ਸੰਗਰੂਰ : ਸਮੂਹ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਵਲੋਂ ਕਣਕ ਦੀ ਖਰੀਦ ਦਾ ਕੀਤਾ ਮੁਕੰਮਲ ਬਾਈਕਾਟ

Wednesday, Apr 13, 2022 - 03:25 PM (IST)

ਸੰਗਰੂਰ : ਸਮੂਹ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਵਲੋਂ ਕਣਕ ਦੀ ਖਰੀਦ ਦਾ ਕੀਤਾ ਮੁਕੰਮਲ ਬਾਈਕਾਟ

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਖਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਸੰਗਰੂਰ ਵੱਲੋਂ ਪ੍ਰਧਾਨ ਪੰਕਜ ਗਰਗ ਇੰਸਪੈਕਟਰ ਪਨਗ੍ਰੇਨ, ਪ੍ਰਧਾਨ ਰਜਿੰਦਰ ਸੱਗੂ ਪਨਸਪ, ਪ੍ਰਧਾਨ ਬਲਜਿੰਦਰ ਸਿੰਘ ਮਾਰਕਫੈਡ, ਪ੍ਰਧਾਨ ਮੁਕਲ ਮੰਨੂ ਵੇਅਰਹਾਊਸ ਦੀ ਅਗਵਾਈ ਹੇਠ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਖੁਰਾਕ ਅਤੇ ਸਪਲਾਈਜ ਵਿਭਾਗ ਇੰਸਪੈਕਟੋਰੇਟ ਸਟਾਫ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਂਸਲ ਨੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਕਣਕ ਦੀ ਖਰੀਦ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਐੱਫ.ਸੀ.ਆਈ. ਵੱਲੋਂ ਮਿਤੀ 30-09-2022 ਤੱਕ ਮੰਡੀਆਂ ਵਿੱਚੋਂ ਡਾਇਰੈਕਟ ਡਲਿਵਰੀ ਦੇਣ ਸੰਬੰਧੀ ਤਾਲਮੇਲ ਕਮੇਟੀ ਪੰਜਾਬ ਵੱਲੋਂ 8 ਅਪ੍ਰੈਲ ਨੂੰ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਐੱਫ.ਸੀ.ਆਈ. ਵੱਲੋਂ 14-04-2022 ਤੱਕ ਇਸ ਪਾਲਿਸੀ ਵਿੱਚ ਸੋਧ ਨਹੀਂ ਕੀਤੀ ਜਾਂਦੀ ਤਾਂ ਖਰੀਦ ਏਜੰਸੀਆਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਪਰ ਕੇਂਦਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਖਰੀਦ ਏਜੰਸੀਆਂ ਦੇ ਆਗੂਆਂ ਸ਼੍ਰੀ ਪੰਕਜ ਗਰਗ ਅਤੇ ਰਾਜਿੰਦਰ ਸੱਗੂ ਨੇ ਦੱਸਿਆ ਕਿ ਜਿਹੜੀ ਕਣਕ ਮੰਡੀਆਂ ਵਿੱਚ ਆ ਰਹੀ ਹੈ ਉਹ ਕੇਂਦਰ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਖਰੀਦੀ ਨਹੀਂ ਜਾ ਸਕਦੀ। ਜਿਸਦੀ ਪੁਸ਼ਟੀ ਐੱਫ.ਸੀ.ਆਈ. ਵੱਲੋਂ ਕਣਕ ਦੇ ਸੈਂਪਲਾਂ ਦੇ ਨਿਰੀਖਣ ਤੋਂ ਕੀਤੀ ਜਾ ਸਕਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸਾਲ 2022-23 ਦੌਰਾਨ ਹੁਣ ਤੱਕ ਏਜੰਸੀਆਂ ਵੱਲੋਂ ਖਰੀਦੀ ਕਣਕ ਐੱਫ.ਸੀ.ਆਈ. ਵੱਲੋਂ ਡਾਇਰੇਕਟ ਡਲਿਵਰੀ ਲੈਣ ਸਮੇਂ ਰਿਜੈਕਟ ਕੀਤੀ ਜਾ ਰਹੀ ਹੈ। ਜਿਸ ਦਾ ਖਮਿਆਜਾ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਭੁਗਤਣਾ ਪਵੇਗਾ। ਬਲਜਿੰਦਰ ਸਿੰਘ ਅਤੇ ਮੁਕਲ ਮੰਨੂੰ, ਸੰਦੀਪ ਸਿੰਘ ਸੋਨੀ, ਕੁਲਦੀਪ ਸਿੰਘ, ਪੁਸ਼ਪਿੰਦਰ ਸਿੰਘ ਅਤੇ ਖਰੀਦ ਏਜੰਸੀਆਂ ਦੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਣਕ ਦੇ ਨਿਰਧਾਰਤ ਮਾਪਦੰਡਾਂ ਵਿੱਚ ਲੋੜ ਅਨੁਸਾਰ ਛੋਟ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਖਰੀਦ ਏਜੰਸੀਆਂ ਦੇ ਮੁਲਾਜ਼ਮ ਖਰੀਦ ਕਰਨ ਵਿੱਚ ਅਸਮਰੱਥ ਹੋਣਗੇ।

ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਇਸ ਲਈ ਪੰਜਾਬ ਦੀਆਂ ਸਮੂਹ ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਜਾਂਦਾ ਹੈ। ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਰੋਸ ਰੈਲੀ ਉਪਰੰਤ ਖਰੀਦ ਏਜੰਸੀਆਂ ਦੇ ਆਗੂਆਂ ਵੱਲੋਂ ਇੱਕ ਮੰਗ ਪੱਤਰ ਸ਼੍ਰੀ ਜਤਿੰਦਰ ਜੋਰਵਾਲ ਆਈ.ਏ.ਐੱਸ. ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ ਗਿਆ। ਆਗੂਆਂ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਹੁਕਮ ਜਾਰੀ ਹੋਇਆ ਹੈ ਕਿ ਸਾਲ 2022-23 ਦੌਰਾਨ ਖਰੀਦ ਹੋਈ ਕਣਕ ਨੂੰ ਸਿਰਫ਼ ਕਵਰਡ ਸਮਰੱਥਾ ਵਾਲੇ ਗੁਦਾਮਾਂ ਵਿੱਚ ਭੰਡਾਰ ਕੀਤਾ ਜਾਵੇ। ਬਾਕੀ ਕਣਕ ਨੂੰ ਸੰਬੰਧਤ ਮੰਡੀਆਂ ਵਿੱਚ ਭੰਡਾਰ ਕੀਤਾ ਜਾਵੇ। ਕਣਕ ਨੂੰ ਮੰਡੀਆਂ ਵਿੱਚ ਭੰਡਾਰ ਕਰਨ ਦੇ ਹੁਕਮਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਮੰਡੀਆਂ ਵਿੱਚ ਕਣਕ ਨੂੰ ਭੰਡਾਰ ਕੀਤੇ ਜਾਣ ਨਾਲ ਜਿੱਥੇ ਕਣਕ ਦੀ ਕੁਆਲਟੀ ਅਤੇ ਬਾਰਦਾਨੇ ਦੀ ਕੁਆਲਟੀ ਪ੍ਰਭਾਵਿਤ ਹੋਵੇਗੀ ਉਥੇ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈਣਗੀਆਂ। 

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਪੰਜਾਬ ਸਰਕਾਰ ਦੇ ਖਰੀਦ ਅਦਾਰਿਆਂ ਦਾ ਵਿੱਤੀ ਨੁਕਸਾਨ ਹੋਵੇਗਾ ਅਤੇ ਇਸ ਤੋਂ ਇਲਾਵਾ ਮੁਲਾਜਮਾਂ ਵਿੱਚ ਵੀ ਡਰ ਅਤੇ ਸਹਿਮ ਦਾ ਮਹੌਲ ਪੈਦਾ ਹੋ ਗਿਆ ਹੈ ਕਿ ਇਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪਵੇਗਾ। ਇਸ ਮੌਕੇ ’ਤੇ ਪਦਮ ਮਿੱਤਲ, ਸੁਮਿਤ ਮਿੱਤਲ, ਆਸ਼ੂ ਸਿੰਗਲਾ, ਦਵਿੰਦਰ ਸਿੰਘ, ਇੰਦਰਜੀਤ ਸਿੰਘ ਚੇਅਰਮੈਨ ਪਨਗ੍ਰਨ, ਤਰੁਣ ਸਿੰਗਲਾ, ਕੁਲਦੀਪ ਸਿੰਘ ਮਾਰਕਫੈਡ, ਪਰਮਜੀਤ ਸਿੰਘ ਮਿੱਤਲ ਵੇਅਰ ਹਾਊਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਰੀਦ ਏਜੰਸੀਆਂ ਦੇ ਮੁਲਾਜ਼ਮ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News