ਕਾਂਗਰਸ ਨੇ ਦਲਿਤ ਭਾਈਚਾਰੇ ਨੂੰ ਧੋਖਾ ਦਿੱਤਾ : ਹਰਪਾਲਪੁਰ
Tuesday, Apr 24, 2018 - 01:29 PM (IST)

ਪਟਿਆਲਾ (ਬਲਜਿੰਦਰ)-ਪਿੰਡ ਹਰਪਾਲਪੁਰ ਵਿਖੇ ਸੰਵਿਧਾਨ ਘਾੜੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ-ਦਿਨ ਸਬੰਧੀ ਵਾਲਮੀਕਿ ਭਾਈਚਾਰੇ ਦੇ ਆਗੂ ਕੁਲਦੀਪ ਸਿੰਘ ਅਤੇ ਸਾਥੀਆਂ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਜੀ ਦੀ ਤਸਵੀਰ ’ਤੇ ਸ਼ਰਧਾ ਦੇ ਫੱੁਲ ਭੇਟ ਕਰਨ ਉਪਰੰਤ ਸੀਨੀਅਰ ਯੂਥ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਹਰਵਿੰਦਰ ਸਿੰਘ ਹਰਪਾਲਪੁਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਗਰੀਬਾਂ ਦੀ ਮੱੁਢ ਤੋਂ ਹੀ ਦੁਸ਼ਮਣ ਜਮਾਤ ਰਹੀ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨਾਲ ਹਮੇਸ਼ਾ ਧੋਖਾ ਕੀਤਾ ਹੈ। ਦਲਿਤਾਂ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਤੋਂ ਬਿਨਾਂ ਕਾਂਗਰਸ ਨੇ ਇਸ ਭਾਈਚਾਰੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਕੋਈ ਨੁਮਾਇੰਦਗੀ, ਅਹਿਮ ਅਹੁਦੇਦਾਰੀਆਂ ਜਾਂ ਜ਼ਿੰਮੇਵਾਰੀਆਂ ਦੇਣ ਸਮੇਂ ਇਸ ਭਾਈਚਾਰੇ ਨੂੰ ਦਰਕਿਨਾਰ ਕਰ ਕੇ ਰੱਜੇ-ਪੁੱਜੇ ਘਰਾਣਿਆਂ ਦੀ ਹੀ ਪੁਸ਼ਤ-ਪਨਾਹੀ ਕਰ ਕੇ ਉਨ੍ਹਾਂ ਨੂੰ ਉੱਪਰ ਚੁੱਕਣ ਵਾਲੀ ਕਾਂਗਰਸ ਪਾਰਟੀ ਪ੍ਰਤੀ ਅੱਜ ਦਲਿਤ ਭਾਈਚਾਰੇ ਦੇ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ।
ਹਰਪਾਲਪੁਰ ਨੇ ਆਖਿਆ ਕਿ ਅਕਾਲੀ ਸਰਕਾਰ ਵੱਲੋਂ ਦਲਿਤ ਅਤੇ ਲੋੜਵੰਦਾਂ ਲਈ ਸ਼ੁਰੂ ਕੀਤੀਆਂ ਰਾਹਤ ਸਕੀਮਾਂ ਨੂੰ ਠੱਪ ਕਰ ਕੇ ਕਾਂਗਰਸ ਨੇ ਸੂਬੇ ਦੀ ਗਰੀਬ ਜਨਤਾ ਖਾਸ ਕਰ ਕੇ ਦਲਿਤ ਜਨਤਾ ਨਾਲ ਧੋਖਾ ਕੀਤਾ ਹੈ। ਇਸ ਲਈ ਕੈਪਟਨ ਸਰਕਾਰ ਗਰੀਬ ਵਰਗ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਪ੍ਰਵੀਨ ਛਾਬੜਾ ਸਬਕਾ ਪ੍ਰਧਾਨ ਮਿਊਂਸੀਪਲ ਕਮੇਟੀ ਰਾਜਪੁਰਾ, ਹਰਦੇਵ ਸਿੰਘ ਕੰਡੇਵਾਲਾ ਕੌਂਸਲਰ, ਹੰਸ ਰਾਜ ਪ੍ਰਧਾਨ ਦਲਿਤ ਫਰੰਟ ਮੌਜੂਦ ਸਨ।