ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਦਾਅ, ਇਸ ਫਾਰਮੂਲੇ ਨਾਲ ਮੈਦਾਨ ’ਚ ਉਤਰਨ ਦੀ ਤਿਆਰੀ
Friday, Dec 17, 2021 - 01:55 PM (IST)
ਜਲੰਧਰ (ਧਵਨ) : ਕਾਂਗਰਸ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ’ਚ ਸਮੂਹਿਕ ਅਗਵਾਈ ਦੇ ਫਾਰਮੂਲੇ ਨੂੰ ਲੈ ਕੇ ਚੋਣ ਜੰਗ ’ਚ ਉੱਤਰਨ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਐੱਸ. ਸੀ. ਚਿਹਰਾ), ਸੁਨੀਲ ਜਾਖੜ (ਹਿੰਦੂ ਚਿਹਰਾ) ਅਤੇ ਨਵਜੋਤ ਸਿੰਘ ਸਿੱਧੂ (ਜੱਟ ਸਿੱਖ ਚਿਹਰਾ) ਨੂੰ ਲੈ ਕੇ ਕਾਂਗਰਸ ਚੋਣ ਮੈਦਾਨ ’ਚ ਜਾਵੇਗੀ, ਜਿਸ ਨਾਲ ਇਨ੍ਹਾਂ ਤਿੰਨਾਂ ਵਰਗਾਂ ’ਚ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਪਾਰਟੀ ਸਾਰੇ ਵਰਗਾਂ ਨੂੰ ਸਨਮਾਨ ਰੂਪ ਨਾਲ ਪ੍ਰਤੀਨਿਧਤਾ ਦਿੰਦੀ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਸ ਸੰਬੰਧ ’ਚ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਇਹੀ ਸੰਦੇਸ਼ ਆਇਆ ਹੈ। ਕਾਂਗਰਸ ਲੀਡਰਸ਼ਿਪ ਨੇ ਵੀ ਜਾਖੜ ਨੂੰ ਸਰਗਰਮ ਤੌਰ ’ਤੇ ਰੈਲੀਆਂ ’ਚ ਸ਼ਾਮਲ ਕਰਨ ਲਈ ਕਿਹਾ ਹੈ। ਇਸ ਨੂੰ ਵੇਖਦੇ ਹੋਏ ਹੀ ਜਾਖੜ ਕੱਲ ਜਲੰਧਰ ’ਚ ਹੋਣ ਵਾਲੀ ਰੈਲੀ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਸਿਆਸਤ ’ਚ ਜਾਣ ਦੀਆਂ ਚਰਚਾਵਾਂ ਦਰਮਿਆਨ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ
ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕੱਲ ਜਦੋਂ ਚੰਡੀਗੜ੍ਹ ’ਚ ਵੀ ਸਕ੍ਰੀਨਿੰਗ ਕਮੇਟੀ ਦੀ ਬੈਠਕ ਹੋਈ ਸੀ ਤਾਂ ਉਸ ’ਚ ਵੀ ਇਹੀ ਮਾਮਲਾ ਉਠਿਆ ਸੀ ਤਾਂ ਹਰੀਸ਼ ਚੌਧਰੀ ਨੇ ਸਪੱਸ਼ਟ ਕਰ ਦਿੱਤਾ ਕਿ ਸਮੂਹਿਕ ਅਗਵਾਈ ਦੇ ਸਿੱਧਾਂਤ ਨੂੰ ਲੈ ਕੇ ਕਾਂਗਰਸ ਅੱਗੇ ਵਧੇਗੀ। ਸੂਤਰਾਂ ਨੇ ਦੱਸਿਆ ਕਿ ਅੱਜ ਤੋਂ ਹੀ ਸੋਸ਼ਲ ਮੀਡੀਆ ’ਤੇ ਵੀ ਚੰਨੀ ਅਤੇ ਸਿੱਧੂ ਦੀਆਂ ਤਸਵੀਰਾਂ ਦੇ ਨਾਲ-ਨਾਲ ਹੁਣ ਜਾਖੜ ਦੀ ਤਸਵੀਰ ਵੀ ਲਗਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ਅਤੇ ਹੋਰ ਥਾਵਾਂ ’ਤੇ ਪ੍ਰਚਾਰ ਸਮੱਗਰੀ ’ਚ ਹੁਣ ਚੰਨੀ, ਜਾਖੜ ਅਤੇ ਸਿੱਧੂ ਤਿੰਨਾਂ ਦੀਆਂ ਤਸਵੀਰਾਂ ਲੱਗਣਗੀਆਂ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਹਰਭਜਨ ਸਿੰਘ ਨਾਲ ਮੁਲਾਕਾਤ, ਕਿਹਾ ‘ਸੰਭਾਵਨਾਵਾਂ ਨਾਲ ਭਰੀ ਤਸਵੀਰ’
ਇਸ ਨਾਲ ਇਕ ਤਾਂ ਪਾਰਟੀ ਆਪਣੀ ਏਕਤਾ ਦਾ ਸੰਦੇਸ਼ ਵਰਕਰਾਂ ਅਤੇ ਜਨਤਾ ਨੂੰ ਦੇ ਸਕੇਗੀ ਅਤੇ ਨਾਲ ਹੀ ਇਹ ਵੀ ਸੰਦੇਸ਼ ਜਾਵੇਗਾ ਕਿ ਪਾਰਟੀ ਇੱਕਜੁੱਟ ਹੈ। ਹੁਣ ਤੱਕ ਵੱਖ-ਵੱਖ ਨੇਤਾਵਾਂ ਦੇ ਟਵੀਟਸ ਕਾਰਨ ਵੱਖ-ਵੱਖ ਦਿਸ਼ਾਵਾਂ ’ਚ ਜਾਂਦੇ ਹੋਏ ਨੇਤਾ ਵਿਖਾਈ ਦੇ ਰਹੇ ਸਨ ਪਰ ਸਕ੍ਰੀਨਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਕੁਝ ਬਦਲਾਅ ਵੇਖਿਆ ਜਾ ਰਿਹਾ ਹੈ। ਇਹ ਵੀ ਫ਼ੈਸਲਾ ਹੋਇਆ ਹੈ ਕਿ ਹਫ਼ਤੇ ’ਚ 2 ਤੋਂ 3 ਵਾਰ ਤਿੰਨਾਂ ਨੇਤਾ ਆਪਸ ’ਚ ਬੈਠਿਆ ਕਰਨਗੇ, ਜਿਸ ’ਚ ਚੋਣਾਂ ਨੂੰ ਲੈ ਕੇ ਪਾਰਟੀ ਦੀ ਮੁਹਿੰਮ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਸਰਕਾਰੀ ਪੱਧਰ ’ਤੇ ਹੋਣ ਵਾਲੇ ਫੈਸਲਿਆਂ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ ਕਿ ਆਪਸ ’ਚ ਸਲਾਹ ਕਰ ਕੇ ਫ਼ੈਸਲਾ ਲਏ ਜਾਣ। ਭਵਿੱਖ ’ਚ ਹੋਣ ਵਾਲੀਆਂ ਸਰਕਾਰੀ ਨਿਯੁਕਤੀਆਂ ’ਚ ਵੀ ਇਸ ਫਾਰਮੂਲੇ ਨੂੰ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੁਲਸ ਨੇ ਚੁੱਪ ਚਪੀਤੇ ਕਈ ਅਕਾਲੀ ਆਗੂਆਂ ਖ਼ਿਲਾਫ਼ ਅਦਾਲਤਾਂ ’ਚ ਪੇਸ਼ ਕੀਤੇ ਚਲਾਨ, ਸੁਖਬੀਰ ਸਣੇ ਕਈ ਬਣੇ ਮੁਲਜ਼ਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?