ਹੋਲੇ-ਮੁਹੱਲੇ ਦੌਰਾਨ ਟ੍ਰੈਕਟਰਾਂ ਤੇ ਟਰੱਕਾਂ 'ਤੇ ਸਪੀਕਰਾਂ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ
Sunday, Mar 09, 2025 - 07:26 PM (IST)

ਗੁਰਦਾਸਪੁਰ (ਹਰਮਨ) : 10 ਮਾਰਚ ਤੋ 15 ਮਾਰਚ, 2025 ਤੱਕ ਸ਼੍ਰੀ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ ਜਿਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਸ਼ਰਧਾਲੂਆਂ ਨੂੰ ਬਚਾਉਣ ਲਈ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ ਲਗਾਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬੇ ਦੇ ਸਮੂਹ ਜ਼ਿਲਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਆਪਣੇ-ਆਪਣੇ ਜਿਲ੍ਹਿਆਂ/ਯੂਨਿਟਾਂ ਅਧੀਨ ਪੈਂਦੇ ਪੁਲਿਸ ਸਟੇਸ਼ਨਾਂ ਦੇ ਮੁੱਖ ਅਫਸਰਾਂ ਅਤੇ ਇੰਚਾਰਜ ਟਰੈਫਿਕਾਂ ਰਾਂਹੀ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਤੇ ਪੰਚਾਇਤਾਂ ਨੂੰ ਹਦਾਇਤ ਕੀਤਾ ਜਾਵੇ ਕਿ ਕੋਈ ਵੀ ਡਬਲ ਡੈਕਰ ਟਰੱਕ/ਵੀਹਕਲ, ਟ੍ਰੈਕਟਰ ਟਰਾਲੀਆਂ ਉੱਤੇ ਲੱਗੇ ਵੱਡੇ ਸਪੀਕਰ, ਮੋਟਰਸਾਇਕਲਾਂ ਉੱਤੇ ਪ੍ਰੈਸ਼ਰ ਹਾਰਨ ਅਤੇ ਬਿਨ੍ਹਾਂ ਸਲੰਸਰ ਮੋਟਰਸਾਇਕਲ ਚਾਲਕਾਂ ਆਦਿ ਨੂੰ ਹੋਲੇ-ਮੁਹੱਲੇ ਦੌਰਾਨ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਆਉਣ ਤੋ ਰੋਕਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ‘ਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਮੌਕੇ ਉਤੇ ਹੀ ਵਾਹਨਾਂ ਤੋਂ ਅਵਾਜ ਪ੍ਰਦੂਸ਼ਣ ਕਰਨ ਵਾਲੇ ਸਪੀਕਰਾਂ ਨੂੰ ਉਤਾਰ ਕੇ ਅੱਗੇ ਭੇਜਿਆ ਜਾਵੇ।
ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਹੋਲੇ-ਮੁਹੱਲੇ ਮੇਲੇ ਦੌਰਾਨ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀਂ ਸੰਗਤ ਨੂੰ ਸਪੀਕਰਾਂ ਦੀ ਅਵਾਜ ਤੋਂ ਆਉਣ ਵਾਲੀ ਪਰੇਸ਼ਾਨੀ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਮੇਲੇ ਦੌਰਾਨ ਕਿਸੇ ਵੀ ਸਪੀਕਰ ਵਾਲੇ ਡਬਲ ਡੈਕਰ ਟਰੱਕ/ਵਹੀਕਲ ਰੂਪਨਗਰ ਜ਼ਿਲ੍ਹੇ ਅੰਦਰ ਦਾਖਲ ਨਹੀ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਲ 2023 ਵਿਚ ਹੋਲਾ-ਮਹੱਲਾ ਦੌਰਾਨ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦਾ ਕਾਰਨ ਕੇਵਲ ਟਰੈਕਟਰ ਲਾਊਡ ਸਪੀਕਰ ਸੀ, ਜਿਸ ਲਈ ਉਨ੍ਹਾਂ ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸੇ ਵੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8