ਕਾਂਗਰਸ ਨੂੰ ''ਬਾਬਾ ਸਾਹਿਬ'' ਦੇ ਨਾਂ ਤੋਂ ਹੀ ਖੁੰਦਕ : ''ਆਪ''
Wednesday, Jul 24, 2019 - 09:50 AM (IST)

ਚੰਡੀਗੜ੍ਹ (ਰਮਨਜੀਤ)—ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰ. ਬੁੱਧਰਾਮ, ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ) ਨੇ ਕਾਂਗਰਸ 'ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਤੋਂ ਹੀ ਖੁੰਦਕ ਪਾਲਣ ਦਾ ਦੋਸ਼ ਲਾਇਆ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ 'ਆਪ' ਵਿਧਾਇਕਾਂ ਨੇ ਕਿਹਾ ਕਿ ਦੇਸ਼ ਭਰ 'ਚ ਹਜ਼ਾਰਾਂ ਦੀ ਗਿਣਤੀ 'ਚ ਨਹਿਰੂ-ਗਾਂਧੀ ਪਰਿਵਾਰ ਦੀ ਯਾਦ 'ਚ ਯਾਦਗਾਰਾਂ ਬਣਾਉਣ ਵਾਲੀ ਕਾਂਗਰਸ ਨੇ ਡਾ. ਅੰਬੇਡਕਰ ਦੇ ਮਹਾਨ ਯੋਗਦਾਨ ਨੂੰ ਹਮੇਸ਼ਾ ਘਟਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੋਹਾਲੀ ਦੇ ਵਿਕਾਸ ਭਵਨ 'ਚ ਡਾ. ਬੀ. ਆਰ. ਅੰਬੇਡਕਰ ਆਡੀਟੋਰੀਅਮ ਇਸ ਦੀ ਪ੍ਰਤੱਖ ਮਿਸਾਲ ਹੈ, ਜੋ ਤਿੰਨ ਸਾਲਾਂ ਤੋਂ ਅਧੂਰਾ ਪਿਆ ਹੈ। ਪ੍ਰਿੰ. ਬੁੱਧਰਾਮ ਨੇ ਦੱਸਿਆ ਕਿ ਨਵੰਬਰ 2016 ਨੂੰ ਮੋਹਾਲੀ ਦੇ ਸੈਕਟਰ-62 ਸਥਿਤ ਵਿਕਾਸ ਭਵਨ 'ਚ 'ਬਾਬਾ ਸਾਹਿਬ' ਦੀ ਯਾਦ ਨੂੰ ਸਮਰਪਿਤ ਆਡੀਟੋਰੀਅਮ ਦੀ ਉਸਾਰੀ ਸ਼ੁਰੂ ਹੋਈ ਸੀ। 8.50 ਕਰੋੜ ਦੀ ਰਾਸ਼ੀ ਨਾਲ ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਲਈ 5 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਹੋਈ ਪਰ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਇਸ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਰੋਕ ਦਿੱਤਾ।