ਪੰਜਾਬ ਦੇ ਸਰਕਾਰੀ ਸਕੂਲਾਂ ''ਚ ''ਕੰਪਿਊਟਰ ਅਧਿਆਪਕਾਂ'' ਨੂੰ ਰਾਹਤ
Wednesday, Feb 12, 2020 - 12:20 PM (IST)
ਲੁਧਿਆਣਾ (ਵਿੱਕੀ) : ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਕਲਰਕ ਤਾਇਨਾਤ ਹੋਣ ਦੇ ਬਾਵਜੂਦ ਵੀ ਕਲੈਰੀਕਲ ਕੰਮ ਦਾ ਬੋਝ ਜ਼ਿਆਦਾਤਰ ਕੰਪਿਊਟਰ ਅਧਿਆਪਕਾਂ 'ਤੇ ਹੀ ਹੈ ਪਰ ਵਿਭਾਗ ਨੇ ਇਸ ਦਾ ਸਖਤ ਨੋਟਿਸ ਲਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਇਸ ਸਬੰਧੀ ਜਾਰੀ ਪੱਤਰ 'ਚ ਸੂਬੇ ਦੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਕੰਪਿਊਟਰ ਅਧਿਆਪਕਾਂ ਤੋਂ ਕਲੈਰੀਕਲ ਕੰਮ ਨਾ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪੱਤਰ 'ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਕਈ ਸਕੂਲਾਂ 'ਚ ਕਲਰਕ ਮੌਜੂਦ ਹੋਣ ਦੇ ਬਾਵਜੂਦ ਡਾਕ ਦਾ ਸਾਰਾ ਕੰਮ ਕੰਪਿਊਟਰ ਅਧਿਆਪਕ ਜਾਂ ਕੋਈ ਹੋਰ ਅਧਿਆਪਕ ਕਰਦਾ ਹੈ, ਜਿਸ ਕਾਰਨ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਡਾਕ ਦਾ ਸਾਰਾ ਕੰਮ ਸਕੂਲ 'ਚ ਮੌਜੂਦ ਕਲਰਕ ਤੋਂ ਹੀ ਕਰਵਾਉਣ। ਜੇਕਰ ਸਕੂਲ ਕਲਰਕ ਮੌਜੂਦ ਨਹੀਂ ਹੈ ਤਾਂ ਇਹ ਸਾਰਾ ਕੰਮ ਕਿਸੇ ਨਾਨ-ਟੀਚਿੰਗ ਮੁਲਾਜ਼ਮ ਤੋਂ ਕਰਵਾਇਆ ਜਾਵੇ ਪਰ ਕਿਸੇ ਵੀ ਅਧਿਆਪਕ ਨੂੰ ਡਾਕ ਦਾ ਕੰਮ ਨਾ ਦਿੱਤਾ ਜਾਵੇ। ਇੱਥੇ ਦੱਸ ਦੇਈਏ ਕਿ ਕਈ ਸਕੂਲਾਂ 'ਚ ਕੰਪਿਊਟਰ ਅਧਿਆਪਕ ਪੜ੍ਹਾਉਣ ਦੀ ਬਜਾਏ ਸਾਰਾ ਦਿਨ ਕਲੈਰੀਕਲ ਕੰਮ 'ਚ ਹੀ ਰੁੱਝੇ ਰਹਿੰਦੇ ਹਨ।
ਸਰਕਾਰੀ ਸਕੂਲਾਂ 'ਚ ਡਾਕ ਦੇ ਨਾਲ ਸਕੂਲ ਦੇ ਹੋਰ ਸਟਾਫ ਦੇ ਸੈਲਰੀ ਬਿੱਲ ਬਣਾਉਣਾ, ਈ-ਪੰਜਾਬ ਅਪਡੇਸ਼ਨ, ਸਕਾਲਰਸ਼ਿਪ, ਰਜਿਸਟ੍ਰੇਸ਼ਨ ਕੰਟੀਨਿਊਏਸ਼ਨ ਦਾ ਕੰਮ ਵੀ ਕੰਪਿਊਟਰ ਅਧਿਆਪਕ ਹੀ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਆਪਣੇ ਵਿਸ਼ੇ ਦੀ ਪੜ੍ਹਾਈ ਪੱਛੜ ਰਹੀ ਹੈ। ਇੰਨਾ ਹੀ ਨਹੀਂ, ਕਈ ਕੰਪਿਊਟਰ ਅਧਿਆਪਕ ਤਾਂ ਅਜਿਹੇ ਹਨ, ਜੋ ਹਫਤੇ 'ਚ 3 ਸਕੂਲਾਂ 'ਚ ਜਾ ਕੇ ਪੜ੍ਹਾਉਂਦੇ ਹਨ। ਅਜਿਹੀ ਹਾਲਤ 'ਚ ਉਨ੍ਹਾਂ ਨੂੰ ਤਿੰਨਾਂ ਸਕੂਲਾਂ 'ਚ ਕਲੈਰੀਕਲ ਕੰਮ ਵੀ ਕਰਨਾ ਪੈਂਦਾ ਹੈ ਅਥੇ ਉਨ੍ਹਾਂ 'ਤੇ ਪੜ੍ਹਾਈ ਨੂੰ ਛੱਡ ਕੇ ਕਲੈਰੀਕਲ ਕੰਮ ਕਰਨ ਦਾ ਦਬਾਅ ਵੀ ਰਹਿੰਦਾ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਅਧਿਆਪਕਾਂ ਵਲੋਂ ਡਾਕ ਦਾ ਕੰਮ ਕੀਤੇ ਜਾਣ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ ਹੈ, ਜਿਸ ਕਾਰਨ ਸਕੂਲ ਮੁਖੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਡਾਕ ਦਾ ਕੰਮ ਸਿਰਫ ਨਾਨ-ਟੀਚਿੰਗ ਸਟਾਫ ਤੋਂ ਹੀ ਲਿਆ ਜਾਵੇ। ਅਧਿਆਪਕ ਸਿਰਫ ਬੱਚਿਆਂ ਦੀ ਪੜ੍ਹਾਈ 'ਤੇ ਧਿਆਨ ਦੇਵੇ ਅਥੇ ਉਨ੍ਹਾਂ ਨੂੰ ਮਿਸ਼ਨ ਸੌ ਫੀਸਦੀ ਲਈ ਪ੍ਰੇਰਿਆ ਜਾਵੇ।