ਜੀ. ਐੱਸ. ਟੀ. ਦੀ ਗੁੰਝਲਦਾਰ ਪ੍ਰਣਾਲੀ ਤੋਂ ਭੜਕੀ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ

Tuesday, Sep 12, 2017 - 11:41 AM (IST)

ਜੀ. ਐੱਸ. ਟੀ. ਦੀ ਗੁੰਝਲਦਾਰ ਪ੍ਰਣਾਲੀ ਤੋਂ ਭੜਕੀ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ

ਪਟਿਆਲਾ (ਬਲਜਿੰਦਰ) - ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਹਰ ਵਰਗ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜੀ. ਐੱਸ. ਟੀ. ਦੀ ਰਿਟਰਨ ਭਰਨ ਤੋਂ ਭੜਕੇ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਅੱਜ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਨੂੰ ਰੀਵਿਊ ਕਰ ਕੇ ਇਸ ਦੀ ਪ੍ਰਣਾਲੀ ਨੂੰ ਆਸਾਨ ਬਣਾਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਵਪਾਰੀ ਇਸ ਗੁੰਝਲਦਾਰ ਪ੍ਰਣਾਲੀ ਵਿਚ ਉਲਝ ਕੇ ਰਹਿ ਜਾਣਗੇ ਅਤੇ ਸਰਕਾਰ ਨੂੰ ਸਹੀ ਤਰੀਕੇ ਨਾਲ ਟੈਕਸ ਵੀ ਨਹੀਂ ਪਹੁੰਚ ਸਕੇਗਾ।  ਇਥੇ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਪਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਐਡ. ਕੇ. ਕੇ. ਸਿੰਗਲਾ ਤੇ ਸਮੁੱਚੇ ਅਹੁਦੇਦਾਰਾਂ ਨੇ ਦੱਸਿਆ ਕਿ ਜੀ. ਐੱਸ. ਟੀ. ਦੀਆਂ ਇੱਕ ਮਹੀਨੇ ਵਿਚ 3 ਰਿਟਰਨਾਂ ਜੋ ਕਿ ਹੁਣ 4 ਕਰ ਦਿੱਤੀਆਂ ਗਈਆਂ ਹਨ, ਨੂੰ ਭਰਨਾ ਕਾਫੀ ਮੁਸ਼ਕਲ ਹੈ।  ਐਸੋਸੀਏਸ਼ਨ ਮੰਗ ਕਰਦੀ ਹੈ ਕਿ 3 ਮਹੀਨਿਆਂ ਵਿਚ ਵੈਟ ਦੀ ਤਰ੍ਹਾਂ ਇਕ ਰਿਟਰਨ ਭਰਵਾਈ ਜਾਵੇ ਕਿਉਂਕਿ ਲਗਾਤਾਰ ਛੋਟੇ ਵਪਾਰੀ ਵੱਲੋਂ ਇੰਨੀਆਂ ਰਿਟਰਨਾਂ ਭਰਨਾ ਪ੍ਰੈਕਟੀਕਲ ਤੌਰ 'ਤੇ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵਕੀਲਾਂ ਨੂੰ ਹੀ ਜੀ. ਐੱਸ. ਟੀ. ਦੀ ਰਿਟਰਨ ਭਰਨ ਦੀ ਸਮਝ ਨਹੀਂ ਆ ਰਹੀ ਤਾਂ ਆਮ ਵਪਾਰੀ ਕਿੱਥੇ ਜਾਵੇਗਾ?
ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦੀਆਂ ਵੱਖ-ਵੱਖ ਧਾਰਾਵਾਂ ਇੰਨੀਆਂ ਜ਼ਿਆਦਾ ਗੁੰਝਲਦਾਰ ਹਨ ਕਿ ਉਨ੍ਹਾਂ ਨੂੰ ਰਿਵਾਈਜ਼ ਕਰਨ ਦੀ ਲੋੜ ਹੈ। ਐੈੱਚ. ਐੱਸ. ਐੈੱਨ. ਕੋਡ ਕੀ ਹੈ? ਇਸ ਬਾਰੇ ਅਜੇ ਤੱਕ ਕਿਸੇ ਨੂੰ ਕੁੱਝ ਪਤਾ ਨਹੀਂ ਲੱਗ ਰਿਹਾ। ਕਿਹੜੀ ਆਈਟਮ 'ਤੇ ਕਿਹੜਾ ਕੋਡ ਲੱਗੇਗਾ? ਇਹ ਬਹੁਤ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਕਈ ਵਪਾਰ ਅਜਿਹੇ ਹਨ, ਜਿੱਥੇ ਸਟਾਕ ਦੀ ਡਿਟੇਲ ਦੇਣੀ ਸੰਭਵ ਨਹੀਂ ਹੈ। ਜਿਵੇਂ ਕਿ ਕਰਿਆਨਾ ਸਟੋਰ, ਸਪੇਅਰ ਪਾਰਟਸ ਸਟੋਰ, ਕਿੰਨੀ ਵਿਕ ਚੁੱਕੀ ਹੈ, ਆਦਿ ਬਾਰੇ ਡਿਟੇਲ ਨਹੀਂ ਦਿੱਤੀ ਜਾ ਸਕਦੀ।  ਟੈਕਸ ਬਾਰ ਵਕੀਲਾਂ ਦਾ ਕਹਿਣਾ ਸੀ ਕਿ ਉਹ ਖੁਦ ਹੈਲਪਲੈੱਸ ਹੋ ਚੁੱਕੇ ਹਨ।
ਜੇਕਰ ਇਹੀ ਹਾਲ ਰਿਹਾ ਤਾਂ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਵਪਾਰੀ ਲਈ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਤਾਂ ਸਾਈਟ ਚੱਲਦੀ ਹੀ ਨਹੀਂ। ਜਦੋਂ ਚੱਲਦੀ ਹੈ ਤਾਂ ਇੰਨੀ ਬਿਜ਼ੀ ਹੋ ਜਾਂਦੀ ਹੈ ਕਿ ਰਿਟਰਨਾਂ ਭਰੀਆਂ ਨਹੀਂ ਜਾ ਸਕਦੀਆਂ। ਇਸ ਤੋਂ ਇਲਾਵਾ ਆਨਲਾਈਨ ਰਿਟਰਨ ਫਾਈਲ ਵਿਚ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਇਕ ਰਿਟਰਨ ਨੂੰ ਹੀ ਆਮ ਦਿਨਾਂ ਵਿਚ 3 ਤੋਂ 4 ਘੰਟੇ ਲੱਗ ਜਾਂਦੇ ਹਨ। ਅਜਿਹੇ ਵਿਚ ਜਿੱਥੇ ਵਕੀਲਾਂ ਨੂੰ ਆਪਣੇ ਚਾਰਜਿਜ਼ ਵਧਾਉਣਗੇ ਪੈਣਗੇ, ਉਥੇ ਵਪਾਰੀਆਂ 'ਤੇ ਹੋਰ ਬੋਝ ਵਧੇਗਾ।  ਵਕੀਲ ਆਗੂਆਂ ਦਾ ਕਹਿਣਾ ਸੀ ਕਿ ਜੀ. ਐੱਸ. ਟੀ. ਅਜਿਹੀ ਗੁੰਝਲਦਾਰ ਬਣਾ ਦਿੱਤੀ ਗਈ ਹੈ ਕਿ ਲੋਕ ਟੈਕਸ ਦੇਣ ਤੋਂ ਨਹੀਂ, ਰਿਟਰਨਾਂ ਦੀ ਗੁੰਝਲਦਾਰ ਪ੍ਰਣਾਲੀ ਤੋਂ ਭੱਜ ਰਹੇ ਹਨ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਕਿ ਇਸ 'ਤੇ ਜਲਦੀ ਤੋਂ ਜਲਦੀ ਨੋਟਿਸ ਲੈ ਕੇ ਇਸ ਪ੍ਰਣਾਲੀ ਨੂੰ ਆਸਾਨ ਬਣਾਇਆ ਜਾਵੇ। ਇਕ ਮਹੀਨੇ ਵਿਚ 4 ਰਿਟਰਨਾਂ ਦੀ ਬਜਾਏ 3 ਮਹੀਨਿਆਂ ਵਿਚ ਇਕ ਰਿਟਰਨ ਭਰਵਾਈ ਜਾਵੇ ਅਤੇ ਉਸ ਦੀ ਵਿਧੀ ਨੂੰ ਆਸਾਨ ਬਣਾਇਆ ਜਾਵੇ। ਇਸ ਮੌਕੇ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।


Related News