ਵਿਧਾਇਕ ਪਰਗਟ ਸਿੰਘ ਦੇ ਤੇਵਰ ਤਿੱਖੇ, ਕਿਹਾ-ਕੈਪਟਨ ਦਿਵਾ ਰਹੇ ਮੈਨੂੰ ਧਮਕੀਆਂ
Monday, May 17, 2021 - 09:08 PM (IST)
ਜਲੰਧਰ/ਚੰਡੀਗੜ੍ਹ— ਜਲੰਧਰ ਤੋਂ ਕੈਂਟ ਹਲਕੇ ਦੇ ਵਿਧਾਇਕ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਇਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ’ਤੇ ਤਿੱਖੇ ਤੇਵਰ ਵਿਖਾਉਂਦੇ ਹੋਏ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਹੁਣ ਧਮਕੀਆਂ ਦਿਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਦੋ-ਤਿੰਨ ਦਿਨਾਂ ਤੋਂ ਬੇਹੱਦ ਪਰੇਸ਼ਾਨ ਰਿਹਾ ਹਾਂ। ਮੈਨੂੰ ਵੀਰਵਾਰ ਤੋਂ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਕੋਰੋਨਾ ਨੈਗੇਟਿਵ ਰਿਪੋਰਟ ਦੀ ਨਹੀਂ ਹੋ ਰਹੀ ਚੈਕਿੰਗ
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੈਨੂੰ ਵੀਰਵਾਰ ਮੁੱਖ ਮੰਤਰੀ ਦੇ ਦਫ਼ਤਰ ਤੋਂ ਕੈਪਟਨ ਸੰਦੀਪ ਸੰਧੂ ਦਾ ਫ਼ੋਨ ਆਇਆ ਸੀ, ਜਿਸ ਵਿਚ ਕਿਹਾ ਗਿਆ ਕਿ ਸੀ ਅਸੀਂ ਤੇਰਾ ਪੁਲੰਦਾ ਤਿਆਰ ਕਰ ਲਿਆ ਹੈ, ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ। ਉਨ੍ਹਾਂ ਕਿਹਾ ਕਿ ਮੈਂ ਵੀ ਇਸ ਸੁਨੇਹੇ ਦਾ ’ਪੰਜਾਬੀ’ ਵਿਚ ਜਵਾਬ ਦੇ ਦਿੱਤਾ ਕਿ ਮੇਰੇ ਵੱਲੋਂ ਵੀ ਇਹ ਜਵਾਬ ਮੁੱਖ ਮੰਤਰੀ ਨੂੰ ਦੇ ਦਿਓ। ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਵਿਜੀਲੈਂਸ ਦੇ ਡਿਫੈਕਟੋ ਡਾਇਰੈਕਟਰ ਜਨਰਲ ਹਨ, ਜਿਸ ਵੱਲੋਂ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਪਰਗਟ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਫ਼ੋਨ ਆਉਣ ਮਗਰੋਂ ਉਹ ਦੋ ਤਿੰਨ ਦਿਨ ਪਰੇਸ਼ਾਨ ਰਹੇ ਕਿ ਮੇਰੇ ਨਾਲ ਇਹ ਕੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ
ਮੰਤਰੀ ਅਤੇ ਵਿਧਾਇਕਾਂ ਨਾਲ ਕੀਤੀ ਗਈ ਮੀਟਿੰਗ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਰੋਜ਼ਾਨਾ ਹੀ ਮਿਲਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਹ ਕ੍ਰਾਈਮ ਹੈ ਤਾਂ ਮੈਂ ਮੰਨਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵਿਚੋਂ ਜੇਕਰ ਕੋਈ ਬੇਅਦਬੀ ਬਾਰੇ ਬੋਲਦਾ ਹੈ ਤਾਂ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਨਾਲ ਸਾਡੇ ’ਚ ਕੋਈ ਸੁਧਾਰ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਕਟਰੀ ਮੈਨੂੰ ਠੋਕਣ ਦੀ ਗੱਲ ਕਰ ਰਿਹਾ ਹੈ ਤਾਂ ਮੈਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਉਨ੍ਹਾਂ ਸਿੱਧੇ ਤੌਰ ’ਤੇ ਬਾਂਹ ਮਰੋੜਨ ਵਾਲੀ ਨੀਤੀ ਨੂੰ ਛੱਡਣ ਦੀ ਗੱਲ ਕੀਤੀ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ
ਪਰਗਟ ਸਿੰਘ ਨੇ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਸਾਲ 2017 ’ਚ ਜਦੋਂ ਸਰਕਾਰ ਬਣੀ ਤਾਂ ਉਮੀਦ ਸੀ ਕਿ ਬੇਅਦਬੀ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਕੁਝ ਚੰਗਾ ਕਰਨਗੇ ਪਰ ਉਹ ਤਾਂ ਖ਼ੁਦ ਹੀ ਉਲਟੇ ਰਸਤੇ ਪੈ ਗਏ ਹਨ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਦੀਆਂ ਚਰਚਾਵਾਂ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਦੇ ਕੋਲ ਸਿੱਧੂ ਖ਼ਿਲਾਫ਼ ਸਬੂਤ ਸਨ ਤਾਂ ਦੋ ਸਾਲ ਦਾ ਇੰਤਜ਼ਾਰ ਕਿਉਂ ਕੀਤਾ ਗਿਆ ਅਤੇ ਪਹਿਲਾਂ ਕਿਉਂ ਨਹੀਂ ਸਬੂਤ ਵਿਖਾਏ ਗਏ। ਉਨ੍ਹਾਂ ਸਪੱਸ਼ਟ ਕਰਦੇ ਹੋਏ ਕਿਹਾ ਕਿ ਹੁਣ ਤੱਕ ਉਨ੍ਹਾਂ ਅਤੇ ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਕੋਈ ਗਰੁੱਪ ਨਹੀਂ ਬਣਾਇਆ ਹੈ, ਸਗੋਂ ਇਕ ਟੀਮ ’ਚ ਰਹਿ ਕੇ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਕਿਸੇ ਨਾਲ ਵੀ ਕੋਈ ਧੜਾ ਨਹੀਂ ਹੈ, ਮੈਂ ਸਿਰਫ਼ ਟੀਮ ਹੀ ਬਣਾਈ ਹੈ ਪਰ ਜੇਕਰ ਇਸ ਤਰ੍ਹਾਂ ਦਾ ਸਲੂਕ ਉਸ ਵਰਗੇ ਖ਼ਿਡਾਰੀ ਨਾਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਵੀ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?