ਪੰਜਾਬ ਕਾਂਗਰਸ ਦੋਆਬਾ ਦੀਆਂ 2 ਸੀਟਾਂ ਨੂੰ ਰਿਵਿਊ ਕਰਨ ’ਚ ਜੁਟੀ, ਹੋ ਸਕਦਾ ਹੈ ਬਦਲਾਅ
Wednesday, Jan 19, 2022 - 10:46 AM (IST)
ਲੁਧਿਆਣਾ (ਜਗ ਬਾਣੀ ਟੀਮ) : ਪੰਜਾਬ ’ਚ ਕਾਂਗਰਸ ਨੇ 86 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ 31 ਸੀਟਾਂ ’ਤੇ ਪਾਰਟੀ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਪਾਰਟੀ ਦੀ ਪਹਿਲੀ ਸੂਚੀ ਨਾਲ ਹੀ ਸੂਬਾ ਕਾਂਗਰਸ ’ਚ ਕੁਝ ਸੀਟਾਂ ’ਤੇ ਘਮਸਾਨ ਮਚ ਗਿਆ ਹੈ, ਜਿਸ ਨੂੰ ਵੇਖਦਿਆਂ ਪਾਰਟੀ ਹੁਣ ਕੁੱਝ ਸੀਟਾਂ ’ਤੇ ਦੁਬਾਰਾ ਵਿਚਾਰ ਕਰਨ ’ਚ ਜੁਟ ਗਈ ਹੈ। ਖਬਰ ਮਿਲੀ ਹੈ ਕਿ ਕਾਂਗਰਸੀ ਨੇਤਾ ਮਹਿੰਦਰ ਸਿੰਘ ਕੇ. ਪੀ. , ਜੋ ਸੀ. ਐੱਮ. ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੀ ਹਨ, ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ। ਹੁਣ ਕੇ. ਪੀ. ਨੂੰ ਮਨਾਉਣ ਲਈ ਕਾਂਗਰਸ ’ਚ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਲਈ ਸੀਟਾਂ ਦੀ ਤਲਾਸ਼ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਆਬੂਧਾਬੀ ਵਿਚ ਹੋਏ ਡਰੋਨ ਹਮਲੇ ’ਚ ਮਹਿਸਮਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਖਬਰ ਤਾਂ ਇਹ ਵੀ ਮਿਲੀ ਹੈ ਕਿ ਦੋਆਬਾ ਖੇਤਰ ਦੀਆਂ 2 ਸੀਟਾਂ ਸਬੰਧੀ ਕਾਂਗਰਸ ’ਚ ਫੇਰਬਦਲ ’ਤੇ ਵੀ ਵਿਚਾਰ ਚੱਲ ਰਿਹਾ ਹੈ। ਇਸ ’ਚ ਫਗਵਾੜਾ ਤੇ ਆਦਮਪੁਰ ਸੀਟਾਂ ਮੁੱਖ ਹਨ। ਕੇ. ਪੀ. ਆਦਮਪੁਰ ਸੀਟ ਤੋਂ ਚੋਣ ਲੜਨ ਦੇ ਇਛੁੱਕ ਸਨ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਸੀਟ ’ਤੇ ਆਪ ਚੰਨੀ ਵੀ ਚੋਣ ਲੜ ਸਕਦੇ ਹਨ ਪਰ ਜਦੋਂ ਸੂਚੀ ਸਾਹਮਣੇ ਆਈ ਤਾਂ ਉਸ ’ਚ ਨਾ ਚੰਨੀ ਦਾ ਨਾਂ ਸੀ ਅਤੇ ਨਾ ਹੀ ਕੇ. ਪੀ. ਦਾ। ਉਲਟਾ ਸੀਟ ਕਾਂਗਰਸ ਨੇਤਾ ਸੁਖਵਿੰਦਰ ਸਿੰਘ ਕੋਟਲੀ ਨੂੰ ਦੇ ਦਿੱਤੀ ਗਈ। ਹੁਣ ਖਬਰ ਆ ਰਹੀ ਹੈ ਕਿ ਕੇ. ਪੀ. ਨੂੰ ਜਾਂ ਤਾਂ ਆਦਮਪੁਰ ਜਾਂ ਫਿਰ ਫਗਵਾੜਾ ਸੀਟ ਤੋਂ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਫਗਵਾੜਾ ਸੀਟ ’ਤੇ ਬਲਵਿੰਦਰ ਸਿੰਘ ਧਾਲੀਵਾਲ ਕਾਂਗਰਸ ਦੇ ਵਿਧਾਇਕ ਹਨ ਤੇ ਪਾਰਟੀ ਨੇ ਉਨ੍ਹਾਂ ਨੂੰ ਹੀ ਟਿਕਟ ਦਿੱਤੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਸੁਣਦਿਆਂ ਭਗਵੰਤ ਮਾਨ ਨੇ ਕੇਰੇ ਹੰਝੂ, ਸਟੇਜ ਤੋਂ ਭਾਵੁਕ ਹੋਏ ਨੇ ਆਖੀ ਵੱਡੀ ਗੱਲ
ਧਾਲੀਵਾਲ ਦੀ ਜਗ੍ਹਾ ਕੇ. ਪੀ. ਨੂੰ ਟਿਕਟ ਦੇਣ ਦੀ ਵੀ ਚਰਚਾ ਚੱਲ ਰਹੀ ਹੈ। ਧਾਲੀਵਾਲ ਨੂੰ ਜਗਰਾਓਂ ਤੋਂ ਟਿਕਟ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਦੋਵਾਂ ਸੀਟਾਂ ਸਬੰਧੀ ਵਿਚਾਰ ਕਰਨ ਦੇ ਨਾਲ-ਨਾਲ ਕਾਂਗਰਸ ਪਾਰਟੀ ਤ੍ਰਿਲੋਚਨ ਸਿੰਘ ਤੇ ਇਕ ਹੋਰ ਸਰਕਾਰੀ ਅਧਿਕਾਰੀ, ਜੋ ਸੀ. ਐੱਮ. ਚੰਨੀ ਦੇ ਬੇਹੱਦ ਕਰੀਬ ਹਨ, ਨੂੰ ਟਿਕਟ ਦੇ ਕੇ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤ੍ਰਿਲੋਚਨ ਸਿੰਘ ਵੀ ਫਗਵਾੜਾ ਤੋਂ ਚੋਣ ਲੜਨ ਦੇ ਇਛੁੱਕ ਹਨ, ਜਦਕਿ ਚੰਨੀ ਦੇ ਕਰੀਬੀ ਸਰਕਾਰੀ ਅਧਿਕਾਰੀ ਦੀ ਬੰਗਾ ਤੋਂ ਚੋਣ ਲੜਨ ਦੀ ਯੋਜਨਾ ਹੈ। ਇਸ ਖਿੱਚੋਤਾਣ ’ਚ ਬੰਗਾ ਵਿਧਾਨਸਭਾ ਸੀਟ ’ਤੇ ਵੀ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਆਪਣੀ ਹੀ ਸਰਕਾਰ ਨੂੰ ਵਿਖਾਈਆਂ ਅੱਖਾਂ, ਦੋ ਟੁੱਕ ’ਚ ਦਿੱਤਾ ਜਵਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?