ਕੋਵਿਡ ਵੈਕਸੀਨ ਦੀ 28 ਦਿਨਾਂ ਬਾਅਦ ਦੂਜੀ ਡੋਜ਼ ਲੁਆਉਣ ਦੇ ਮਿਲ ਰਹੇ ਮੈਸੇਜ ਵਧਾ ਰਹੇ ਜਨਤਾ ਦੀਆਂ ਦਿੱਕਤਾਂ
Wednesday, Apr 28, 2021 - 01:42 AM (IST)
ਜਲੰਧਰ (ਚੋਪੜਾ)– ਕੇਂਦਰ ਸਰਕਾਰ ਨੇ ਜਿਥੇ ਇਕ ਪਾਸੇ ਕੋਵਿਡ ਵੈਕਸੀਨੇਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਹੋਈ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਸਮੇਂ ’ਤੇ ਵੈਕਸੀਨੇਸ਼ਨ ਕਰਵਾ ਲੈਣ ਅਤੇ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਲੜਾਈ ਨੂੰ ਜਿੱਤਿਆ ਜਾ ਸਕੇ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਹੁਣ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੁਆਉਣੀ ਹੈ, ਉਨ੍ਹਾਂ ਨੂੰ ਸਰਕਾਰ ਦੇ ਹੁਕਮਾਂ ਅਤੇ ਮੋਬਾਇਲ ’ਤੇ ਮਿਲ ਰਹੇ ਮੈਸੇਜਾਂ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ਹੀ ਮਾਮਲੇ ਦਾ ਸਾਹਮਣਾ ਕਰਨ ਵਾਲੇ ਸੀਨੀਅਰ ਸਿਟੀਜ਼ਨ ਬੀ. ਐੱਮ. ਕੌੜਾ (75) ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਸ਼ਾਰਦਾ (74) ਨੇ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਡੋਜ਼ 24 ਮਾਰਚ ਨੂੰ ਇਕ ਪ੍ਰਾਈਵੇਟ ਹਸਪਤਾਲ ਤੋਂ ਲੁਆਈ ਸੀ ਅਤੇ ਉਨ੍ਹਾਂ ਨੂੰ 28 ਦਿਨਾਂ ਬਾਅਦ ਵੈਕਸੀਨ ਦੀ ਦੂਜੀ ਡੋਜ਼ ਲੁਆਉਣ ਦਾ ਮੈਸੇਜ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਿਲੇ ਆਨਲਾਈਨ ਸਰਟੀਫਿਕੇਟ ’ਤੇ ਵੀ 28 ਦਿਨਾਂ ਦਾ ਜ਼ਿਕਰ ਹੈ। ਅੱਜ ਜਦੋਂ ਉਹ ਦੁਬਾਰਾ ਦੂਜੀ ਡੋਜ਼ ਲੁਆਉਣ ਹਸਪਤਾਲ ਗਏ ਪਰ ਉਥੇ ਸਟਾਫ ਨੇ ਉਨ੍ਹਾਂ ਨੂੰ 6 ਹਫਤਿਆਂ ਦਾ ਕਹਿ ਕੇ ਵਾਪਸ ਮੋੜ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਪਹਿਲੀ ਅਤੇ ਦੂਜੀ ਡੋਜ਼ ਵਿਚਕਾਰ ਅੰਤਰ ਨੂੰ 28 ਦਿਨਾਂ ਤੋਂ ਵਧਾ ਕੇ 6 ਹਫਤੇ ਕਰ ਦਿੱਤਾ ਹੈ।
ਸ਼੍ਰੀ ਕੌੜਾ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਤੇ ਲੋਕਾਂ ਨੂੰ 28 ਦਿਨਾਂ ਬਾਅਦ ਦੂਜੀ ਡੋਜ਼ ਲੁਆਉਣ ਦੇ ਮਿਲ ਰਹੇ ਮੈਸੇਜ ਕਈ ਗਲਤਫਹਿਮੀਆਂ ਪੈਦਾ ਕਰ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰ ਦੀ ਸਾਈਟ ਨੂੰ ਚੈੱਕ ਕਰੀਏ ਤਾਂ ਉਥੇ ਵੀ 28 ਦਿਨਾਂ ਬਾਅਦ ਦੂਜੀ ਡੋਜ਼ ਲੁਆਉਣ ਦਾ ਜ਼ਿਕਰ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਸਦੇ ਹੁਕਮ 6 ਹਫਤੇ ਬਾਅਦ ਦੂਜੀ ਡੋਜ਼ ਲੁਆਉਣ ਦੇ ਹਨ ਤਾਂ ਲੋਕਾਂ ਨੂੰ 28 ਦਿਨਾਂ ਬਾਅਦ ਦੂਜੀ ਵੈਕਸੀਨ ਲੁਆਉਣ ਦੇ ਮਿਲ ਰਹੇ ਗਲਤ ਮੈਸੇਜ ਅਤੇ ਜਾਣਕਾਰੀਆਂ ਨੂੰ ਸਹੀ ਕਰੇ ਤਾਂ ਕਿ ਲੋਕ ਮਹਾਮਾਰੀ ਦੌਰਾਨ ਬਿਨਾਂ ਵਜ੍ਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨ।