ਹਰੀਸ਼ ਰਾਵਤ ਵੱਲੋਂ ਪ੍ਰਦੇਸ਼ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ

Wednesday, Sep 01, 2021 - 07:01 PM (IST)

ਹਰੀਸ਼ ਰਾਵਤ ਵੱਲੋਂ ਪ੍ਰਦੇਸ਼ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸ ਆਗੂ ਹਰੀਸ਼ ਰਾਵਤ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਵੱਲੋਂ ਜਾਣਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਹਰੀਸ਼ ਰਾਵਤ ਨੇ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਨੂੰ ਨੀਵਾਂ ਦਿਖਾਉਂਦਿਆਂ ਆਪਣੀ ਪਾਰਟੀ ਦੇ ਆਗੂਆਂ ਨੂੰ ਪੰਜ ਪਿਆਰੇ ਆਖ ਕੇ ਚੰਗਾ ਨਹੀਂ ਕੀਤਾ। ਬੀਬੀ ਜਗੀਰ ਕੌਰ ਨੇ ਆਖਿਆ ਕਿ ਪੰਜ ਪਿਆਰੇ ਦਸਵੇਂ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਹਨ, ਜਿਨ੍ਹਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਹਰੀਸ਼ ਰਾਵਤ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੋਈ ਸਿੱਖ ਰਵਾਇਤਾਂ ਅਤੇ ਸਿਧਾਂਤਾਂ ਨੂੰ ਸੱਟ ਮਾਰੇ ਅਤੇ ਫਿਰ ਮੁਆਫ਼ੀ ਮੰਗ ਲਵੇ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ ਅਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਵੱਲੋਂ ਗੁਜਰਾਤ ਅਤੇ ਰਾਜਸਥਾਨ ਲਈ ਵਿਸ਼ੇਸ਼ ਬੱਸ ਰਾਹੀਂ 250 ਪਾਵਨ ਸਰੂਪ ਰਵਾਨਾ

ਦੱਸਣਯੋਗ ਹੈ ਕਿ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਦੇਰ ਸ਼ਾਮ ਪੰਜਾਬ ਕਾਂਗਰਸ ਭਵਨ ਵਿਚ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਬੈਠਕ ਦੌਰਾਨ ਸੰਗਠਨ ’ਤੇ ਚਰਚਾ ਹੋਈ ਕਿਉਂਕਿ ਸੰਗਠਨ ਦਾ ਢਾਂਚਾ ਬਣਨਾ ਹੈ। ਕੰਮ ਤਕਸੀਮ ਹੋਣਾ ਹੈ। ਚੋਣਾਂ ਦੀ ਦਸਤਕ ਨਜ਼ਦੀਕ ਹੈ। ਚੋਣਾਂ ਨੂੰ ਲੈ ਕੇ ਵੀ ਕੁਝ ਕਮੇਟੀਆਂ ਵੀ ਬਣਨੀਆਂ ਹਨ। ਮੇਰਾ ਫਰਜ਼ ਸੀ ਕਿ ਮੈਂ ਪ੍ਰਧਾਨ ਨਾਲ ਅਤੇ ਉਨ੍ਹਾਂ ਦੀ ਟੀਮ ਨਾਲ, ਜੋ ਸਾਡੇ ਪੰਜ ਪਿਆਰੇ ਹਨ। 5 ਲੋਕ ਹਨ, ਉਨ੍ਹਾਂ ਨਾਲ ਵਿਚਾਰ-ਚਰਚਾ ਕਰਾਂ। ਸਿੱਧੂ ਦਾ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਅਗਲੇ 15 ਦਿਨਾਂ ਵਿਚ ਪੂਰੇ ਪ੍ਰੋਸੈੱਸ ਨੂੰ ਗੀਅਰਅਪ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਦੇ ਵੱਡੇ ਬਿਆਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News