ਕਾਮਰੇਡਾਂ ਵੱਲੋਂ ਪੁਲਸ ਖਿਲਾਫ ਰੋਸ ਧਰਨਾ
Friday, Mar 09, 2018 - 02:42 AM (IST)
ਗੜ੍ਹਦੀਵਾਲਾ, (ਜਤਿੰਦਰ)- ਅੱਜ ਇਥੇ ਸੀ. ਪੀ. ਆਈ. ਐੱਮ. ਦੇ ਆਗੂਆਂ ਤੇ ਵਰਕਰਾਂ ਵੱਲੋਂ ਸਥਾਨਕ ਮੇਨ ਰੋਡ 'ਤੇ ਗੜ੍ਹਦੀਵਾਲਾ ਪੁਲਸ ਖਿਲਾਫ ਧਰਨਾ ਲਾ ਕੇ ਕੁਝ ਸਮੇਂ ਲਈ ਰੋਡ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਇਸ ਸਬੰਧੀ ਕਾਮਰੇਡ ਚਰਨਜੀਤ ਸਿੰਘ ਚਠਿਆਲ ਨੇ ਕਿਹਾ ਕਿ ਪਿੰਡ ਭੱਟੀਆਂ ਦੇ ਇਕ ਵਿਅਕਤੀ ਵੱਲੋਂ ਇਕ ਵਪਾਰੀ ਨੂੰ ਲੱਕੜ ਵੇਚੀ ਗਈ ਸੀ ਪਰ ਉਸ ਵਪਾਰੀ ਵੱਲੋਂ ਲੱਕੜ ਦੇ ਪੈਸੇ ਨਹੀਂ ਦਿੱਤੇ ਗਏ, ਜਿਸ ਦੀ ਸ਼ਿਕਾਇਤ ਪੁਲਸ ਥਾਣਾ ਗੜ੍ਹਦੀਵਾਲਾ ਵਿਖੇ ਦਰਜ ਕਰਵਾਈ ਗਈ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰ ਕੇ ਅੱਜ ਉਨ੍ਹਾਂ ਨੂੰ ਜਾਮ ਲਾਉਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਕਾਮਰੇਡਾਂ ਵੱਲੋਂ ਰੋਸ ਮਾਰਚ ਵੀ ਕੱਢਿਆ ਗਿਆ। ਧਰਨੇ ਵਿਚ ਕਾਮਰੇਡ ਚਰਨਜੀਤ ਸਿੰਘ ਚਠਿਆਲ ਤੋਂ ਇਲਾਵਾ ਕਾਮਰੇਡ ਸੁੱਖਾ ਸਿੰਘ ਕੌਲੀਆਂ, ਕਾਮਰੇਡ ਚਰਨ ਸਿੰਘ ਗੜ੍ਹਦੀਵਾਲਾ, ਕੁਲਦੀਪ ਕੌਰ ਨੰਗਲ ਦਾਤਾ, ਮਨਦੀਪ ਕੌਰ, ਮਨਜੀਤ ਕੌਰ, ਨਿਰਮਲ ਸਿੰਘ, ਜਸਪਾਲ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ ਭੱਟੀਆਂ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ : ਥਾਣਾ ਗੜ੍ਹਦੀਵਾਲਾ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਜਿਸ ਵਪਾਰੀ ਠੇਕੇਦਾਰ ਨੂੰ ਲੱਕੜ ਵੇਚੀ ਗਈ ਸੀ, ਉਸ ਦਾ ਕੋਈ ਅਤਾ-ਪਤਾ ਨਹੀਂ ਹੈ। ਪੁਲਸ ਵੱਲੋਂ ਤਫਤੀਸ਼ ਵੀ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।
