ਪਟਿਆਲਾ ’ਚ ਗਰਜੇ ਨਵਜੋਤ ਸਿੱਧੂ, ਕਿਹਾ ਕਿਸਾਨਾਂ ਖ਼ਿਲਾਫ਼ ਹੋ ਰਹੀ ਵੱਡੀ ਸਾਜ਼ਿਸ਼
Sunday, Apr 04, 2021 - 06:27 PM (IST)
ਪਟਿਆਲਾ : ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇਣ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਟਿਆਲਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਦਾ ਇਕੋ-ਇਕ ਮਕਸਦ ਹੈ ਜੋ ਸਿਰਫ ਪੰਜਾਬ ਦੀ ਖੇਤੀ, ਕਿਸਾਨ ਤੇ ਰੁਜ਼ਗਾਰ ਨੂੰ ਤਬਾਹ ਕਰਨਾ ਚਾਹੁੰਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਖ਼ਿਲਾਫ਼ ਬਹੁਤ ਵੱਡਾ ਛਡਯੰਤਰ ਰਚਿਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਕਿਸਾਨ ਨੂੰ ਫ਼ਸਲ ਉਗਾਉਣ ਤੋਂ ਪਹਿਲਾਂ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਇਹ ਪੈਸੇ ਉਹ ਆੜ੍ਹਤੀਆਂ ਤੋਂ ਲੈਂਦਾ ਹੈ। ਸਿੱਧੂ ਨੇ ਕਿਹਾ ਕਿ ਜਿਹੜਾ ਸਿਸਟਮ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ, ਉਸੇ ਨੂੰ ਖ਼ਰਾਬ ਕਰਨ ਲਈ ਕੇਂਦਰ ਸਾਜ਼ਿਸ਼ਾਂ ਰੱਚ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਝੂਠਾ ਹੈ ਅਤੇ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਲਿਖੀ ਐੱਮ. ਐੱਸ. ਪੀ. ਦੀ ਆਨਲਾਈਨ ਅਦਾਇਗੀ ਬਾਰੇ ਚਿੱਠੀ ਨੂੰ ਲਾਗੂ ਕਰ ਦਿੱਤਾ ਜਾਂਦਾ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਛੋਟੀ ਕਿਸਾਨੀ ਨੂੰ ਹੋਣਾ ਸੀ। ਸਿੱਧੂ ਨੇ ਕਿਹਾ ਕਿ ਕੇਂਦਰ ਇਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਰਕਾਰ ਖ਼ਿਲਾਫ਼ ਖੜ੍ਹਾ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਭੜਕਾ ਰਹੀ ਹੈ, ਜਿਸ ਦੇ ਚੱਲਦੇ ਲਗਾਤਾਰ ਕਿਸਾਨਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ
ਸਿੱਧੂ ਨੇ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਸਮੂਹ ਕਿਸਾਨ ਇਕੱਠੇ ਹੋ ਕੇ ਇਕ ਆਰਥਿਕ ਮਾਡਲ ਬਣ ਕੇ ਦੁਨੀਆ ਦੇ ਸਾਹਮਣੇ ਆਉਣ ਅਤੇ ਕੇਂਦਰ ਸਰਕਾਰ ਨੂੰ ਕਰਾਰਾ ਜਵਾਬ ਦੇਣ। ਕੇਂਦਰ ਸਰਕਾਰ ਦੇ ਹੁਕਮ ਤਹਿਤ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਮਾਮਲੇ 'ਤੇ ਨਵਜੋਤ ਸਿੱਧੂ ਨੇ ਚੁਣੌਤੀ ਦਿੱਤੀ ਕਿ ਕੇਂਦਰ ਦੀ ਇਹ ਨੀਤੀ ਸਿਰਫ਼ ਇਕ ਸਾਜ਼ਿਸ਼ ਹੈ ਜਿਸ ਦੇ ਲਾਗੂ ਹੋਣ ਨਾਲ ਕਿਸਾਨ ਸਿਰਫ਼ ਆਪਣੀਆਂ ਅਦਾਇਗੀਆਂ ਦੀ ਉਡੀਕ ਕਰਦੇ ਨਜ਼ਰ ਆਉਣਗੇ। ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਇਕ ਦੇਸ਼ ਇਕ ਬਾਜ਼ਾਰ ਨਹੀਂ ਸਗੋਂ ਇਕ ਦੇਸ਼ ਵਿਚੋਂ ਦੋ ਬਾਜ਼ਾਰ ਖੜ੍ਹੇ ਕਰ ਕੇ ਆਰਥਿਕ ਤਾਣੇ-ਬਾਣੇ ਨੂੰ ਉਲਝਾ ਰਹੀ ਹੈ। ਜਿਸ ਦੇ ਚੱਲਦੇ ਅੰਬਾਨੀ-ਅਡਾਨੀ ਵਰਗਿਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਇਹ ਸਾਰੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ ਅਤੇ ਕਿਸਾਨਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਐਲਾਨ
ਅੱਬੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਆਰ. ਬੀ. ਆਈ. ਕੈਸ਼ ਕ੍ਰੈਡਿਟ ਲਿਮਟ ’ਤੇ ਕੇਂਦਰ ਦੇ ਇਸ਼ਾਰੇ 'ਤੇ ਹੀ ਸੂਬਿਆਂ ਨੂੰ ਤੰਗ ਕਰ ਰਹੀ ਹੈ। ਸਰਕਾਰ ਦੇ ਇਸ਼ਾਰੇ 'ਤੇ ਹੀ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਨਿਯਮ ਤੇ ਕਾਨੂੰਨ ਬਣਾਏ ਜਾ ਰਹੇ ਹਨ, ਜਿੱਥੇ ਵੱਡੇ ਘਰਾਣਿਆਂ ਤੋਂ ਕਰਜ਼ੇ ਲੈਣ ਲਈ ਸਮੇਂ ਦੀ ਮਿਆਦ ਕਈ-ਕਈ ਸਾਲ ਤਕ ਵਧਾਈ ਜਾ ਰਹੀ ਹੈ, ਉੱਥੇ ਹੀ ਕਰਜ਼ੇ ਹੇਠਾਂ ਦੱਬੇ ਗ਼ਰੀਬ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੱਤਰਕਾਰਾਂ ਵਲੋਂ ਜਦੋਂ ਸਿੱਧੂ ਨੂੰ ਪੰਜਾਬ ਸਰਕਾਰ ਵਿਚ ਵਾਪਸੀ ਸੰਬੰਧੀ ਸਵਾਲ ਪੁੱਛਿਆ ਤਾਂ ਸਿੱਧੂ ਗੋਲ-ਮੋਲ ਜਵਾਬ ਦਿੰਦੇ ਹੋਏ ਤੁਰਦੇ ਬਣੇ।
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਤੋਂ ਪਹਿਲਾਂ ਬੀਬੀਆਂ ਜ਼ਰੂਰ ਜਾਣ ਲੈਣ ਇਹ ਜ਼ਰੂਰੀ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?