MLA ਅੰਗੁਰਾਲ ਦੇ ਭਰਾ ਰਾਜਨ ਵੱਲੋਂ ਡਾਕਟਰ ਬੀਬੀ ਨੂੰ ਧਮਕੀ ਦਾ ਮਾਮਲਾ ਗਰਮਾਇਆ, ਡਾਕਟਰਾਂ ਨੇ ਦਿੱਤੀ ਚਿਤਾਵਨੀ
Friday, Sep 23, 2022 - 11:26 AM (IST)
ਜਲੰਧਰ (ਵਰੁਣ)– 21 ਸਤੰਬਰ ਨੂੰ ਦੇਰ ਰਾਤ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਹਰਵੀਨ ਕੌਰ ਨੂੰ ਆਪਣੀ ਮਰਜ਼ੀ ਅਨੁਸਾਰ ਐੱਮ. ਐੱਲ. ਆਰ. ਕੱਟਣ, ਸਸਪੈਂਡ ਕਰਨ ਦੀ ਧਮਕੀ ਦੇਣ, ਸਟਾਫ਼ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ, ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਭੰਨ-ਤੋੜ ਕਰਨ ਦੇ ਦੋਸ਼ਾਂ ਦੀ ਨਾਈਟ ਸਟਾਫ਼ ਵੱਲੋਂ ਮੈਡੀਕਲ ਸੁਪਰਡੈਂਟ ਨੂੰ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਦੀ ਸ਼ਿਕਾਇਤ ਦਿੱਤੀ ਗਈ ਹੈ।
ਇਸ ਮਾਮਲੇ ਨੂੰ ਲੈ ਕੇ ਮੈਡੀਕਲ ਸਟਾਫ਼ ਵਿਚ ਰੋਸ ਹੈ ਅਤੇ ਸਟਾਫ਼ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਬਾਅਦ ਉਹ ਹੜਤਾਲ ’ਤੇ ਚਲੇ ਜਾਣਗੇ। ਮੈਡੀਕਲ ਸੁਪਰਡੈਂਟ ਨੇ ਆਪਣੇ ਲੈਟਰ ਪੈਡ ’ਤੇ ਇਕ ਹੋਰ ਸ਼ਿਕਾਇਤ ਲਿਖ ਕੇ ਸਟਾਫ਼ ਵੱਲੋਂ ਦਰਜ ਸ਼ਿਕਾਇਤ ਨਾਲ ਅਟੈਚ ਕਰਕੇ ਥਾਣਾ ਨੰਬਰ 4 ਦੀ ਪੁਲਸ ਨੂੰ ਸੌਂਪ ਦਿੱਤੀ ਹੈ। ਸ਼ਿਕਾਇਤ ਵਿਚ ਡਾ. ਹਰਵੀਨ ਕੌਰ ਨੇ ਕਿਹਾ ਕਿ ਦੇਰ ਰਾਤ 11.50 ਵਜੇ ਰਾਜਨ ਅੰਗੁਰਾਲ ਆਪਣੇ ਸਾਥੀਆਂ ਸਮੇਤ ਆਏ ਅਤੇ ਰਾਹੁਲ ਨਾਂ ਦੇ ਮਰੀਜ਼ ਦੀ ਆਪਣੀ ਮਰਜ਼ੀ ਨਾਲ ਐੱਮ. ਐੱਲ. ਆਰ. ਕੱਟਣ ਦਾ ਦਬਾਅ ਬਣਾਉਣਾ ਚਾਹਿਆ। ਉਨ੍ਹਾਂ ਕਿਹਾ ਕਿ ਰਾਜਨ ਨੇ ਉਨ੍ਹਾਂ ਨੂੰ ਧਮਕਾਇਆ ਕਿ ਇਸ ਸਮੇਂ ਉਨ੍ਹਾਂ ਦੀ ਸਰਕਾਰ ਹੈ ਤੇ ਜੇਕਰ ਉਨ੍ਹਾਂ ਦੇ ਕਹਿਣ ਅਨੁਸਾਰ ਐੱਮ. ਐੱਲ. ਆਰ. ਨਾ ਕੱਟੀ ਤਾਂ ਉਹ ਉਸਨੂੰ ਸਸਪੈਂਡ ਕਰਵਾ ਦੇਣਗੇ।
ਇਹ ਵੀ ਪੜ੍ਹੋ: ਜਲੰਧਰ: MLA ਰਮਨ ਅਰੋੜਾ ਨਾਲ ਹੋਏ ਸਮਝੌਤੇ ਮਗਰੋਂ DCP ਡੋਗਰਾ ਦਾ ਤਬਾਦਲਾ, ਜਾਣੋ ਪੂਰੇ ਦਿਨ ਦਾ ਘਟਨਾਕ੍ਰਮ
ਦੋਸ਼ ਹੈ ਕਿ ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਰਾਜਨ ਨੇ 100-200 ਨੌਜਵਾਨਾਂ ਨੂੰ ਐਮਰਜੈਂਸੀ ਵਾਰਡ ਵਿਚ ਬੁਲਾ ਲਿਆ, ਜਿਨ੍ਹਾਂ ਨੇ ਸਟਾਫ ਨਾਲ ਬੁਰਾ ਸਲੂਕ ਕੀਤਾ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ। ਉਕਤ ਲੋਕਾਂ ਨੇ ਸਿਵਲ ਹਸਪਤਾਲ ਵਿਚ ਜੰਮ ਕੇ ਭੰਨ-ਤੋੜ ਵੀ ਕੀਤੀ। ਫਿਲਹਾਲ ਪੁਲਸ ਇਸ ਸ਼ਿਕਾਇਤ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ
