ਕਾਂਗਰਸ ''ਚ ਗੈਂਗਸਟਰ ਦੀ ਸ਼ਮੂਲੀਅਤ ਨਾਲ ਪਟਿਆਲਾ ਦੀ ਰਾਜਨੀਤੀ ''ਚ ਭੂਚਾਲ

04/08/2019 6:46:41 PM

ਪਟਿਆਲਾ (ਜੋਸਨ) : ਮੁੱਖ ਮੰਤਰੀ ਦੇ ਜ਼ਿਲੇ 'ਚ ਬੀਤੇ ਦਿਨੀਂ ਹੋਏ ਇਕ ਸਮਾਗਮ ਵਿਚ ਨੌਜਵਾਨਾਂ ਨੂੰ ਕਾਂਗਰਸ 'ਚ ਸ਼ਾਮਲ ਕਰਨ ਮੌਕੇ ਇਕ ਵੱਡੇ ਗੈਂਗਸਟਰ ਦੇ ਕਾਂਗਰਸ 'ਚ ਸ਼ਾਮਲ ਹੋਣ ਨਾਲ ਪਟਿਆਲਾ ਦੀ ਰਾਜਨੀਤੀ 'ਚ ਭੂਚਾਲ ਆ ਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਇਸ 'ਤੇ ਬੋਲਦਿਆਂ ਆਖਿਆ ਕਿ ਕਾਂਗਰਸ ਗੈਂਗਸਟਰਾਂ ਨੂੰ ਪਨਾਹ ਦੇ ਰਹੀ ਹੈ। ਦੂਜੇ ਪਾਸੇ ਪ੍ਰਨੀਤ ਕੌਰ ਨੇ ਅੱਜ ਇਥੇ ਆਖਿਆ ਕਿ ਕਾਂਗਰਸ 'ਚ ਗੈਂਗਸਟਰ ਦਾ ਸ਼ਾਮਲ ਹੋਣਾ ਨਾ ਹੀ ਵਿਚਾਰਨਯੋਗ ਹੈ ਅਤੇ ਨਾ ਹੀ ਨਜ਼ਰਅੰਦਾਜ਼ ਕਰਨ ਯੋਗ ਹੈ।
ਅਕਾਲੀ ਦਲ ਦੇ ਨੇਤਾ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਇਹ ਬੇਹੱਦ ਮਾੜੀ ਗੱਲ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪ੍ਰਨੀਤ ਕੌਰ ਨੂੰ ਇਨ੍ਹਾਂ ਵੀ ਪਤਾ ਨਹੀਂ ਕਿ ਉਸ ਨਾਲ ਸੀਟ 'ਤੇ ਜੁੜਿਆ ਬੈਠਾ ਵਿਅਕਤੀ ਇਕ ਵੱਡਾ ਗੈਂਗਸਟਰ ਹੈ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕਾਂਗਰਸ ਹਮੇਸ਼ਾ ਹੀ ਪੰਜਾਬ ਦਾ ਮਾਹੌਲ ਖਰਾਬ ਕਰਦੀ ਹੈ। ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਬੁਰਾਈਆਂ ਵਿਚ ਧੱਕਿਆ ਹੈ, ਗੈਂਗਸਟਰਾਂ ਨੂੰ ਪੈਦਾ ਕੀਤਾ ਹੈ ਅਤੇ ਅੱਜ ਇਹ ਗੈਂਗਸਟਰ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਇਸ ਨਾਲ ਪੰਜਾਬ ਦਾ ਮਾਹੌਲ ਵੱਡੇ ਪੱਧਰ 'ਤੇ ਖਰਾਬ ਹੋਵੇਗਾ।
ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਇਥੇ ਸਿਆਸਤ ਦੇ ਅਪਰਾਧੀਕਰਨ ਨੂੰ ਰੱਤੀ ਭਰ ਵੀ ਸਹਿਣ ਨਾ ਕਰਨ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਕ ਕਥਿਤ ਗੈਂਗਸਟਰ ਵੱਲੋਂ ਪਾਰਟੀ 'ਚ ਸ਼ਾਮਲ ਹੋਣਾ ਨਾ ਹੀ ਵਿਚਾਰਨਯੋਗ ਹੈ ਅਤੇ ਨਾ ਹੀ ਨਜ਼ਰਅੰਦਾਜ਼ ਕਰਨ ਯੋਗ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਰਣਦੀਪ ਸਿੰਘ ਨਾਂ ਦੇ ਗੈਂਗਸਟਰ ਨੂੰ ਕਿਸੇ ਵੀ ਕੀਮਤ 'ਤੇ ਕਾਂਗਰਸ ਦਾ ਮੈਂਬਰ ਬਣਿਆ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਲਤ ਤਰੀਕਿਆਂ ਰਾਹੀਂ ਸਿਆਸਤ ਵਿਚ ਆਉਣ ਵਾਲੇ ਅਪਰਾਧੀਆਂ ਨੂੰ ਪਾਰਟੀ ਵੱਲੋਂ ਰੱਤੀ ਭਰ ਵੀ ਸਹਿਣ ਨਹੀਂ ਕੀਤਾ ਜਾਵੇਗਾ। ਸਾਬਕਾ ਸਾਂਸਦ ਅਤੇ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਜਿਹੜੇ ਗੈਂਗਸਟਰ 'ਤੇ ਸਵਾਲ ਉਠਾਏ ਗਏ ਹਨ, ਉਹ ਪਟਿਆਲਾ ਵਿਖੇ ਪਿਛਲੇ ਹਫਤੇ ਹੋਏ ਇਕ ਸਮਾਗਮ ਵਿਚ ਸ਼ਾਮਲ ਹੋਇਆ ਸੀ। ਉਹ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ 1500 ਵਿਦਿਆਰਥੀਆਂ ਦੇ ਗਰੁੱਪ ਦਾ ਹਿੱਸਾ ਸੀ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਰਣਦੀਪ ਸਿੰਘ ਅਸਲ ਵਿਚ ਆਮ ਆਦਮੀ ਪਾਰਟੀ ਦਾ ਸਮੱਰਥਕ ਸੀ। ਉਸ ਨੇ ਆਪਣੇ-ਆਪ ਨੂੰ ਵਿਦਿਆਰਥੀ ਅਤੇ ਸਿਆਸੀ ਕਾਰਕੁੰਨ ਵਜੋਂ ਪੇਸ਼ ਕਰ ਕੇ ਸਿਆਸਤ ਵਿਚ ਸ਼ਾਮਲ ਹੋਣ ਦਾ ਸੌਖਾਲਾ ਰਾਹ ਲੱਭਿਆ। ਉਨ੍ਹਾਂ ਕਿਹਾ ਕਿ ਰਣਦੀਪ ਸਿੰਘ ਦੇ ਪਿਛੋਕੜ ਬਾਰੇ ਜਾਣਕਾਰੀ ਉਨ੍ਹਾਂ ਦੇ ਧਿਆਨ ਵਿਚ ਹੁਣ ਆਈ ਹੈ। ਉਸ ਨੂੰ ਪਾਰਟੀ 'ਚੋਂ ਬਾਹਰ ਕੱਢੇ ਜਾਣ ਨੂੰ ਉਹ ਖੁਦ ਯਕੀਨੀ ਬਣਾਉਣਗੇ। ਸਬੰਧਤ ਗੈਂਗਸਟਰ ਵਿਰੁੱਧ ਅਪਰਾਧਕ ਮਾਮਲੇ 'ਚ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।


Gurminder Singh

Content Editor

Related News