਤਾ ਅਨਾਜ ਉਹ ਖਾਂਦੇ ਹਨ। ਜੇ ਇਹੀ ਗੱਲ ਹੈ ਤਾਂ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਅਨਾਜ ਨੂੰ ਹੱਥ ਵੀ ਨਾ ਲਗਾਉਣ। ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਨੇ ਕਿਹਾ ਕਿ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਦਾ ਮਕਸਦ ਹੀ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣਾ ਹੈ ਤਾਂ ਕਿ ਪੰਜਾਬ ਦੇ ਮੁੱਦਿਆਂ ਨੂੰ ਲੋਕ ਭੁੱਲ ਜਾਣ। ਇਹ ਇਕ ਸਿਆਸੀ ਡਰਾਮਾ ਹੈ, ਜਿਸ ਤੋਂ ਬਾਅਦ ਵੀ ਕਿਸਾਨਾਂ ਨੂੰ ਕੁਝ ਨਹੀਂ ਮਿਲੇਗਾ ਪਰ ਪੰਜਾਬ ਦੇ ਲੋਕ ਹੁਣ ਸਮਝਦਾਰ ਹੋ ਗਏ ਹਨ ਜਿਹੜੇ ਆਪਣੇ ਹੱਕਾਂ ਲਈ ਕਿਸੇ ਦੀਆਂ ਗੱਲਾਂ ਵਿਚ ਹੁਣ ਨਹੀਂ ਆਉਣਗੇ। ਇਸ ਤੋਂ ਇਲਾਵਾ ਕਿਸਾਨ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਸਿੱਧੂ ਮੰਤਰੀ ਬਣ ਕੇ ਕੁਝ ਨਹੀਂ ਕਰ ਸਕੇ ਸਨ ਹੁਣ ਪ੍ਰਧਾਨ ਬਣ ਕੇ ਕੀ ਕਰਨਗੇ।

ਇਹ ਵੀ ਪੜ੍ਹੋ : 100 ਸਾਲਾ ਹਰਬੰਸ ਸਿੰਘ ਦੀ ਮਿਹਨਤ ਦੇ ਮੁਰੀਦ ਹੋਏ ਕੈਪਟਨ ਅਮਰਿੰਦਰ ਸਿੰਘ, ਆਖੀ ਵੱਡੀ ਗੱਲ

ਨੋਟ - ਕੀ ਕਿਸਾਨਾਂ ਨੂੰ ਨਵਜੋਤ ਸਿੱਧੂ ਨਾਲ ਗੱਲਬਾਤ ਕਰਨੀ ਚਾਹੀਦੀ ਹੈ? ਕੁਮੈਂਟ ਕਰਕੇ ਦੱਸੋ?


Gurminder Singh

Content Editor

Related News