ਕਾਮਰੇਡਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ (ਵੀਡੀਓ)

Tuesday, Jun 20, 2017 - 06:21 AM (IST)

ਅੰਮ੍ਰਿਤਸਰ,  (ਦਲਜੀਤ)- ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਇਕਾਈ ਨੇ ਪਾਰਟੀ ਆਗੂ ਜਗਤਾਰ ਸਿੰਘ ਕਰਮਪੁਰਾ, ਬਲਵਿੰਦਰ ਸਿੰਘ ਛੇਹਰਟਾ, ਬਾਬਾ ਅਰਜਨ ਸਿੰਘ, ਮਾਸਟਰ ਹਰਭਜਨ ਸਿੰਘ, ਬੀਬੀ ਸਵਿੰਦਰ ਕੌਰ ਗੁੰਮਟਾਲਾ ਦੀ ਸਾਂਝੀ ਪ੍ਰਧਾਨਗੀ ਤਹਿਤ ਐੱਸ. ਡੀ. ਐੱਮ.-1 ਅਤੇ 2 ਦੇ ਲੰਮਾ ਸਮਾਂ ਧਰਨਾ ਮਾਰਨ ਉਪਰੰਤ ਚੋਣ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਕੈਪਟਨ ਸਰਕਾਰ ਨੂੰ ਮੰਗ ਪੱਤਰ ਦਿੱਤਾ। ਕਿਸਾਨ-ਮਜ਼ਦੂਰ ਧਰਨੇ ਤੋਂ ਪਹਿਲਾਂ ਰਿਆਲਟੋਂ ਚੌਕ ਇਕੱਠੇ ਹੋਏ ਅਤੇ ਨਾਅਰੇ ਮਾਰਦੇ ਹੋਏ ਐੱਸ. ਡੀ. ਐੱਮ. ਦਫਤਰ ਪਹੁੰਚੇ। 
ਇਕੱਠ ਨੂੰ ਸੰਬੋਧਨ ਕਰਦਿਆਂ ਆਰ. ਐੱਮ. ਪੀ. ਆਈ. ਦੇ ਜ਼ਿਲਾ ਸਕੱਤਰ ਰਤਨ ਸਿੰਘ ਰੰਧਾਵਾ, ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਰੰਗ ਦੀਆਂ ਸਰਕਾਰਾਂ ਅਨੇਕਾਂ ਝੂਠੇ ਲਾਰੇ ਲਾ ਕੇ ਰਾਜ ਸਭਾ ਵਿਚ ਆਉਂਦੀਆਂ ਹਨ। ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਦੇ ਰਾਣਾ ਗੁਰਜੀਤ ਨੇ ਰੇਤ ਦੀਆਂ ਖੱਡਾਂ ''ਤੇ ਕਬਜ਼ਾ ਕਰ ਲਿਆ ਹੈ। ਸਿੱਟੇ ਵਜੋਂ ਰੇਤ ਖੰਡ ਨਾਲੋਂ ਵੀ ਮਹਿੰਗੀ ਵਿਕ ਰਹੀ ਹੈ। ਪਾਰਟੀ ਆਗੂਆਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਜਾਂ ਤਾਂ ਚੋਣ ਵਾਅਦੇ ਫੌਰੀ ਪੂਰੇ ਕਰੇ, ਨਹੀਂ ਤਾਂ ਲੋਕ ਰੋਹ ਮੁਕਾਬਲਾ ਕਰਨ ਲਈ ਤਿਆਰ ਰਹੇ। ਦੋਹਾਂ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਦੀ ਚਰਚਾ ਕਰਦਿਆਂ ਲੋਕਾਂ ਨੂੰ ਜਾਤ-ਧਰਮ ਦੇ ਨਾਂ ''ਤੇ ਪਾੜਨ ਵਾਲੀਆਂ ਸਿਆਸੀ ਧਿਰਾਂ ਖਿਲਾਫ ਸੁਚੇਤ ਕੀਤਾ ਅਤੇ ਕਿਹਾ ਕਿ ਮੋਦੀ ਨੇ ਵੀ ਹਰ ਖਾਤੇ ਵਿਚ 15 ਲੱਖ ਰੁਪਿਆ ਪਾਉਣ ਅਤੇ ਸਵਾਮੀਨਾਥਨ ਦੀਆਂ ਤਜਵੀਜ਼ਾਂ ਖੇਤੀ ਖੇਤਰ ਵਿਚ ਲਾਗੂ ਕਰਨ ਦਾ ਨਾਅਰਾ ਲਾ ਕੇ ਗੱਦੀ ਹਥਿਆਈ ਸੀ ਪਰ ਹੁਣ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦੇ ਵਿਰੋਧ ਨੂੰ ਦਬਾਉਣ ਲਈ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਮੁਜ਼ਾਹਰਾਕਾਰੀਆਂ ਨੇ ਅਮਨਜੋਤ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਨਿਰਮਾਣ ਵਰਕਰ ਯੂਨੀਅਨ ਦੇ ਪ੍ਰਮੁੱਖ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਇਸਤਰੀ ਆਗੂ ਬੀਬੀ ਕਮਲਜੀਤ ਕੌਰ, ਜਰਮਨਜੀਤ ਸਿੰਘ ਬਾਠ, ਬੂਟਾ ਸਿੰਘ ਮੋਦੇ, ਬਾਬਾ ਅਰਜਨ ਸਿੰਘ ਅਤੇ ਲੱਖਾ ਸਿੰਘ ਪੱਟੀ ਨੇ ਸੰਬੋਧਨ ਕੀਤਾ। 
ਇਹ ਹਨ ਮੰਗਾਂ : ਮੰਗਾਂ ਵਿਚ 2500 ਰੁਪਏ ਪੈਨਸ਼ਨ ਦਾ ਵਾਅਦਾ ਲਾਗੂ ਕਰੋ, ਸਮੁੱਚੇ ਮਜ਼ਦੂਰਾਂ, ਕਿਸਾਨਾਂ ਦਾ ਕਰਜ਼ਾ ਮੁਆਫ ਕਰੋ, ਬੇਰੁਜ਼ਗਾਰਾਂ ਨੂੰ 2500 ਰੁਪਏ ਵਜ਼ੀਫਾ ਦਿਓ, ਪਿਛਲੇ 6 ਮਹੀਨਿਆਂ ਦੀ ਗਰੀਬ ਲੋਕਾਂ ਨੂੰ ਕਣਕ ਅਤੇ ਦਾਲ ਫੌਰੀ ਦਿਓ, ਤਾਰ ਤੋਂ ਪਾਰ ਬਾਰਡਰ ਕਿਸਾਨਾਂ ਨੂੰ 10,000 ਰੁਪਏ ਦਾ ਪ੍ਰਤੀ ਏਕੜ ਮੁਆਵਜ਼ਾ ਦਿਓ। 51,000 ਰੁਪਏ ਦੀ ਸ਼ਗਨ ਸਕੀਮ ਗਰੀਬ ਲੋਕਾਂ ਲਈ ਫੋਰੀ ਲਾਗੂ ਕਰੋ, ਘਰਾਂ ਦੇ ਬਿਜਲੀ ਰੇਟ ਅੱਧੇ ਕਰੋ। ਚੋਣ ਵਾਅਦੇ ਅਨੁਸਾਰ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦਿਓ।


Related News