ਸਿੱਧੂ ’ਤੇ ਭਾਰੀ ਪਿਆ ਹਾਈਕਮਾਨ, ਪਹਿਲੀ ਸੂਚੀ ’ਚ ਹੀ ਵਿਰੋਧੀ ਕੀਤੇ ਚਾਰੋ ਖਾਨੇ ਚਿੱਤ
Sunday, Jan 16, 2022 - 10:21 PM (IST)
ਚੰਡੀਗੜ੍ਹ (ਅਸ਼ਵਨੀ ਕੁਮਾਰ) : ਕਾਂਗਰਸ ਹਾਈਕਮਾਨ ਨੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰਕੇ ਪੰਜਾਬ ਕਾਂਗਰਸ ਦੇ ਕਿਲ੍ਹੇ ਵਿਚ ਸੰਨ੍ਹ ਲੱਗਣ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਟਾਲ ਦਿੱਤਾ ਹੈ। ਹਾਈਕਮਾਨ ਨੇ ਜਿਸ ਢੰਗ ਨਾਲ ਸਥਿਤੀ ਸੰਭਾਲੀ ਹੈ, ਇਸ ਲਿਹਾਜ਼ ਨਾਲ ਪਹਿਲੀ ਸੂਚੀ ਨਾਲ ਹੀ ਵਿਰੋਧੀ ਵੀ ਚਾਰੋ ਖਾਨੇ ਚਿੱਤ ਕਰ ਦਿੱਤੇ ਹਨ। ਇਸ ਸੂਚੀ ਵਿਚ ਕਾਫ਼ੀ ਚਿਹਰੇ ਹਨ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ। ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਹਾਈਕਮਾਨ ਇਨ੍ਹਾਂ ਦੀ ਦਾਅਵੇਦਾਰੀ ’ਤੇ ਕੈਂਚੀ ਚਲਾ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ। ਕੁਝ ਚੋਣਵੇਂ ਵਿਧਾਇਕਾਂ ਨੂੰ ਛੱਡ ਕੇ ਕਾਂਗਰਸ ਨੇ ਅਮੂਮਨ ਵਿਧਾਇਕਾਂ ਦੀ ਟਿਕਟ ਪੱਕਾ ਕਰ ਦਿੱਤੀ। ਇਸ ਤੋਂ ਪਹਿਲਾਂ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾਅਵਾ ਕਰਦੇ ਰਹੇ ਹਨ ਕਿ ਇਸ ਵਾਰ ਚੋਣਾਂ ਵਿਚ ਕਈ ਵਿਧਾਇਕਾਂ ਦੀ ਟਿਕਟ ਕੱਟ ਸਕਦੀ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਤਾਂ ਬੀਤੇ ਦਿਨੀਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪਹਿਲੀ ਸੂਚੀ ਵਿਚ 15 ਤੋਂ 20 ਵਿਧਾਇਕਾਂ ਦੀਆਂ ਟਿਕਟ ਕੱਟੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ, 86 ਉਮੀਦਵਾਰਾਂ ਦਾ ਕੀਤਾ ਐਲਾਨ
ਇਸ ਤੋਂ ਉਲਟ, ਕਾਂਗਰਸ ਹਾਈਕਮਾਨ ਨੇ ਨਾ ਸਿਰਫ਼ ਜ਼ਿਆਦਾਤਰ ਮੌਜੂਦਾ ਵਿਧਾਇਕਾਂ ’ਤੇ ਵਿਸ਼ਵਾਸ ਜਤਾਇਆ ਹੈ ਸਗੋਂ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਕਰੀਬੀ ਕਹੇ ਜਾਣ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਵਿਚ ਸੰਕੋਚ ਨਹੀਂ ਕੀਤਾ। ਇਸ ਲਈ ਕਿਹਾ ਜਾ ਰਿਹਾ ਹੈ ਕਿ ਟਿਕਟ ਵੰਡਣ ਵਿਚ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਜ਼ਿਆਦਾ ਪ੍ਰਵਾਹ ਨਾ ਕਰਦੇ ਹੋਏ ਸਿਰਫ਼ ਪੰਜਾਬ ਕਾਂਗਰਸ ਦਾ ਦੁਰਗ ਬਚਾਉਣ ਨੂੰ ਤਵੱਜੋ ਦਿੱਤੀ ਹੈ।
ਰਾਜਨੀਤਕ ਮਾਹਿਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਨ ਦੀ ਕੋਸ਼ਿਸ਼ ਉੱਤਰ ਪ੍ਰਦੇਸ਼ ਵਿਚ ਭਾਜਪਾ ਵਰਗੀ ਸਥਿਤੀ ਤੋਂ ਬਚਣ ਦੀ ਹੈ। ਉੱਤਰ ਪ੍ਰਦੇਸ਼ ਵਿਚ ਇਕ ਤੋਂ ਬਾਅਦ ਇਕ ਭਾਜਪਾ ਦੇ ਕਈ ਮੰਤਰੀ ਪਾਰਟੀ ਦਾ ਪੱਲਾ ਛੱਡ ਚੁੱਕੇ ਹਨ, ਜਿਸਦੇ ਚਲਦੇ ਭਾਜਪਾ ਦਾ ਪੂਰਾ ਚੋਣਾਵੀ ਹਿਸਾਬ ਗੜਬੜਾਉਣ ਦੀ ਸਥਿਤੀ ਵਿਚ ਪਹੁੰਚ ਗਿਆ ਹੈ। ਇਸ ਦੇ ਚਲਦੇ ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਮੌਕੇ ਦੀ ਨਜ਼ਾਕਤ ਨੂੰ ਭਾਂਪਦੇ ਹੋਏ ਟਿਕਟਾਂ ਵੰਡਣ ਦੀ ਪੂਰੀ ਕਮਾਨ ਖੁਦ ਸਾਂਭੀ ਹੈ ਤਾਂ ਕਿ ਪੰਜਾਬ ਵਿਚ ਪਾਰਟੀ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੂੰ ਪਹਿਲਾ ਵੱਡਾ ਝਟਕਾ, ਵਿਧਾਇਕ ਹਰਜੋਤ ਕਮਲ ਭਾਜਪਾ ’ਚ ਸ਼ਾਮਲ
ਇਸ ਇਕ ਤੀਰ ਨਾਲ ਕਾਂਗਰਸ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਨਿਸ਼ਾਨਾ ਸਾਧਿਆ ਹੈ। ਕੈਪਟਨ ਨੇ ਨਵੀਂ ਪਾਰਟੀ ਬਣਾਉਣ ਦੇ ਨਾਲ ਦਾਅਵਾ ਕੀਤਾ ਸੀ ਕਿ ਪੰਜਾਬ ਕਾਂਗਰਸ ਦੇ ਕਈ ਨੇਤਾ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਸਲੀ ਤਸਵੀਰ ਸਾਹਮਣੇ ਆਵੇਗੀ। ਹਾਲਾਂਕਿ ਚੋਣ ਜ਼ਾਬਤੇ ਤੋਂ ਬਾਅਦ ਵੀ ਵਿਧਾਇਕਾਂ ਨੇ ਕੈਪਟਨ ਵੱਲ ਰੁਖ ਨਹੀਂ ਕੀਤਾ। ਲਿਹਾਜ਼ਾ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ’ਤੇ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟਣਗੀਆਂ, ਉਹ ਕੈਪਟਨ ਜਾਂ ਭਾਜਪਾ ਦਾ ਪੱਲਾ ਫੜ੍ਹ ਸਕਦੇ ਹਨ। ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟਣ ’ਤੇ ਅਜਿਹਾ ਹੀ ਹੋਇਆ ਅਤੇ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਪਰ ਹਰਜੋਤ ਕਮਲ ਦੀ ਐਂਟਰੀ ਕੈਪਟਨ ਅਤੇ ਭਾਜਪਾ ਦੀਆਂ ਉਨ੍ਹਾਂ ਉਮੀਦਾਂ ਮੁਤਾਬਕ ਨਹੀਂ ਹੈ, ਜਿਸਦੀ ਉਮੀਦ ਕੈਪਟਨ ਅਤੇ ਭਾਜਪਾ ਦੇ ਨੇਤਾ ਲਾਈ ਬੈਠੇ ਸਨ। ਸਾਫ਼ ਹੈ ਕਿ ਕਾਂਗਰਸ ਹਾਈਕਮਾਨ ਨੇ ਪਹਿਲੀ ਸੂਚੀ ਨਾਲ ਹੀ ਵਿਰੋਧੀਆਂ ਨੂੰ ਕਾਫ਼ੀ ਹੱਦ ਤੱਕ ਚਾਰੋ ਖਾਨੇ ਚਿੱਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਭੁਲੱਥ ’ਚ ਫਿਰ ਫਸਣਗੇ ਕੁੰਡੀਆਂ ਦੇ ਸਿੰਗ, ਮੁੜ ਆਹਮੋ-ਸਾਹਮਣੇ ਹੋਣਗੇ ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?